ਪਿਛਲੇ 20 ਸਾਲਾਂ ਦੌਰਾਨ ਖਪਤਕਾਰ ਇੰਟਰਨੈੱਟ ਕ੍ਰਾਂਤੀ ਕਾਰਨ ਸਾਡੀ ਜ਼ਿੰਦਗੀ 'ਚ ਕਈ ਹੈਰਾਨੀਜਨਕ ਚੀਜ਼ਾਂ ਆ ਗਈਆਂ ਹਨ, ਜਿਵੇਂ ਕਿ ਆਨਲਾਈਨ ਸਰਚ ਇੰਜਣਾਂ ਤੋਂ ਲੈ ਕੇ ਨਿੱਜੀ ਸਹਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੈੱਲਫੋਨ ਤਕ। ਇਹ ਤਬਦੀਲੀਆਂ ਚਾਹੇ ਕਿੰਨੀਆਂ ਵੀ ਨਾਟਕੀ ਕਿਉਂ ਨਾ ਹੋਣ, ਨੇੜਲੇ ਭਵਿੱਖ ਵਿਚ ਆਉਣ ਵਾਲੇ 5-ਜੀ ਵਾਇਰਲੈੱਸ ਅਤੇ 'ਇੰਟਰਨੈੱਟ ਆਫ ਥਿੰਗਜ਼' (ਆਈ. ਓ. ਟੀ.) ਦੇ ਮੁਕਾਬਲੇ ਕੁਝ ਵੀ ਨਹੀਂ। ਇਹ ਟੈਕਨਾਲੋਜੀ ਸਾਡੇ ਫਰਿੱਜ ਤੋਂ ਲੈ ਕੇ ਕਾਰ, ਬਾਈਕ ਅਤੇ ਕੰਪਿਊਟਰ, ਟੀ. ਵੀ. ਤੋਂ ਲੈ ਕੇ ਵਾਸ਼ਿੰਗ ਮਸ਼ੀਨ ਆਦਿ ਤਕ ਹਰੇਕ ਚੀਜ਼ ਨੂੰ 'ਡਾਟਾ ਮਾਈਨਿੰਗ ਚਿੱਪਸ' ਵਿਚ ਸ਼ਾਮਿਲ ਕਰ ਲਵੇਗੀ। ਇਸ ਨਾਲ ਨਾ ਸਿਰਫ ਬਿਲਕੁਲ ਪੂਰੀ ਤਰ੍ਹਾਂ ਨਵੀਂ ਕਿਸਮ ਦੀਆਂ ਕਾਰੋਬਾਰੀ ਇਕਾਈਆਂ ਦੀ ਸਿਰਜਣਾ ਹੋਵੇਗੀ, ਸਗੋਂ ਇਸ਼ਤਿਹਾਰਦਾਤਾ ਅਤੇ ਇਸ਼ਤਿਹਾਰ ਏਜੰਸੀਆਂ ਕਈ ਨਵੇਂ-ਨਵੇਂ ਤਰੀਕਿਆਂ ਨਾਲ ਇਸ਼ਤਿਹਾਰ ਮੁਹਿੰਮ ਚਲਾ ਸਕਣਗੀਆਂ ਕਿਉਂਕਿ ਉਨ੍ਹਾਂ ਨੂੰ ਇਹੀ ਨਹੀਂ ਪਤਾ ਹੋਵੇਗਾ ਕਿ ਅਸੀਂ ਇਸ ਸਮੇਂ ਕਿੱਥੇ ਹਾਂ ਸਗੋਂ ਇਹ ਵੀ ਪਤਾ ਹੋਵੇਗਾ ਕਿ ਸਾਡੇ ਘਰ ਵਿਚ ਦੁੱਧ ਖਤਮ ਹੋ ਗਿਆ ਹੈ, ਬਗੀਚੀ ਨੂੰ ਪਾਣੀ ਲਾਉਣ ਦੀ ਲੋੜ ਹੈ ਜਾਂ ਘਰ ਵਿਚ ਮਹਿਮਾਨ ਆਏ ਹਨ ਵਗੈਰਾ-ਵਗੈਰਾ।
ਇਸ ਵਿਚ ਆਰਥਿਕ ਜੋਖ਼ਮ ਦੇ ਨਾਲ-ਨਾਲ ਕਮਾਈ ਵੀ ਬਹੁਤ ਜ਼ਿਆਦਾ ਹੋਵੇਗੀ। ਵੱਡੀਆਂ-ਵੱਡੀਆਂ ਕੰਪਨੀਆਂ ਹਾਲਾਂਕਿ ਬਹੁਤ ਅਮੀਰ ਹਨ ਪਰ 5-ਜੀ ਨਾਲ ਲੈਸ ਨਵੀਂ ਦੁਨੀਆ ਵਿਚ ਉਨ੍ਹਾਂ ਦੀ ਜਾਇਦਾਦ/ਕਮਾਈ ਵੱਡੀਆਂ ਛਾਲਾਂ ਮਾਰ ਕੇ ਵਧਦੀ ਜਾਵੇਗੀ। ਫਿਰ ਵੀ ਜਿਸ ਟੈਕਨਾਲੋਜੀ ਦੇ ਦਮ 'ਤੇ ਇਹ ਸਭ ਸੰਭਵ ਹੋਵੇਗਾ, ਉਸ ਨੂੰ ਹਥਿਆਉਣ ਲਈ ਹੁਣ ਤੋਂ ਹੀ ਕਾਰੋਬਾਰਾਂ ਤੇ ਉਦਯੋਗਾਂ ਵਿਚਾਲੇ ਗਲਾ-ਵੱਢ ਮੁਕਾਬਲੇਬਾਜ਼ੀ ਜਾਰੀ ਹੈ ਅਤੇ ਹਰ ਕੋਈ ਰਸ ਭਰੇ ਫਲ ਹਾਸਿਲ ਕਰਨ ਲਈ ਉਤਾਵਲਾ ਹੈ।
ਰਵਾਇਤੀ ਤੌਰ 'ਤੇ ਵਾਇਰਲੈੱਸ ਯੰਤਰ ਬਣਾਉਣ ਵਾਲੀਆਂ ਕੰਪਨੀਆਂ ਐਪਲ, ਗੂਗਲ, ਸੈਮਸੰਗ ਆਦਿ ਬਹੁਤ ਅਹਿਮ ਵਾਇਰਲੈੱਸ ਟੈਕਨਾਲੋਜੀ ਵਿਕਸਿਤ ਕਰਨ ਵਾਲੀਆਂ ਨੋਕੀਆ, ਕੁਆਲਕਾਮ ਅਤੇ ਐਰਿਕਸਨ ਵਰਗੀਆਂ ਕੰਪਨੀਆਂ ਨੂੰ ਚਿੱਪਸ ਅਤੇ ਹੋਰ ਪੇਟੈਂਟਡ ਬੌਧਿਕ ਜਾਇਦਾਦ ਇਸਤੇਮਾਲ ਕਰਨ ਦੇ ਇਵਜ਼ ਵਿਚ ਲਾਇਸੈਂਸ ਦੀ ਮੋਟੀ ਫੀਸ ਅਦਾ ਕਰਦੀਆਂ ਹਨ।
ਅਮਰੀਕਾ ਅਤੇ ਯੂਰਪ ਦਾ ਸਟੈਂਡਰਡ ਤੈਅ ਕਰਨ ਵਾਲੀਆਂ ਸੰਸਥਾਵਾਂ ਨੇ ਇਸ 5-ਜੀ ਸੂਚਨਾਤੰਤਰ ਦੇ ਨਿਰਮਾਣ ਲਈ ਜ਼ਰੂਰੀ ਟੈਕਨਾਲੋਜੀ ਦਾ ਪਤਾ ਲਾਇਆ ਹੈ ਤੇ ਉਸ ਤੋਂ ਬਾਅਦ ਹੀ ਖੋਜਕਾਰਾਂ ਨੂੰ ਉਹ ਟੈਕਨਾਲੋਜੀ ਪੇਟੈਂਟ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ, ਉਹ ਵੀ ਇਸ ਸ਼ਰਤ 'ਤੇ ਕਿ ਬਿਨਾਂ ਕਿਸੇ ਵਿਤਕਰੇ ਦੇ ਨਿਰਪੱਖ ਅਤੇ ਨਿਆਂਪੂਰਨ ਢੰਗ ਨਾਲ ਬਾਜ਼ਾਰ ਦੇ ਸਾਰੇ ਖਿਡਾਰੀਆਂ ਦੀ ਇਨ੍ਹਾਂ ਤਕਨੀਕਾਂ ਤਕ ਪਹੁੰਚ ਆਸਾਨ ਬਣਾਈ ਜਾਵੇਗੀ।
ਉਂਝ 'ਨਿਰਪੱਖ' ਦੀ ਪਰਿਭਾਸ਼ਾ ਨੂੰ ਲੈ ਕੇ ਭਾਰੀ ਮੱਤਭੇਦ ਹਨ। ਜਿੰਨੇ ਵੱਖ-ਵੱਖ ਤਰ੍ਹਾਂ ਦੇ ਯੰਤਰਾਂ ਤਕ ਇਸ ਕਨੈਕਟੀਵਿਟੀ ਦਾ ਦਾਇਰਾ ਫੈਲਦਾ ਜਾ ਰਿਹਾ ਹੈ, ਮੱਤਭੇਦ ਵੀ ਓਨੇ ਹੀ ਵਿਆਪਕ ਹੁੰਦੇ ਜਾ ਰਹੇ ਹਨ। ਸਭ ਤੋਂ ਵਿਵਾਦਪੂਰਨ ਮੁੱਦਿਆਂ 'ਚੋਂ ਇਕ ਇਹ ਹੈ ਕਿ ਬਹੁਤ ਅਹਿਮ ਪੇਟੈਂਟਡ ਟੈਕਨਾਲੋਜੀ ਦੀ ਕੀਮਤ ਕੀ ਚਿੱਪ ਦੀ ਕੀਮਤ 'ਤੇ ਆਧਾਰਿਤ ਹੋਣੀ ਚਾਹੀਦੀ ਹੈ ਜਾਂ ਉਸ ਫੋਨ ਦੀ ਕੀਮਤ 'ਤੇ, ਜੋ ਇਨ੍ਹਾਂ ਨੂੰ ਤਾਕਤ ਪ੍ਰਦਾਨ ਕਰਦਾ ਹੈ?
ਪਹਿਲੇ ਮਾਮਲੇ ਵਿਚ ਅਜਿਹੀ ਟੈਕਨਾਲੋਜੀ ਦੀ ਕੀਮਤ ਸਿਰਫ ਕੁਝ ਹੀ ਡਾਲਰ ਹੋਵੇਗੀ, ਜਦਕਿ ਦੂਜੀ ਸਥਿਤੀ ਵਿਚ ਕਈ ਸੌ ਡਾਲਰਾਂ ਤਕ ਪਹੁੰਚ ਸਕਦੀ ਹੈ। ਘਾਗ ਤਕਨੀਕੀ ਕੰਪਨੀਆਂ ਸੁਭਾਵਿਕ ਤੌਰ 'ਤੇ ਚਿੱਪ ਦੇ ਆਧਾਰ 'ਤੇ ਲਾਇਸੈਂਸ ਹਾਸਿਲ ਕਰਨਾ ਜ਼ਿਆਦਾ ਲਾਹੇਵੰਦ ਮੰਨਦੀਆਂ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਈ. ਪੀ., ਭਾਵ ਬੌਧਿਕ ਜਾਇਦਾਦ ਲਈ ਘੱਟ ਰਕਮ ਅਦਾ ਕਰਨੀ ਪਵੇਗੀ।
ਕੁਆਲਕਾਮ ਵਰਗੀਆਂ ਕੰਪਨੀਆਂ ਚਾਹੁੰਦੀਆਂ ਹਨ ਕਿ ਆਖਰੀ ਤਿਆਰ ਉਤਪਾਦ, ਭਾਵ ਸੈੱਲਫੋਨ ਜਾਂ ਕਾਰ ਦੇ ਆਧਾਰ 'ਤੇ ਪੇਟੈਂਟ ਟੈਕਨਾਲੋਜੀ ਦੀ ਕੀਮਤ ਤੈਅ ਕੀਤੀ ਜਾਵੇ। ਉਨ੍ਹਾਂ ਦੀ ਦਲੀਲ ਹੈ ਕਿ ਹਫਤੇ ਵਿਚ ਇਕ ਵਾਰ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਮਾਨੀਟਰਿੰਗ ਕਰਨ ਵਾਲੇ ਯੰਤਰ ਦੇ ਮੁਕਾਬਲੇ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਵਾਲੀ ਗੱਡੀ ਨੂੰ ਕੰਟਰੋਲ ਕਰਨ ਵਾਲੇ ਯੰਤਰ ਲਈ ਕਨੈਕਟੀਵਿਟੀ ਦੀਆਂ ਲੋੜਾਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ।
ਐਪਲ ਕੰਪਨੀ ਦੇ ਸਭ ਤੋਂ ਵੱਡੇ ਕੰਪਿਊਟਰ ਬ੍ਰਾਂਡਾਂ ਦਰਮਿਆਨ ਮੱਤਭੇਦਾਂ ਦੇ ਵਧਦੇ ਪਾੜੇ ਪਿੱਛੇ ਅਸਲ ਵਿਚ ਅਜਿਹੇ ਹੀ ਕਾਰਨ ਹਨ। ਇਹ ਕੰਪਨੀਆਂ ਪੇਟੈਂਟਡ ਟੈਕਨਾਲੋਜੀ 'ਤੇ ਆਧਾਰਿਤ ਛੋਟੇ-ਛੋਟੇ ਹਜ਼ਾਰਾਂ ਕਲਪੁਰਜ਼ਿਆਂ ਨੂੰ ਜੋੜ ਕੇ ਇਕ ਬਹੁਤ ਹੀ ਸ਼ਾਨਦਾਰ ਆਖਰੀ (ਫਾਈਨਲ) ਉਤਪਾਦ ਤਿਆਰ ਕਰਨ ਦੀ ਸਮਰੱਥਾ ਰੱਖਦੀਆਂ ਹਨ, ਜੋ ਉਨ੍ਹਾਂ ਦੀ ਕਮਾਈ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਏਗਾ। ਇਸੇ ਲਈ ਉਹ ਚਿੱਪ ਦੇ ਆਧਾਰ 'ਤੇ ਕੀਮਤ ਤੈਅ ਕਰਨ ਦੀ ਬਜਾਏ ਆਖਰੀ ਉਤਪਾਦ ਦੀ ਕੀਮਤ ਨੂੰ ਆਧਾਰ ਬਣਾਉਣਾ ਚਾਹੁੰਦੀਆਂ ਹਨ।
ਦੂਜੇ ਪਾਸੇ ਅਮਰੀਕਾ ਤੇ ਯੂਰਪ ਦੇ ਖੋਜਕਾਰ ਇਹ ਦਲੀਲ ਦਿੰਦੇ ਹਨ ਕਿ ਉਨ੍ਹਾਂ ਨੇ ਖੋਜ, ਵਿਕਾਸ ਅਤੇ ਨਵੀਆਂ ਤਕਨੀਕਾਂ ਦੀ ਸਿਰਜਣਾ 'ਤੇ ਅਰਬਾਂ-ਖਰਬਾਂ ਡਾਲਰ ਨਿਵੇਸ਼ ਕੀਤਾ ਹੈ, ਤਾਂ ਹੀ ਸਮਾਰਟਫੋਨ ਹੋਂਦ 'ਚ ਆਏ ਹਨ ਪਰ ਹੁਣ ਇਨ੍ਹਾਂ ਕੰਪਨੀਆਂ ਨੂੰ ਝਕਾਨੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਕ ਤਾਜ਼ਾ ਸਰਵੇਖਣ ਅਨੁਸਾਰ ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਵਾਇਰਲੈੱਸ ਟੈਕਨਾਲੋਜੀ ਦੇ ਲੱਗਭਗ ਤਿੰਨ-ਚੌਥਾਈ ਬੌਧਿਕ ਜਾਇਦਾਦ ਲਾਇਸੈਂਸਧਾਰਕ ਅਜਿਹਾ ਕੋਈ ਭਰੋਸਾ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਉਹ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਲਾਇਸੈਂਸ ਦੇਣਗੇ। ਇਸ ਨਾਲ ਕਨੈਕਟੀਵਿਟੀ 'ਤੇ ਬੁਰਾ ਅਸਰ ਪੈ ਸਕਦਾ ਹੈ।
ਐਪਲ ਅਤੇ ਕੁਆਲਕਾਮ ਵਿਚਾਲੇ ਜਿਸ ਤਰ੍ਹਾਂ ਲੰਮੇ ਸਮੇਂ ਤਕ ਕਾਨੂੰਨੀ ਲੜਾਈ ਚੱਲੀ, ਉਹ ਇਸੇ ਵਿਵਾਦ ਨੂੰ ਦਰਸਾਉਂਦੀ ਹੈ। ਕੁਆਲਕਾਮ ਨੇ ਕੁਝ ਚਿੱਪ ਟੈਸਟਿੰਗ ਸਾਫਟਵੇਅਰ ਐਪਲ ਨੂੰ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਦਕਿ ਐਪਲ ਨੇ ਕੁਆਲਕਾਮ ਨੂੰ ਉਸ ਦੀ ਬਣਦੀ ਕੀਮਤ/ਫੀਸ ਦੇਣ ਤੋਂ ਨਾਂਹ ਕਰ ਦਿੱਤੀ। ਦੋਹਾਂ ਹੀ ਧਿਰਾਂ ਦੀ ਦਲੀਲ ਵਿਚ ਦਮ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਕੁਆਲਕਾਮ ਆਪਣੀ ਟੈਕਨਾਲੋਜੀ ਲਈ ਬਹੁਤ ਜ਼ਿਆਦਾ ਕੀਮਤ ਵਸੂਲ ਰਹੀ ਹੈ, ਫਿਰ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਲਾਇਸੈਂਸ ਦੀ ਫੀਸ ਰੋਕ ਕੇ ਐਪਲ ਨੇ ਗਲਤ ਕੰਮ ਕੀਤਾ ਹੈ।
ਸਾਨ ਫਰਾਂਸਿਸਕੋ 'ਤੇ ਆਧਾਰਿਤ ਇਨਵੈਸਟਮੈਂਟ ਬੈਂਕ 'ਹੌਲੀਹਾਨ ਲਾਕੀ' ਦੇ ਪ੍ਰਬੰਧ ਨਿਰਦੇਸ਼ਕ ਅਤੇ ਬੌਧਿਕ ਜਾਇਦਾਦ ਮਾਹਿਰ ਐਲੀਵਰ ਕੌਸੇਵਿਚ ਦਾ ਕਹਿਣਾ ਹੈ ਕਿ ''ਇੰਨੀ ਜ਼ਿਆਦਾ ਮੁਕੱਦਮੇਬਾਜ਼ੀ ਦੀ ਅਸਲੀਅਤ ਦਾ ਭਾਵ ਇਹੋ ਹੈ ਕਿ ਅਮਰੀਕਾ ਅਤੇ ਯੂਰਪੀ ਯੂਨੀਅਨ ਦੋਹਾਂ ਦੇ ਹੀ ਰੈਗੂਲੇਟਰ ਆਪਣਾ ਕੰਮ ਮੁਸਤੈਦੀ ਨਾਲ ਨਹੀਂ ਕਰ ਰਹੇ।''
2015 ਵਿਚ ਅਮਰੀਕਾ ਦੇ ਪੈਮਾਨੇ ਤੈਅ ਕਰਨ ਵਾਲੀ ਬਾਡੀ ਆਈ. ਈ. ਈ. ਈ. ਨੇ ਜੋ ਪੁਜ਼ੀਸ਼ਨ ਲੈ ਲਈ ਸੀ, ਉਹ ਘਾਗ ਟੈੱਕ ਕੰਪਨੀਆਂ ਦੇ ਪੱਖ ਵਿਚ ਸੀ ਪਰ 10 ਨਵੰਬਰ ਨੂੰ ਅਮਰੀਕਾ ਦੇ ਸਹਾਇਕ ਅਟਾਰਨੀ ਜਨਰਲ ਮਾਕਨ ਦਿਲ ਰਹੀਮ ਨੇ ਆਪਣੇ ਭਾਸ਼ਣ ਵਿਚ ਸੰਕੇਤ ਦਿੱਤਾ ਕਿ ਜਿਹੜੀਆਂ ਕੰਪਨੀਆਂ ਟੈਕਨਾਲੋਜੀ ਦੀ ਅਦਾਇਗੀ ਰੋਕ ਕੇ ਰੱਖ ਸਕਦੀਆਂ ਹਨ ਜਾਂ ਲਾਇਸੈਂਸ ਦੀ ਫੀਸ ਦੇਣ ਤੋਂ ਮਨ੍ਹਾ ਕਰਦੀਆਂ ਹਨ (ਜਿਵੇਂ ਕਿ ਐਪਲ), ਉਹ ਉਨ੍ਹਾਂ ਕੰਪਨੀਆਂ ਦੇ ਮੁਕਾਬਲੇ ਬਹੁਤ ਵੱਡੀ ਸਮੱਸਿਆ ਹਨ, ਜਿਹੜੀਆਂ ਪੇਟੈਂਟ ਦੀਆਂ ਮਾਲਕ ਹਨ ਅਤੇ ਜ਼ਿਆਦਾ ਫੀਸ ਨਾ ਮਿਲਣ 'ਤੇ ਟੈਕਨਾਲੋਜੀ ਰੋਕ ਲੈਂਦੀਆਂ ਹਨ।
ਇਸੇ ਦਰਮਿਆਨ ਯੂਰਪੀ ਕਮਿਸ਼ਨ ਬਿਲਕੁਲ ਉਲਟ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਤੁਸੀਂ ਸ਼ਾਇਦ ਇਹ ਸੋਚ ਰਹੇ ਹੋਵੋ ਕਿ ਇਸ ਗੱਲ ਲਈ ਕਿਸੇ ਖਾਸ ਸਮਝਦਾਰੀ ਦੀ ਲੋੜ ਨਹੀਂ ਕਿ ਯੂਰਪ ਨੂੰ ਆਪਣੀਆਂ ਟੈਲੀਕਾਮ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਫਿਰ ਵੀ ਯੂਰਪੀ ਕਮਿਸ਼ਨ ਅੰਦਰ ਇਕ ਯੁੱਧ ਚੱਲ ਰਿਹਾ ਹੈ, ਜਿਸ ਵਿਚ ਖੋਜ 'ਤੇ ਭਾਰੀ ਨਿਵੇਸ਼ ਕਰਨ ਵਾਲੀਆਂ ਨੋਕੀਆ ਵਰਗੀਆਂ ਕੰਪਨੀਆਂ ਦੂਰਸੰਚਾਰ ਕਾਰੋਬਾਰਾਂ ਦੇ ਪੱਖ ਵਿਚ ਦਲੀਲ ਦੇ ਰਹੀਆਂ ਹਨ, ਜਦਕਿ ਅਜਾਰੇਦਾਰੀ ਦੇ ਵਿਰੋਧ ਵਿਚ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਪੇਟੈਂਟਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਅਜਾਰੇਦਾਰੀ ਨੂੰ ਹੱਲਾਸ਼ੇਰੀ ਮਿਲਦੀ ਹੈ।
ਇਹ ਵੀ ਸੰਭਵ ਹੈ ਕਿ ਅਜਾਰੇਦਾਰੀ ਦੇ ਵਿਰੋਧੀ ਬਿਲਕੁਲ ਹੀ ਵੱਖਰੇ ਦਾਅਵੇਦਾਰਾਂ ਦੇ ਸਮੂਹ ਦਾ ਬਚਾਅ ਕਰਦੇ ਦਿਖਾਈ ਦਿੰਦੇ ਹਨ। ਜੇਕਰ ਕਾਰਾਂ 'ਪਹੀਆਧਾਰਕ ਫੋਨ' ਦਾ ਰੂਪ ਅਖਤਿਆਰ ਕਰ ਲੈਂਦੀਆਂ ਹਨ ਤਾਂ ਫਰਾਂਸ, ਜਰਮਨੀ ਅਤੇ ਇਟਲੀ ਦੇ ਆਟੋ ਨਿਰਮਾਤਾਵਾਂ ਨੂੰ ਸਸਤੀ ਵਾਇਰਲੈੱਸ ਟੈਕਨਾਲੋਜੀ ਦੀ ਲੋੜ ਪਵੇਗੀ, ਬਿਲਕੁਲ ਐਪਲ ਅਤੇ ਗੂਗਲ ਵਾਂਗ।
ਹੋ ਸਕਦਾ ਹੈ ਕਿ ਯੂਰਪੀ ਕਾਰ ਨਿਰਮਾਤਾਵਾਂ ਦੀ 'ਸਮਾਰਟ ਕਾਰ' ਯੋਜਨਾ ਨੂੰ ਅੱਗੇ ਵਧਾਉਣ ਲਈ ਯੂਰਪੀ ਕਮਿਸ਼ਨ ਪੇਟੈਂਟਧਾਰਕ ਦੂਰਸੰਚਾਰ ਕੰਪਨੀਆਂ ਨੂੰ ਬਲੀ ਦਾ ਬੱਕਰਾ ਬਣਾਵੇ। ਇਹ ਵੀ ਹੋ ਸਕਦਾ ਹੈ ਕਿ ਉਹ ਹਵਾ ਦਾ ਰੁਖ਼ ਦੇਖੇ ਅਤੇ ਇਸ ਗੱਲ ਦੀ ਉਡੀਕ ਕਰੇ ਕਿ ਅਮਰੀਕੀ ਊਠ ਕਿਸ ਕਰਵਟ ਬੈਠਦਾ ਹੈ—ਨਾ ਸਿਰਫ ਵਾਇਰਲੈੱਸ ਪੈਮਾਨਿਆਂ ਦੇ ਮਾਮਲੇ ਵਿਚ, ਸਗੋਂ ਮੋਟੇ ਤੌਰ 'ਤੇ ਪੇਟੈਂਟ ਅਧਿਕਾਰਾਂ ਦੇ ਮਾਮਲੇ ਵਿਚ ਵੀ।
ਅਮਰੀਕੀ ਪੇਟੈਂਟ ਦਫਤਰ ਲਈ ਰਾਸ਼ਟਰਪਤੀ ਵਲੋਂ ਨਾਮਜ਼ਦ ਨਿਰਦੇਸ਼ਕ ਦੀ ਪੁਸ਼ਟੀ ਕਰਨ ਵਾਸਤੇ ਸੁਣਵਾਈ ਆਯੋਜਿਤ ਕੀਤੀ ਜਾਵੇਗੀ ਅਤੇ ਸੁਪਰੀਮ ਕੋਰਟ ਅਮਰੀਕਾ ਦੇ ਤੇਲ ਉਤਪਾਦਕ ਸੂਬਿਆਂ (ਆਇਲ ਸਟੇਟਸ) ਦੀ ਇਸ ਪਟੀਸ਼ਨ 'ਤੇ ਸੁਣਵਾਈ ਕਰੇਗੀ ਕਿ ਅਮਰੀਕਾ ਵਿਚ ਸਮੁੱਚੀ ਪੇਟੈਂਟ ਪ੍ਰਣਾਲੀ ਨੂੰ ਬਦਲਿਆ ਜਾਵੇ। ਦੁਨੀਆ ਭਰ ਦੇ ਕਾਰਪੋਰੇਟ ਵਕੀਲਾਂ ਦੀਆਂ ਇਸ ਗੱਲ ਨੂੰ ਲੈ ਕੇ ਵਾਛਾਂ ਖਿੜੀਆਂ ਹੋਈਆਂ ਹਨ। ਇਹ ਤਾਂ 5-ਜੀ ਲਈ ਚੱਲ ਰਹੇ ਸੰਘਰਸ਼ ਦੀ ਸ਼ੁਰੂਆਤ ਮਾਤਰ ਹੈ, ਅੱਗੇ-ਅੱਗੇ ਦੇਖੋ ਕੀ ਹੁੰਦਾ ਹੈ! ('ਫਾਈਨਾਂਸ਼ੀਅਲ ਟਾਈਮਜ਼' ਤੋਂ ਧੰਨਵਾਦ ਸਹਿਤ)
ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਾਡੀਆਂ ਤਿਆਰੀਆਂ 'ਅੱਧੀਆਂ-ਅਧੂਰੀਆਂ'
NEXT STORY