ਹਰ ਰੋਜ਼ ਬਾਅਦ ਦੁਪਹਿਰ ਚਿੱਟੀਆਂ ਵਰਦੀਆਂ ਅਤੇ ਪੀਲੀਆਂ, ਨੀਲੀਆਂ ਤੇ ਚਿੱਟੇ ਰੰਗ ਦੀਆਂ ਬੈਲਟਾਂ ਵਿਚ ਸਜੀਆਂ ਦਰਜਨਾਂ ਕੁੜੀਆਂ ਬੇਘਰ ਬੱਚਿਆਂ ਲਈ ਖੋਲ੍ਹੇ ਗਏ ਸਕੂਲ ਦੀ ਗਰਾਊਂਡ ਵਿਚ ਲਾਈਨਾਂ ਵਿਚ ਖੜ੍ਹੀਆਂ ਹੁੰਦੀਆਂ ਹਨ। ਹਵਾ 'ਚ ਮੁੱਕੇ ਲਹਿਰਾਉਂਦਿਆਂ ਜਾਪਾਨੀ ਭਾਸ਼ਾ ਵਿਚ ਚਿੱਲਾਉਣ ਦਾ ਆਪਣਾ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਹੁਤ ਉਤਸ਼ਾਹ ਨਾਲ ਉੱਚੀਆਂ ਛਾਲਾਂ ਅਤੇ 'ਕਿੱਕਾਂ' ਮਾਰਦੀਆਂ ਹਨ। ਇਨ੍ਹਾਂ 'ਚੋਂ ਬਹੁਤੀਆਂ ਕੁੜੀਆਂ ਇਸ ਕਲਾਸ ਵਿਚ ਸਿਰਫ ਇਸ ਲਈ ਹਿੱਸਾ ਲੈ ਰਹੀਆਂ ਹਨ ਤਾਂ ਕਿ ਉਹ ਆਪਣੇ ਹੀ ਦੇਸ਼ ਦੇ ਫੌਜੀਆਂ (ਸੈਨਿਕਾਂ) ਤੋਂ ਆਪਣਾ ਬਚਾਅ ਕਰਨਾ ਚਾਹੁੰਦੀਆਂ ਹਨ।
ਇਨ੍ਹਾਂ 'ਚੋਂ ਬਹੁਤੀਆਂ ਕੁੜੀਆਂ ਦੀ ਉਮਰ 13 ਤੋਂ 16 ਸਾਲ ਹੈ, ਜੋ ਆਪਣੇ ਘਰ ਅਤੇ ਕਈ ਮਾਮਲਿਆਂ ਵਿਚ ਆਪਣੇ ਪਰਿਵਾਰ ਮਿਆਂਮਾਰ ਦੇ ਕਾਚਿਨ ਪ੍ਰਾਂਤ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਖਾਨਾਜੰਗੀ ਵਿਚ ਗੁਆ ਚੁੱਕੀਆਂ ਹਨ। ਇਸ ਖਾਨਾਜੰਗੀ ਦੌਰਾਨ ਮਿਆਂਮਾਰ ਦੇ ਫੌਜੀਆਂ 'ਤੇ ਵਾਰ-ਵਾਰ ਇਹ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਕੁੜੀਆਂ ਤੇ ਔਰਤਾਂ ਨਾਲ ਬਲਾਤਕਾਰ ਕੀਤੇ ਪਰ ਕਦੇ-ਕਦਾਈਂ ਹੀ ਕਿਸੇ ਫੌਜੀ ਨੂੰ ਇਸ ਦੋਸ਼ ਲਈ ਸਜ਼ਾ ਦਿੱਤੀ ਗਈ ਹੈ।
ਕਰਾਟੇ ਦੀ ਇਹ ਕਲਾਸ ਬਲਾਤਕਾਰੀਆਂ ਦਾ ਸੰਭਵ ਸ਼ਿਕਾਰ ਬਣਨ ਵਾਲੀਆਂ ਕੁੜੀਆਂ ਨੂੰ ਸਵੈ-ਰੱਖਿਆ ਦਾ ਕੁਝ ਅਹਿਸਾਸ ਜ਼ਰੂਰ ਕਰਵਾਉਂਦੀ ਹੈ। ਉਨ੍ਹਾਂ ਦੇ ਕੋਚ ਹਕੂਨ ਨਾਅ ਨੇ ਕਿਹਾ, ''ਇਨ੍ਹਾਂ ਸਾਰੀਆਂ ਕੁੜੀਆਂ ਨੂੰ ਅਸੀਂ ਇਹ ਸਿੱਖਿਆ ਦਿੰਦੇ ਹਾਂ ਕਿ ਜੇ ਉਨ੍ਹਾਂ ਨੂੰ ਕੋਈ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਮੁਕਾਬਲਾ ਕਿਵੇਂ ਕਰਨਾ ਹੈ। ਮੂਲ ਤੌਰ 'ਤੇ ਅਸੀਂ ਇਨ੍ਹਾਂ ਨੂੰ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਸਿੱਖਿਆ ਦਿੰਦੇ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿਚ ਬੇਘਰ ਹੋਏ ਬੱਚਿਆਂ, ਖਾਸ ਕਰਕੇ ਬੱਚੀਆਂ ਨੂੰ ਕੋਈ ਅਜਿਹਾ ਕੰਮ ਸਿਖਾਇਆ ਜਾਵੇ, ਜਿਸ ਨਾਲ ਉਹ ਖੁਸ਼ੀ ਵੀ ਮਹਿਸੂਸ ਕਰਨ ਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵੀ ਜਾਗੇ।''
ਉੱਤਰੀ ਮਿਆਂਮਾਰ ਦੇ ਕਾਚਿਨ ਪ੍ਰਾਂਤ ਵਿਚ ਬਾਗੀਆਂ ਤੇ ਮਿਆਂਮਾਰ ਦੀ ਸਰਕਾਰੀ ਫੌਜ ਦਰਮਿਆਨ ਚੱਲ ਰਹੀ ਖਾਨਾਜੰਗੀ ਦਰਮਿਆਨ ਇਕ ਲੱਖ ਤੋਂ ਵੀ ਜ਼ਿਆਦਾ ਕਾਚਿਨ ਲੋਕ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਹੋਏ ਹਨ। ਪਿਛਲੇ 17 ਸਾਲਾਂ ਤੋਂ ਚੱਲਦੀ ਆ ਰਹੀ ਗੋਲੀਬੰਦੀ 2011 ਵਿਚ ਖਤਮ ਹੋ ਗਈ ਸੀ। ਬੇਘਰ ਕਾਚਿਨ ਲੋਕ ਕੈਂਪਾਂ ਵਿਚ ਰਹਿ ਰਹੇ ਹਨ। ਹਕਾਨ ਰਾ (16 ਸਾਲਾ) ਇਨ੍ਹਾਂ ਲੋਕਾਂ 'ਚੋਂ ਇਕ ਹੈ, ਜੋ 5 ਸਾਲ ਪਹਿਲਾਂ ਸਕੂਲ ਵਿਚ ਪੜ੍ਹਨ ਗਈ ਹੋਈ ਸੀ, ਜਦੋਂ ਉਸ ਦਾ ਪਿੰਡ ਮਾਨ ਦੁੰਗ ਜੰਗ ਦੀ ਲਪੇਟ ਵਿਚ ਆ ਗਿਆ। ਉਦੋਂ ਉਹ ਸਿਰਫ 11 ਸਾਲਾਂ ਦੀ ਸੀ। ਉਸ ਦਿਨ ਤੋਂ ਬਾਅਦ ਅੱਜ ਤਕ ਉਸ ਨੇ ਆਪਣੇ ਮਾਂ-ਬਾਪ ਦਾ ਮੂੰਹ ਨਹੀਂ ਦੇਖਿਆ। ਕਦੇ ਉਹ ਨਰਸ ਬਣਨ ਦੇ ਸੁਪਨੇ ਦੇਖਦੀ ਸੀ ਪਰ ਹੁਣ ਉਹ ਕਹਿੰਦੀ ਹੈ ਕਿ ''ਸਿਆਸੀ ਸਥਿਤੀ ਅਤੇ ਖਾਨਾਜੰਗੀ ਕਾਰਨ ਮੇਰਾ ਨਰਸ ਬਣਨਾ ਮੁਸ਼ਕਿਲ ਹੈ ਪਰ ਹੁਣ ਮੈਂ ਇਸ ਗੱਲ ਨੂੰ ਲੈ ਕੇ ਗੁੱਸੇ ਵਿਚ ਨਹੀਂ ਹਾਂ।''
ਇਸ ਇਲਾਕੇ ਵਿਚ ਔਰਤਾਂ ਵਿਰੁੱਧ ਹਿੰਸਾ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਹਕਾਨ ਰਾ ਕਰਾਟੇ ਸਿੱਖ ਰਹੀ ਹੈ। ਗੋਲੀਬੰਦੀ ਖਤਮ ਹੋਣ ਵਾਲੇ ਦਿਨ ਤੋਂ ਹੀ ਕਾਚਿਨ ਭਾਈਚਾਰੇ ਦਾ ਇਕ ਸੰਗਠਨ ਆਪਣੇ ਕੰਟਰੋਲ ਵਾਲੇ ਇਲਾਕੇ ਵਿਚ ਕਰਾਟੇ ਕਲਾਸਾਂ ਲਗਾ ਰਿਹਾ ਹੈ, ਜਿਥੇ ਮੁੰਡਿਆਂ ਤੇ ਕੁੜੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹਕਾਨ ਦਾ ਕਹਿਣਾ ਹੈ ਕਿ ''ਮੈਂ ਘੱਟੋ-ਘੱਟ ਆਪਣਾ ਬਚਾਅ ਤਾਂ ਕਰਨਾ ਚਾਹੁੰਦੀ ਹਾਂ, ਇਸ ਲਈ ਮੇਰੀ ਦਿਲਚਸਪੀ ਕਰਾਟੇ ਸਿੱਖਣ ਵਿਚ ਹੈ।''
'ਵੂਮੈਨਜ਼ ਲੀਗ ਆਫ ਬਰਮਾ' ਦਾ ਕਹਿਣਾ ਹੈ ਕਿ ਉਸ ਨੇ ਕਾਚਿਨ ਜਾਤੀ ਦੀਆਂ ਔਰਤਾਂ ਨਾਲ ਮਿਆਂਮਾਰ ਦੀ ਫੌਜ ਵਲੋਂ 2010 ਵਿਚ ਕੀਤੇ ਗਏ ਬਲਾਤਕਾਰ ਅਤੇ ਯੌਨ ਹਿੰਸਾ ਦੇ 100 ਤੋਂ ਵੱਧ ਮਾਮਲਿਆਂ ਦੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਹਨ। ਸਰਕਾਰ ਤੇ ਬਰਮਾ ਦੀ ਫੌਜ ਕਾਫੀ ਹੱਦ ਤਕ ਇਸ ਮੁੱਦੇ 'ਤੇ ਚੁੱਪ ਹੀ ਰਹੀ। ਫੌਜੀਆਂ ਦੇ ਨਾ ਤਾਂ ਸੁਧਰਨ ਦੀ ਕੋਈ ਉਮੀਦ ਹੈ ਅਤੇ ਨਾ ਹੀ ਇਸ ਗੱਲ ਦੀ ਕਿ ਉਨ੍ਹਾਂ ਨੂੰ ਅਜਿਹੇ ਅਪਰਾਧਾਂ ਲਈ ਸਜ਼ਾ ਦਿੱਤੀ ਜਾਵੇਗੀ। ਇਹੋ ਵਜ੍ਹਾ ਹੈ ਕਿ ਹੁਣ ਬਹੁਤੀਆਂ ਕੁੜੀਆਂ ਸਵੈ-ਰੱਖਿਆ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਕਰਾਟੇ ਸਿੱਖ ਰਹੀਆਂ ਹਨ।
ਅੱਤਵਾਦ ਦੀ ਸਮੱਸਿਆ ਨਾਲ ਕੀ ਪਾਕਿਸਤਾਨੀ ਸੱਤਾਤੰਤਰ ਸਿੱਧੀ ਟੱਕਰ ਲਵੇਗਾ
NEXT STORY