ਭਾਰਤੀ ਰਾਜਨੀਤੀ ’ਚ ਇਕ ਪੁਰਾਣੀ ਕਹਾਵਤ ਪ੍ਰਚੱਲਿਤ ਹੈ ਕਿ ਛੋਟੀਅਾਂ ਅਤੇ ਖੇਤਰੀ ਪਾਰਟੀਅਾਂ ਹਮੇਸ਼ਾ ਇਕ ਮਜ਼ਬੂਤ ਸਰਕਾਰ ਦੀ ਬਜਾਏ ਕਮਜ਼ੋਰ ਸਰਕਾਰ ਨੂੰ ਪਹਿਲ ਦਿੰਦੀਅਾਂ ਹਨ। ਬਸਪਾ ਦੇ ਸਵ. ਨੇਤਾ ਕਾਂਸ਼ੀ ਰਾਮ ਹਮੇਸ਼ਾ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਪਾਰਟੀ ਉਦੋਂ ਹੀ ਵਧੇ-ਫੁੱਲੇਗੀ, ਜਦੋਂ ਸਰਕਾਰ ਕਮਜ਼ੋਰ ਹੋਵੇਗੀ। ਮੌਜੂਦਾ ਸਮੇਂ ’ਚ 5 ਸੂਬਿਅਾਂ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਖੇਤਰੀ ਤੇ ਛੋਟੀਅਾਂ ਪਾਰਟੀਅਾਂ ਨੇ ਭਾਜਪਾ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਤੇਦੇਪਾ ਨੇ ਭਾਜਪਾ ਨੂੰ ਇਕ ਸਾਲ ਪਹਿਲਾਂ ਛੱਡ ਦਿੱਤਾ ਸੀ ਪਰ ਨਤੀਜੇ ਤੋਂ ਬਾਅਦ ਉਪੇਂਦਰ ਕੁਸ਼ਵਾਹਾ ਦੀ ਰਾਲੋਸਪਾ ਛੱਡ ਗਈ ਹੈ। ਇਸ ਤੋਂ ਤੁਰੰਤ ਬਾਅਦ ਰਾਮਵਿਲਾਸ ਪਾਸਵਾਨ ਨੇ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਸਵਾਨ ਲਈ ਅਾਸਾਮ ਤੋਂ ਰਾਜ ਸਭਾ ਸੀਟ ਦਾ ਐਲਾਨ ਕਰ ਦਿੱਤਾ ਤੇ ਆਉਣ ਵਾਲੀਅਾਂ ਲੋਕ ਸਭਾ ਚੋਣਾਂ ’ਚ ਬਿਹਾਰ ਤੋਂ ਲੋਕ ਜਨਸ਼ਕਤੀ ਪਾਰਟੀ ਲਈ 6 ਸੀਟਾਂ ਛੱਡ ਦਿੱਤੀਅਾਂ।
ਹੁਣ ਪਾਸਵਾਨ ਦੀ ਸੌਦੇਬਾਜ਼ੀ ਨੂੰ ਦੇਖਦੇ ਹੋਏ ‘ਅਪਨਾ ਦਲ’, ਜਿਸ ਦੇ ਲੋਕ ਸਭਾ ’ਚ 2 ਸੰਸਦ ਮੈਂਬਰ ਹਨ, ਅਨੁਪ੍ਰਿਆ ਪਟੇਲ ਦੇ ਪਤੀ ਲਈ ਮੰਤਰੀ ਅਹੁਦੇ ਲਈ ਸੌਦੇਬਾਜ਼ੀ ਦਾ ਯਤਨ ਕਰ ਰਿਹਾ ਹੈ, ਜੋ ਉੱਤਰ ਪ੍ਰਦੇਸ਼ ’ਚ ਵਿਧਾਨ ਕੌਂਸਲਰ ਹੈ। ਅਪਨਾ ਦਲ 2019 ਦੀਅਾਂ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ’ਚ ਹੋਰ ਜ਼ਿਆਦਾ ਲੋਕ ਸਭਾ ਸੀਟਾਂ ਚਾਹੁੰਦਾ ਹੈ, ਜਿਸ ਦੇ ਲਈ ਅਾਸ਼ੀਸ਼ ਪਟੇਲ ਦੋਸ਼ ਲਾ ਰਹੇ ਹਨ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਨੇਤਾ ਉਨ੍ਹਾਂ ਦੀ ਪਾਰਟੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਭਾਵੇਂ ਉਹ ਸਰਕਾਰ ’ਚ ਭਾਈਵਾਲ ਹਨ। ਇਸੇ ਤਰ੍ਹਾਂ ‘ਸੋਹੇਲ ਦੇਵ ਭਾਰਤੀ ਸਮਾਜ ਪਾਰਟੀ’ ਦੇ ਓਮ ਪ੍ਰਕਾਸ਼ ਰਾਜਭਰ, ਜੋ ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਹਨ, ਖੁੱਲ੍ਹ ਕੇ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰਾਂ ਦੀ ਆਲੋਚਨਾ ਕਰ ਰਹੇ ਹਨ ਅਤੇ ਉਹ ਗਾਜ਼ੀਪੁਰ ’ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਸ਼ਾਮਿਲ ਨਹੀਂ ਹੋਏ ਸਨ, ਜਿਸ ਨਾਲ ਉਹ ਸਬੰਧਤ ਹਨ।
ਸ਼ਿਵ ਸੈਨਾ ਵੀ ਕੇਂਦਰ ਦੇ ਨਾਲ-ਨਾਲ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕਰ ਰਹੀ ਹੈ ਅਤੇ ਭਾਜਪਾ ਨੂੰ ਗੱਠਜੋੜ ਛੱਡਣ ਦੀ ਧਮਕੀ ਦੇ ਰਹੀ ਹੈ ਪਰ ਹੁਣ ਤਕ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਦੇ ਨਾਲ-ਨਾਲ ਮਹਾਰਾਸ਼ਟਰ ਮੰਤਰੀ ਮੰਡਲ ਤੋਂ ਅਸਤੀਫਾ ਨਹੀਂ ਦਿੱਤਾ ਹੈ। ਭਾਜਪਾ ਵਲੋਂ 5 ਸੂਬੇ ਹਾਰਨ ਤੋਂ ਬਾਅਦ ਉਹ ਸਿਰਫ ਜਿਥੋਂ ਤਕ ਹੋ ਸਕੇ, ਸੌਦੇਬਾਜ਼ੀ ਕਰਨ ਦਾ ਯਤਨ ਕਰ ਰਹੇ ਹਨ।
ਉੱਤਰ ਪ੍ਰਦੇਸ਼ ’ਚ ਮਹਾਗੱਠਜੋੜ
3 ਸੂਬਿਅਾਂ ’ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕਾਂਗਰਸ ਉੱਤਰ ਪ੍ਰਦੇਸ਼ ’ਚ ਬਸਪਾ ਅਤੇ ਸਪਾ ਦੇ ਵਤੀਰੇ ਤੇ ਚੁੱਪ ਨੂੰ ਲੈ ਕੇ ਚਿੰਤਤ ਹੈ ਅਤੇ ਸੂਬੇ ’ਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਅਾਂ ਵਿਰੋਧਾਭਾਸੀ ਅਫਵਾਹਾਂ ਫੈਲ ਰਹੀਅਾਂ ਹਨ। ਦਰਅਸਲ, ਮੌਜੂਦਾ ਸਮੇਂ ਕਾਂਗਰਸ, ਸਪਾ ਅਤੇ ਬਸਪਾ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਵਾਰਤਾਲਾਪ ਜਾਂ ਵਿਚਾਰਾਂ ਦਾ ਆਦਾਨ-ਪ੍ਰਦਾਨ ਨਹੀਂ ਹੈ। ਤਿੰਨ ਕਾਂਗਰਸ ਮੁੱਖ ਮੰਤਰੀਅਾਂ ਦੇ ਸਹੁੰ-ਚੁੱਕ ਸਮਾਰੋਹਾਂ ਤੋਂ ਮਾਇਆਵਤੀ ਤੇ ਅਖਿਲੇਸ਼ ਦੀ ਗੈਰ-ਹਾਜ਼ਰੀ ਉਨ੍ਹਾਂ ਦੇ ਅੱਖੜ ਵਤੀਰੇ ਨੂੰ ਦਰਸਾਉਂਦੀ ਹੈ। ਅਖਿਲੇਸ਼ ਦੀ ਗੈਰ-ਹਾਜ਼ਰੀ ਸਿਰਫ ਮਾਇਆਵਤੀ ਨਾਲ ਇਕਜੁੱਟਤਾ ਦਿਖਾਉਣ ਲਈ ਸੀ, ਜਿਸ ਤੋਂ ਬਾਅਦ ਅਖਿਲੇਸ਼ ਨੇ ਆਪਣੇ ਇਕੋ-ਇਕ ਚੁਣੇ ਗਏ ਵਿਧਾਇਕ ਨੂੰ ਮੱਧ ਪ੍ਰਦੇਸ਼ ਦੇ ਮੰਤਰੀ ਪ੍ਰੀਸ਼ਦ ’ਚ ਸ਼ਾਮਿਲ ਨਾ ਕਰਨ ਲਈ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਹਾਲਾਂਕਿ ਸਪਾ ਨੇ ਕਾਂਗਰਸ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ। ਬਸਪਾ ਮੁਖੀ ਮਾਇਆਵਤੀ ਨੇ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ 2 ਵਿਧਾਇਕ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਦਾ ਸਮਰਥਨ ਕਰਨਗੇ।
ਇਸੇ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਵੀ ਮਾਇਆਵਤੀ ਤੇ ਅਖਿਲੇਸ਼ ਨੂੰ ਮਿਲਣ ਤੇ ਉਨ੍ਹਾਂ ਨੂੰ ਸੰਘੀ ਮੋਰਚੇ ’ਚ ਸ਼ਾਮਿਲ ਹੋਣ ਲਈ ਮਨਾਉਣ ਦਾ ਯਤਨ ਕਰ ਰਹੇ ਹਨ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਜਿਨ੍ਹਾਂ ਦੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮਿੱਠੇ ਸਬੰਧ ਹਨ, ਨੇ ਕੇ. ਚੰਦਰਸ਼ੇਖਰ ਰਾਓ ਨੂੰ ਮਿਲ ਕੇ ਸੰਘੀ ਮੋਰਚੇ ਬਾਰੇ ਚਰਚਾ ਕੀਤੀ ਪਰ ਉਨ੍ਹਾਂ ਨੇ ਸੰਘੀ ਮੋਰਚੇ ’ਚ ਸ਼ਾਮਿਲ ਹੋਣ ਸਬੰਧੀ ਆਪਣਾ ਕੋਈ ਇਰਾਦਾ ਜ਼ਾਹਿਰ ਨਹੀਂ ਕੀਤਾ ਪਰ ਪੱਛਮੀ ਬੰਗਾਲ ’ਚ ਕਾਂਗਰਸ ਦੇ ਸੂਬਾਈ ਪ੍ਰਧਾਨ ਟੀ. ਐੱਮ. ਸੀ. ਦੇ ਨਾਲ ਸਮਝ ਬਣਾਉਣ ਲਈ ਉਤਸੁਕ ਨਹੀਂ ਹਨ। ਕਰਨਾਟਕ ’ਚ ਭਾਵੇਂ ਕਾਂਗਰਸ ਦੇ ਸੂਬਾਈ ਨੇਤਾ ਜਨਤਾ ਦਲ ਸੈਕੁਲਰ ਨੂੰ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੇ ਪਰ ਕੇਂਦਰੀ ਲੀਡਰਸ਼ਿਪ ਸੂਬੇ ’ਚ ਜਨਤਾ ਦਲ (ਐੱਸ) ਨਾਲ ਆਪਣੇ ਗੱਠਜੋੜ ’ਚ ਗੜਬੜ ਪੈਦਾ ਨਹੀਂ ਕਰਨਾ ਚਾਹੁੰਦੀ।
ਗੱਠਜੋੜ ਬਣਾਉਣ ਦਾ ਮੁੱਖ ਸੰਕਟ ਉੱਤਰ ਪ੍ਰਦੇਸ਼ ’ਚ ਹੈ, ਜਿਥੇ ਸਪਾ, ਬਸਪਾ ਕਾਂਗਰਸ ਨੂੰ ਲੈ ਕੇ 8 ਸੀਟਾਂ ਦੇਣਾ ਚਾਹੁੰਦੀਅਾਂ ਹਨ, ਜਿਨ੍ਹਾਂ ’ਚੋਂ 2 ਸੀਟਾਂ ਉਹ ਸ਼ਾਮਿਲ ਹਨ, ਜਿਥੋਂ ਇਹ ਜਿੱਤੀਅਾਂ ਹਨ ਅਤੇ 6 ਉਹ ਸੀਟਾਂ ਹਨ, ਜਿਥੇ 2014 ਦੀਅਾਂ ਲੋਕ ਸਭਾ ਚੋਣਾਂ ’ਚ ਇਹ ਦੂਜੇ ਸਥਾਨ ’ਤੇ ਰਹੀਅਾਂ, ਜਦਕਿ ਕਾਂਗਰਸ ਜ਼ਿਆਦਾ ਸੀਟਾਂ ਚਾਹੁੰਦੀ ਹੈ। ਇਸੇ ਦੌਰਾਨ ਬਸਪਾ ਅਤੇ ਸਪਾ ਉੱਤਰ ਪ੍ਰਦੇਸ਼ ’ਚ ਤਿਕੋਣੀ ਲੜਾਈ ਨਹੀਂ ਚਾਹੁੰਦੀਅਾਂ। ਇਸ ਲਈ ਸਿਆਸੀ ਸਮੀਖਿਅਕ ਇਹ ਦਾਅਵਾ ਕਰ ਰਹੇ ਹਨ ਕਿ ਘੱਟੋ-ਘੱਟ ਕਾਂਗਰਸ ਝਾਰਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਸਪਾ-ਬਸਪਾ ਗੱਠਜੋੜ ਨੂੰ ਕੁਝ ਸੀਟਾਂ ਦੇਵੇਗੀ ਅਤੇ 2019 ਦੀਅਾਂ ਲੋਕ ਸਭਾ ਚੋਣਾਂ ’ਚ ਭਾਜਪਾ ਵਿਰੁੱਧ ਲੜਨ ਲਈ ਇਕ ਮਜ਼ਬੂਤ ਰਾਸ਼ਟਰੀ ਵਿਰੋਧੀ ਧਿਰ ਲਈ ਉੱਤਰ ਪ੍ਰਦੇਸ਼ ’ਚ ਜ਼ਿਆਦਾ ਸੀਟਾਂ ਲਵੇਗੀ।
ਭਾਜਪਾ ਦੀ ਰਾਜਸਥਾਨ ’ਚ ਲੋਕ ਸਭਾ ਚੋਣਾਂ ਦੀ ਤਿਆਰੀ
ਪਿਛਲੀਅਾਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਸਾਰੀਅਾਂ 25 ਸੀਟਾਂ ਜਿੱਤੀਅਾਂ ਸਨ ਪਰ ਇਸ ਵਾਰ ਸੂਬੇ ’ਚ 15 ਸੀਟਾਂ ਦਾ ਟੀਚਾ ਰੱਖ ਰਹੀ ਹੈ ਕਿਉਂਕਿ ਇਥੇ ਉਸ ਨੂੰ ਹਾਲੀਆ ਵਿਧਾਨ ਸਭਾ ਚੋਣਾਂ ’ਚ ਹਾਰ ਮਿਲੀ ਹੈ। ਭਾਵੇਂ ਹਾਰ ਲਈ ਭਾਜਪਾ ਵਸੁੰਧਰਾ ਰਾਜੇ ਨੂੰ ਦੋਸ਼ ਦੇਣਾ ਚਾਹੁੰਦੀ ਹੈ ਪਰ ਕੋਈ ਵੀ ਇਸ ਦੇ ਲਈ ਅੱਗੇ ਆਉਣਾ ਨਹੀਂ ਚਾਹੁੰਦਾ। ਅਜਿਹੀ ਸਥਿਤੀ ਉਦੋਂ ਆਈ ਸੀ, ਜਦੋਂ ਭਾਜਪਾ ਰਾਜਸਥਾਨ ’ਚ ਉਪ-ਚੋਣਾਂ ਦੌਰਾਨ 2 ਸੀਟਾਂ ਹਾਰ ਗਈ ਸੀ ਅਤੇ ਪਾਰਟੀ ਹਾਈਕਮਾਨ ਨੇ ਫੀਡਬੈਕ ਲਈ ਰਾਜਸਥਾਨ ’ਚ ਆਬਜ਼ਰਵਰਾਂ ਨੂੰ ਭੇਜਿਆ ਸੀ, ਜਿਨ੍ਹਾਂ ਨੇ ਖੁੱਲ੍ਹ ਕੇ ਵਸੁੰਧਰਾ ਰਾਜੇ ਤੇ ਉਨ੍ਹਾਂ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਦੋਸ਼ ਦਿੱਤਾ ਸੀ ਪਰ ਹਾਈਕਮਾਨ ਨੇ ਵਸੁੰਧਰਾ ਰਾਜੇ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਹਿੰਮਤ ਨਹੀਂ ਦਿਖਾਈ ਸੀ ਪਰ ਹਾਈਕਮਾਨ ਨੇ ਸੂਬਾਈ ਪ੍ਰਧਾਨ ਨੂੰ ਬਦਲ ਕੇ ਉਨ੍ਹਾਂ ਦੀ ਜਗ੍ਹਾ ਨਵੇਂ ਸੂਬਾਈ ਪ੍ਰਧਾਨ ਦੇ ਤੌਰ ’ਤੇ ਅਸ਼ੋਕ ਪਰਨਾਮੀ ਦੀ ਨਿਯੁਕਤੀ ਕਰ ਦਿੱਤੀ। ਮੌਜੂਦਾ ਸਮੇਂ ’ਚ ਉਹ ਵੀ ਚੋਣ ਹਾਰ ਗਏ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਹਾਈਕਮਾਨ ਵਲੋਂ ਭੇਜੇ ਗਏ ਕੇਂਦਰੀ ਆਬਜ਼ਰਵਰ ਪ੍ਰਕਾਸ਼ ਜਾਵਡੇਕਰ ਨੇ ਆਪਣੀ ਰਿਪਰੋਟ ਦਿੱਤੀ ਸੀ ਕਿ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਿਰਫ 50 ਸੀਟਾਂ ਜਿੱਤ ਸਕਦੀ ਹੈ ਅਤੇ ਹੁਣ ਵਸੁੰਧਰਾ ਰਾਜੇ ਦੇ ਸਮਰਥਕ ਦਾਅਵਾ ਕਰ ਰਹੇ ਹਨ ਕਿ ਇਹ ਸਾਬਕਾ ਮੁੱਖ ਮੰਤਰੀ ਦੀ ਸਖਤ ਮਿਹਨਤ ਹੀ ਸੀ, ਜੋ ਪਾਰਟੀ ਇਸ ਸੰਕਟ ਦੀ ਘੜੀ ’ਚ 73 ਸੀਟਾਂ ਜਿੱਤ ਸਕੀ ਹੈ। ਰਾਜਸਥਾਨ ’ਚ ਪਾਰਟੀ ਵਰਕਰਾਂ ਤੇ ਨੇਤਾਵਾਂ ਦਾ ਮਨੋਬਲ ਵਧਾਉਣ ਲਈ ਹੁਣ ਭਾਜਪਾ ਕਿਸੇ ਨਾ ਕਿਸੇ ਦੇ ਸਿਰ ਦੋਸ਼ ਮੜ੍ਹਨ ਦਾ ਯਤਨ ਕਰ ਰਹੀ ਹੈ।
ਪੱਛਮੀ ਬੰਗਾਲ ’ਚ ਭਾਜਪਾ ਦੀ ‘ਕਿਸਾਨ ਸੰਪਰਕ ਮੁਹਿੰਮ’
2019 ਦੀਅਾਂ ਲੋਕ ਸਭਾ ਚੋਣਾਂ ’ਚ ਪੱਛਮੀ ਬੰਗਾਲ ਵਿਚ 42 ਸੀਟਾਂ ’ਚੋਂ 22 ਸੀਟਾਂ ਹਾਸਿਲ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਅਦਾਲਤੀ ਹੁਕਮ ਕਾਰਨ ਰੱਥ ਯਾਤਰਾ ਪ੍ਰੋਗਰਾਮ ਅਸਫਲ ਹੋਣ ਤੋਂ ਬਾਅਦ ਭਾਜਪਾ ਨੇ ਕਿਸਾਨਾਂ ਨੂੰ ਮਿਲਣ ਦਾ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ’ਚ ਟੀ. ਐੱਮ. ਸੀ. ਸਰਕਾਰ ਅਤੇ ਉਸ ਦੀਅਾਂ ਕਿਸਾਨ ਵਿਰੋਧੀ ਨੀਤੀਅਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਅਜਿਹੀ ਯੋਜਨਾ ਸੀ ਕਿ ਇਕ ਮਹੀਨੇ ਦੀਅਾਂ ਰੱਥ ਯਾਤਰਾਵਾਂ ਤੋਂ ਬਾਅਦ ਕੋਲਕਾਤਾ ਦੇ ਬ੍ਰਿਗੇਡ ਮੈਦਾਨ ’ਚ ਪ੍ਰਧਾਨ ਮੰਤਰੀ ਵਲੋਂ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ ਪਰ ਕਿਉਂਕਿ ਯਾਤਰਾਵਾਂ ਅਜੇ ਤਕ ਸ਼ੁਰੂ ਨਹੀਂ ਹੋ ਸਕੀਅਾਂ ਅਤੇ ਕੋਲਕਾਤਾ ’ਚ ਰੈਲੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ, ਸਿੱਟੇ ਵਜੋਂ ਸੂਬੇ ’ਚ ਸਥਾਨਕ ਭਾਜਪਾ ਨੇਤਾਵਾਂ ਦੇ ਮਨੋਬਲ ’ਚ ਗਿਰਾਵਟ ਆਈ ਹੈ।
ਭਾਜਪਾ ਵਰਕਰਾਂ ਦਾ ਮਨੋਬਲ ਵਧਾਉਣ ਲਈ ਸੂਬਾਈ ਲੀਡਰਸ਼ਿਪ ਨੇ ‘ਕਿਸਾਨ ਸੰਪਰਕ ਅਭਿਆਨ’ ਦੀ ਯੋਜਨਾ ਬਣਾਈ ਹੈ, ਜਿਸ ’ਚ ਭਾਜਪਾ ਵਰਕਰ ਅਤੇ ਸੂਬੇ ਦੇ ਨੇਤਾ ਤ੍ਰਿਣਮੂਲ ਸਰਕਾਰ ਦੀਅਾਂ ਖਰਾਬ ਨੀਤੀਅਾਂ ਦੀਅਾਂ ਪ੍ਰੇਸ਼ਾਨੀਅਾਂ ਅਤੇ ਬੁਰੀ ਸਥਿਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਦੇ ਨਾਲ ਹੀ ਸੂਬਾਈ ਲੀਡਰਸ਼ਿਪ ਨੇ ਪੱਛਮੀ ਬੰਗਾਲ ਵਿਚ ‘ਲੋਕਤੰਤਰ ਦੀ ਹੱਤਿਆ’ ਦੇ ਵਿਰੋਧ ’ਚ 3 ਜਨਵਰੀ ਨੂੰ ਇਕ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਮੁੱਖ ਮੰਤਰੀ ਮਮਤਾ ਬੈਨਰਜੀ ਇਹ ਦਾਅਵਾ ਕਰ ਰਹੀ ਹੈ ਕਿ ਪੱਛਮੀ ਬੰਗਾਲ ਦੇ ਕਿਸਾਨ ਹੋਰਨਾਂ ਸੂਬਿਅਾਂ ਦੇ ਕਿਸਾਨਾਂ ਦੇ ਮੁਕਾਬਲੇ ਕਿਤੇ ਬਿਹਤਰ ਹਨ ਅਤੇ ਕੇਂਦਰ ਸਰਕਾਰ ਦੀਅਾਂ ਨੀਤੀਅਾਂ ਕਿਸਾਨ ਵਿਰੋਧੀ ਹਨ।
ਉੱਤਰਾਖੰਡ ’ਚ ਲੋਕ ਸਭਾ ਚੋਣਾਂ ਲਈ ਭਾਜਪਾ ਟਿਕਟ ਦੇ ਚਾਹਵਾਨ
ਨੈਨੀਤਾਲ ਤੋਂ ਲੋਕ ਸਭਾ ਸੰਸਦ ਮੈਂਬਰ ਭਗਤ ਸਿੰਘ ਕੋਸ਼ਿਆਰੀ ਵਲੋਂ ਹਾਈਕਮਾਨ ਨੂੰ ਇਹ ਸੂਚਿਤ ਕਰਨ ਤੋਂ ਬਾਅਦ ਕਿ ਉਹ 2019 ’ਚ ਲੋਕ ਸਭਾ ਦੀਅਾਂ ਚੋਣਾਂ ਨਹੀਂ ਲੜਨਗੇ, ਉੱਤਰਾਖੰਡ ਭਾਜਪਾ ’ਚ ਟਿਕਟਾਂ ਲਈ ਅੰਦਰੂਨੀ ਲੜਾਈ ਸ਼ੁਰੂ ਹੋ ਗਈ ਹੈ। ਭਾਵੇਂ ਵਧਦੀ ਉਮਰ ਕਾਰਨ ਭੁਵਨਚੰਦਰ ਖੰਡੂਰੀ ਅਤੇ ਕੋਸ਼ਿਆਰੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ, ਇਸ ਲਈ ਪੌੜੀ ਅਤੇ ਨੈਨੀਤਾਲ ਦੀਅਾਂ ਸੀਟਾਂ ਖਾਲੀ ਰਹਿਣਗੀਅਾਂ ਤੇ ਨਵੇਂ ਉਮੀਦਵਾਰਾਂ ਨੂੰ ਲੋਕ ਸਭਾ ਚੋਣ ਲੜਨ ਦਾ ਮੌਕਾ ਦਿੱਤਾ ਜਾਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਦਾ ਬੇਟਾ ਸ਼ੌਰਯ ਦੋਭਾਲ ਪੌੜੀ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦਾ ਹੈ, ਜਦਕਿ ਭਾਜਪਾ ਦੇ ਸੂਬਾਈ ਪ੍ਰਧਾਨ ਅਜੈ ਭੱਟ ਨੈਨੀਤਾਲ ਤੋਂ ਚੋਣ ਲੜਨਾ ਚਾਹੁੰਦੇ ਹਨ। ਖੰਡੂਰੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸੀਟ ਉਨ੍ਹਾਂ ਦੀ ਬੇਟੀ ਰਿਤੂ ਖੰਡੂਰੀ ਨੂੰ ਦਿੱਤੀ ਜਾਵੇ, ਜਦਕਿ ਤੀਰਥ ਸਿੰਘ ਰਾਵਤ ਅਤੇ ਕਰਨਲ ਕੋਠਿਆਲ ਵੀ ਪੌੜੀ ਤੋਂ ਟਿਕਟ ਚਾਹੁੰਦੇ ਹਨ।
ਮੌਜੂਦਾ ਸਮੇਂ ਤੀਰਥ ਸਿੰਘ ਰਾਵਤ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਹਨ ਅਤੇ ਹਿਮਾਚਲ ਪ੍ਰਦੇਸ਼ ’ਚ ਪਾਰਟੀ ਪ੍ਰੋਗਰਾਮਾਂ ’ਚ ਰੁੱਝੇ ਹੋਏ ਹਨ। ਸੱਤਪਾਲ ਮਹਾਰਾਜ ਵੀ ਪੌੜੀ ਤੋਂ ਚੋਣ ਲੜਨਾ ਚਾਹੁੰਦੇ ਹਨ। ਟੀਹਰੀ ’ਚ ਵਿਜੇ ਬਹੁਗੁਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਸਾਕੇਤ ਨੂੰ ਟਿਕਟ ਮਿਲੇ। ਇਸ ਸਮੇਂ ਮਹਾਰਾਣੀ ਰਾਜਲਕਸ਼ਮੀ ਟੀਹਰੀ ਤੋਂ ਸੰਸਦ ਮੈਂਬਰ ਹੈ। ਨੈਨੀਤਾਲ ਤੋਂ ਬਾਚੀ ਸਿੰਘ ਰਾਵਤ ਅਤੇ ਬਿਸ਼ਨ ਸਿੰਘ ਚੁਫਾਲ ਵੀ ਦੌੜ ’ਚ ਹਨ ਪਰ ਕੋਸ਼ਿਆਰੀ ਬਾਚੀ ਸਿੰਘ ਦੇ ਵਿਰੁੱਧ ਹਨ। ਇਸੇ ਦੌਰਾਨ ਕਾਂਗਰਸ ’ਚ ਹਰੀਸ਼ ਰਾਵਤ ਨੇ ਹੁੁਣ ਤਕ ਆਪਣੀ ਸੀਟ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਹਰਿਦੁਆਰ ਤੋਂ ਲੜਨਗੇ ਜਾਂ ਨੈਨੀਤਾਲ ਤੋਂ। ਪਿਛਲੀ ਵਾਰ ਹਰੀਸ਼ ਰਾਵਤ ਦੀ ਪਤਨੀ ਹਰਿਦੁਆਰ ’ਚ ਰਮੇਸ਼ ਪੋਖਰਿਆਲ ਤੋਂ ਹਾਰ ਗਈ ਸੀ।
ਅਾਪਣੇ ਏਸ਼ੀਆਈ ਗੁਅਾਂਢੀਅਾਂ ਦੇ ਮੁਕਾਬਲੇ ਅਸੀਂ ਪੱਛੜ ਕਿਉਂ ਗਏ
NEXT STORY