ਬੀਤੀ 25 ਤੋਂ 27 ਜੁਲਾਈ ਤਕ ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਆਯੋਜਿਤ ਹੋਏ 10ਵੇਂ 'ਬ੍ਰਿਕਸ' (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸਿਖਰ ਸੰਮੇਲਨ ਵੱਲ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਇਸ ਸੰਮੇਲਨ ਦੀ ਖਾਸ ਮਹੱਤਤਾ ਇਸ ਲਈ ਸੀ ਕਿਉਂਕਿ ਇਸ ਸਮੇਂ ਪੂਰੀ ਦੁਨੀਆ ਅਮਰੀਕੀ ਸੁਰੱਖਿਆਵਾਦ ਅਤੇ ਸੰਸਾਰਕ ਅੱਤਵਾਦ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ। 'ਬ੍ਰਿਕਸ' ਉੱਤੇ ਵਪਾਰ ਜੰਗ ਅਤੇ ਅੱਤਵਾਦ ਦੇ ਅਸਰ ਤੋਂ ਨਾ ਸਿਰਫ ਖ਼ੁਦ ਨੂੰ ਸਗੋਂ ਪੂਰੀ ਦੁਨੀਆ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ। 27 ਜੁਲਾਈ ਨੂੰ 10ਵੇਂ 'ਬ੍ਰਿਕਸ' ਸੰਮੇਲਨ ਦਾ ਜੋ ਮਨੋਰਥ ਪੱਤਰ ਇਸ ਦੇ ਮੈਂਬਰ ਦੇਸ਼ਾਂ ਵਲੋਂ ਜਾਰੀ ਕੀਤਾ ਗਿਆ, ਉਸ ਵਿਚ ਅਮਰੀਕੀ ਵਪਾਰ ਸੁਰੱਖਿਆਵਾਦ ਅਤੇ ਸੰਸਾਰਕ ਅੱਤਵਾਦ ਨਾਲ ਨਜਿੱਠਣ ਲਈ ਇਕ ਸਮੁੱਚੇ ਰੁਖ਼ ਦਾ ਸੱਦਾ ਦਿੱਤਾ ਗਿਆ। ਸੰਮੇਲਨ ਵਿਚ 'ਬ੍ਰਿਕਸ' ਦੇਸ਼ਾਂ ਦਰਮਿਆਨ ਇਸ ਗੱਲ 'ਤੇ ਸਹਿਮਤੀ ਬਣੀ ਕਿ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਸੰਸਾਰਕ ਢਾਂਚੇ ਵਿਚ ਸਥਾਪਿਤ ਕੀਤੇ ਗਏ ਨਿਯਮਾਂ ਦੇ ਆਧਾਰ 'ਤੇ ਬਹੁਪੱਖੀ ਵਪਾਰ ਵਿਵਸਥਾ ਹੀ ਅੱਗੇ ਵਧੇਗੀ।
ਹੁਣ ਅਰਥਤੰਤਰ, ਕਾਰੋਬਾਰ, ਵਿੱਤ, ਸੁਰੱਖਿਆ ਅਤੇ ਮਨੁੱਖੀ ਖੇਤਰ ਸਮੂਹਿਕਤਾ ਅਤੇ ਆਪਸੀ ਸਹਿਯੋਗ ਨਾਲ ਹੀ ਅੱਗੇ ਵਧਣਗੇ। ਹੁਣ ਅਜਾਰੇਦਾਰੀ ਅਤੇ ਸੁਰੱਖਿਆਵਾਦੀ ਰੁਝਾਨ ਦਾ ਪੁਰਾਣਾ ਦੌਰ ਦੁਹਰਾਉਣ ਨਹੀਂ ਦਿੱਤਾ ਜਾਵੇਗਾ। ਸਿਖਰ ਸੰਮੇਲਨ ਵਿਚ ਜਨਤੰਤਰ ਅਤੇ ਬਹੁਪੱਖੀ ਸਹਿਯੋਗ ਦੀ ਜ਼ੋਰਦਾਰ ਵਕਾਲਤ ਕੀਤੀ ਗਈ। 2030 ਤਕ ਭੁੱਖਮਰੀ ਦੀਆਂ ਸਥਿਤੀਆਂ ਨਾਲ ਪੂਰੀ ਤਰ੍ਹਾਂ ਨਜਿੱਠਣ ਦਾ ਟੀਚਾ ਮਿੱਥਿਆ ਗਿਆ ਹੈ। ਚੌਗਿਰਦੇ ਦੇ ਅਨੁਕੂਲ ਊਰਜਾ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ 'ਬ੍ਰਿਕਸ ਐਨਰਜੀ ਰਿਸਰਚ ਕੋਆਪ੍ਰੇਸ਼ਨ ਪਲੇਟਫਾਰਮ' ਬਣਾਉਣ ਦਾ ਫੈਸਲਾ ਲਿਆ ਗਿਆ ਹੈ।
ਮਨੋਰਥ ਪੱਤਰ ਵਿਚ ਕੱਟੜਵਾਦ ਅਤੇ ਅੱਤਵਾਦ ਨਾਲ ਨਜਿੱਠਣ, ਅੱਤਵਾਦੀਆਂ ਨੂੰ ਵਿੱਤੀ ਫੰਡਿੰਗ ਦੇ ਸੋਮਿਆਂ 'ਤੇ ਰੋਕ ਲਾਉਣ, ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਅਤੇ ਅੱਤਵਾਦੀ ਸੰਗਠਨਾਂ ਵਲੋਂ ਇੰਟਰਨੈੱਟ ਦੀ ਦੁਰਵਰਤੋਂ ਨੂੰ ਰੋਕਣ ਵਰਗੇ ਮੁੱਦੇ ਮੁੱਖ ਤੌਰ 'ਤੇ ਸ਼ਾਮਿਲ ਹਨ। 'ਬ੍ਰਿਕਸ' ਦੇਸ਼ਾਂ ਦੇ ਸਮੂਹ ਨੇ ਕਿਹਾ ਹੈ ਕਿ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ, ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਅਤੇ ਸਾਜ਼ਿਸ਼ਕਾਰਾਂ ਨੂੰ ਯਕੀਨੀ ਤੌਰ 'ਤੇ ਜੁਆਬਦੇਹ/ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਲੱਗਭਗ 17 ਸਾਲ ਪਹਿਲਾਂ 2001 ਵਿਚ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੇ ਜਿਸ 'ਬ੍ਰਿਕ ਸਮੂਹ' ਨੇ ਕੌਮਾਂਤਰੀ ਕਾਰੋਬਾਰੀ ਮੰਚ 'ਤੇ ਇਕਜੁੱਟ ਹੋ ਕੇ ਅੱਗੇ ਵਧਣ ਲਈ ਕਦਮ ਚੁੱਕੇ ਸਨ, ਉਹੀ ਸਮੂਹ 2011 ਵਿਚ ਦੱਖਣੀ ਅਫਰੀਕਾ ਨੂੰ ਨਾਲ ਲੈ ਕੇ 'ਬ੍ਰਿਕਸ' ਦੇ ਨਾਂ ਨਾਲ ਚਮਕਦਾ ਹੋਇਆ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 'ਬ੍ਰਿਕਸ' ਦੀ ਸਥਾਪਨਾ ਦਾ ਮੁੱਖ ਉਦੇਸ਼ ਆਪਣੇ ਮੈਂਬਰ ਦੇਸ਼ਾਂ ਦੀ ਸਹਾਇਤਾ ਕਰਨਾ ਹੈ।
ਇਹ ਦੇਸ਼ ਇਕ-ਦੂਜੇ ਦੇ ਵਿਕਾਸ ਲਈ ਵਿੱਤੀ, ਤਕਨੀਕ ਦੇ ਖੇਤਰ ਵਿਚ ਇਕ-ਦੂਜੇ ਦੀ ਸਹਾਇਤਾ ਕਰਦੇ ਹਨ। 'ਬ੍ਰਿਕਸ' ਦੇਸ਼ਾਂ ਕੋਲ ਖ਼ੁਦ ਦਾ ਇਕ ਬੈਂਕ ਵੀ ਹੈ, ਜਿਸ ਦਾ ਕੰਮ ਮੈਂਬਰ ਦੇਸ਼ਾਂ ਤੇ ਹੋਰਨਾਂ ਦੇਸ਼ਾਂ ਨੂੰ ਕਰਜ਼ੇ ਦੇ ਰੂਪ ਵਿਚ ਵਿੱਤੀ ਸਹਾਇਤਾ ਦੇਣਾ ਹੈ। 'ਬ੍ਰਿਕਸ' ਦੇਸ਼ਾਂ ਕੋਲ ਦੁਨੀਆ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਲੱਗਭਗ 30 ਫੀਸਦੀ ਹਿੱਸਾ ਹੈ ਅਤੇ ਦੁਨੀਆ ਦਾ 18 ਫੀਸਦੀ ਵਪਾਰ 'ਬ੍ਰਿਕਸ' ਦੇਸ਼ਾਂ ਦੀ ਮੁੱਠੀ 'ਚ ਹੈ।
ਪਿਛਲੇ 10 ਸਾਲਾਂ ਵਿਚ ਇਨ੍ਹਾਂ ਦੇਸ਼ਾਂ ਨੇ ਸੰਸਾਰਕ ਆਰਥਿਕ ਵਿਕਾਸ ਵਿਚ 50 ਫੀਸਦੀ ਹਿੱਸੇਦਾਰੀ ਨਿਭਾਈ ਹੈ ਅਤੇ ਨਾਲ ਹੀ ਪਿਛਲੇ 10 ਸਾਲਾਂ 'ਚ ਉੱਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਸਹਿਯੋਗ ਲਈ 'ਬ੍ਰਿਕਸ' ਇਕ ਅਹਿਮ ਮੰਚ ਬਣ ਗਿਆ ਹੈ। 'ਬ੍ਰਿਕਸ' ਦੇ ਮੈਂਬਰ ਦੇਸ਼ਾਂ ਵਿਚ ਏਸ਼ੀਆ, ਅਫਰੀਕਾ, ਯੂਰਪ ਅਤੇ ਅਮਰੀਕਾ ਦੇ ਦੇਸ਼ ਵੀ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ ਜੀ-20 ਦੇ ਦੇਸ਼ ਵੀ। ਯਕੀਨੀ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 10ਵੇਂ 'ਬ੍ਰਿਕਸ' ਸੰਮੇਲਨ ਵਿਚ ਦਿੱਤਾ ਗਿਆ ਭਾਸ਼ਣ ਬਹੁਤ ਅਹਿਮ ਮੰਨਿਆ ਗਿਆ ਹੈ। ਉਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ ਅਮਰੀਕੀ ਸੁਰੱਖਿਆਵਾਦ ਅਤੇ ਅੱਤਵਾਦ ਦੇ ਮੁੱਦੇ ਨੂੰ ਆਪਣੇ ਭਾਸ਼ਣ ਵਿਚ ਉਠਾਇਆ ਤੇ ਕਿਹਾ ਕਿ ਸਾਰੇ ਰਾਸ਼ਟਰਾਂ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਉਹ ਖੁੱਲ੍ਹੇ ਸੰਸਾਰਕ ਵਪਾਰ ਵਿਚ ਰੁਕਾਵਟ ਨਾ ਬਣਨ ਅਤੇ ਉਨ੍ਹਾਂ ਦੀ ਧਰਤੀ ਉਤੋਂ ਕੋਈ ਵੀ ਅੱਤਵਾਦੀ ਸਰਗਰਮੀ ਨਾ ਚੱਲ ਸਕੇ।
ਮੋਦੀ ਨੇ ਕੌਮਾਂਤਰੀ ਵਪਾਰ ਤੇ ਨਿਯਮਾਂ 'ਤੇ ਆਧਾਰਿਤ ਵਿਸ਼ਵ ਵਿਵਸਥਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 'ਬ੍ਰਿਕਸ' ਸੰਮੇਲਨ ਤੋਂ ਬਾਅਦ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਜੋ ਮੁਲਾਕਾਤ ਕੀਤੀ, ਉਹ ਭਾਰਤ ਲਈ ਬਹੁਤ ਅਹਿਮ ਹੈ।
ਮੋਦੀ ਅਤੇ ਸ਼ੀ ਜਿਨਪਿੰਗ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਦੀਆਂ ਤਾਜ਼ਾ ਮੀਟਿੰਗਾਂ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਬਣੀ ਰਫਤਾਰ ਨੂੰ ਬਰਕਰਾਰ ਰੱਖਣ ਲਈ ਚੀਨ ਦੇ ਰੱਖਿਆ ਮੰਤਰੀ ਅਗਲੇ ਮਹੀਨੇ ਅਗਸਤ ਵਿਚ ਭਾਰਤ ਦਾ ਦੌਰਾ ਕਰਨਗੇ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਵੁਹਾਨ ਵਿਚ ਮੋਦੀ ਨਾਲ ਹੋਈ ਗੈਰ-ਰਸਮੀ ਮੀਟਿੰਗ ਤੋਂ ਬਾਅਦ ਭਾਰਤ-ਚੀਨ ਵਿਚਾਲੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਵਾਸਤੇ ਤਿਆਰ ਹੈ।
ਜ਼ਿਕਰਯੋਗ ਹੈ ਕਿ ਸ਼ੀ ਨੇ ਇਕ ਵਾਰ ਫਿਰ ਮੋਦੀ ਨੂੰ ਦੱਸਿਆ ਕਿ ਉਹ ਇਕ ਗੈਰ-ਰਸਮੀ ਮੀਟਿੰਗ ਲਈ ਅਗਲੇ ਸਾਲ ਭਾਰਤ ਆਉਣ ਦੇ ਉਨ੍ਹਾਂ ਦੇ ਸੱਦੇ ਨੂੰ ਸਵੀਕਾਰ ਕਰ ਕੇ ਕਾਫੀ ਖੁਸ਼ ਹਨ। ਇਸ ਨਾਲ ਭਾਰਤ-ਚੀਨ ਕਾਰੋਬਾਰ 'ਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕ ਭਾਰਤੀ ਕਾਰੋਬਾਰੀ ਵਫ਼ਦ 1-2 ਅਗਸਤ ਨੂੰ ਚੀਨ ਦੀ ਯਾਤਰਾ ਕਰੇਗਾ ਅਤੇ ਸੋਇਆ, ਖੰਡ, ਗੈਰ-ਬਾਸਮਤੀ ਚੌਲਾਂ ਦੀ ਬਰਾਮਦ 'ਤੇ ਚਰਚਾ ਕਰੇਗਾ ਤੇ ਚੀਨ ਤੋਂ ਯੂਰੀਆ ਦੀ ਸੰਭਾਵੀ ਦਰਾਮਦ 'ਤੇ ਵੀ ਗੌਰ ਕਰੇਗਾ।
ਮੋਦੀ ਨੇ ਜੋਹਾਨਸਬਰਗ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ-ਰੂਸ ਵਿਚਾਲੇ ਦੋਸਤੀ ਬਹੁਤ ਗੂੜ੍ਹੀ ਹੈ। ਦੋਹਾਂ ਨੇਤਾਵਾਂ ਨੇ ਆਪਸੀ ਹਿੱਤਾਂ, ਖਾਸ ਤੌਰ 'ਤੇ ਵਪਾਰ, ਨਿਵੇਸ਼, ਊਰਜਾ, ਰੱਖਿਆ ਅਤੇ ਸੈਰ-ਸਪਾਟੇ ਸਬੰਧੀ ਦੁਵੱਲੇ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਯਕੀਨੀ ਤੌਰ 'ਤੇ 10ਵਾਂ 'ਬ੍ਰਿਕਸ' ਸੰਮੇਲਨ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਲਈ ਵੀ ਬਹੁਤ ਉਪਯੋਗੀ ਰਿਹਾ ਹੈ।
'ਬ੍ਰਿਕਸ' ਸੰਮੇਲਨ ਵਿਚ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਕਿ ਜੇਕਰ ਵਿਸ਼ਵ ਵਪਾਰ ਵਿਵਸਥਾ ਉਸ ਤਰ੍ਹਾਂ ਕੰਮ ਨਹੀਂ ਕਰਦੀ, ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ, ਤਾਂ ਡਬਲਯੂ. ਟੀ. ਓ. ਹੀ ਇਕ ਅਜਿਹਾ ਸੰਗਠਨ ਹੈ, ਜਿਥੇ ਇਸ ਨੂੰ ਦਰੁੱਸਤ ਕੀਤਾ ਜਾ ਸਕਦਾ ਹੈ। ਜੇ ਅਜਿਹਾ ਨਾ ਹੋਇਆ ਤਾਂ ਦੁਨੀਆ ਭਰ ਵਿਚ ਤਬਾਹਕੁੰਨ ਵਪਾਰ ਜੰਗਾਂ ਹੀ 21ਵੀਂ ਸਦੀ ਦੀ ਹਕੀਕਤ ਬਣ ਜਾਣਗੀਆਂ।
ਇਸ ਸਿਖਰ ਸੰਮੇਲਨ ਨਾਲ 'ਟ੍ਰੇਡ ਵਾਰ' ਵਿਰੁੱਧ ਸਮੂਹਿਕ ਤੌਰ 'ਤੇ ਇਕਜੁੱਟ ਹੋ ਕੇ ਇਸ ਦੀ ਧਾਰ ਖੁੰਢੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅਮਰੀਕਾ ਦੀ ਵਪਾਰ ਜੰਗ ਚੀਨ ਵਿਰੁੱਧ ਖੁੱਲ੍ਹ ਕੇ ਅਤੇ ਭਾਰਤ 'ਤੇ ਛੋਟੇ-ਮੋਟੇ ਹਮਲਿਆਂ ਦੇ ਰੂਪ ਵਿਚ ਚੱਲ ਰਹੀ ਹੈ। ਰੂਸ 'ਤੇ ਅਮਰੀਕਾ ਦੀਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਪਹਿਲਾਂ ਤੋਂ ਹੀ ਜਾਰੀ ਹਨ।
ਬ੍ਰਾਜ਼ੀਲ ਨਾਲ ਅਮਰੀਕਾ ਦਾ ਚੰਗਾ ਕਾਰੋਬਾਰੀ ਰਿਸ਼ਤਾ ਕਦੇ ਰਿਹਾ ਹੀ ਨਹੀਂ। ਅਜਿਹੀ ਸਥਿਤੀ ਵਿਚ ਸੰਮੇਲਨ ਵਿਚ 'ਬ੍ਰਿਕਸ' ਦੇਸ਼ ਅਮਰੀਕਾ ਦੇ ਇਸ ਹਮਲਾਵਰ ਰਵੱਈਏ ਨੂੰ ਲੈ ਕੇ ਇਕ ਰਣਨੀਤੀ ਨਾਲ ਅੱਗੇ ਵਧੇ ਹਨ। ਇਸ ਆਧਾਰ 'ਤੇ ਦੁਨੀਆ ਦੇ ਕਈ ਹੋਰ ਵਪਾਰਕ ਬਲਾਕ ਵੀ 'ਬ੍ਰਿਕਸ' ਦੇ ਫੈਸਲੇ ਤੋਂ ਬਾਅਦ ਅਮਰੀਕਾ ਦੀਆਂ ਸੁਰੱਖਿਆਵਾਦੀ ਨੀਤੀਆਂ ਵਿਰੁੱਧ ਕਦਮ ਚੁੱਕਣ ਲਈ ਅੱਗੇ ਵਧਣਗੇ।
'ਬ੍ਰਿਕਸ' ਦੇ ਸਾਰੇ ਦੇਸ਼ ਹੁਣ ਪੂਰੀ ਤਾਕਤ ਨਾਲ ਮਨੀਲਾਂਡਰਿੰਗ ਅਤੇ ਅੱਤਵਾਦੀਆਂ ਨੂੰ ਮਿਲਣ ਵਾਲੇ ਧਨ ਵਿਰੁੱਧ ਸਾਂਝੀ ਕਾਰਵਾਈ ਕਰਨਗੇ ਅਤੇ ਸਾਈਬਰ ਸਪੇਸ ਵਿਚ ਕੱਟੜਪੰਥੀ ਪ੍ਰਭਾਵ 'ਤੇ ਨਜ਼ਰ ਰੱਖਣਗੇ। ਇਸ ਨਾਲ ਅੱਤਵਾਦ ਵਿਰੁੱਧ ਸੰਘਰਸ਼ ਵਿਚ ਕਾਫੀ ਸਹਾਇਤਾ ਮਿਲੇਗੀ। jlbhandari@gmail.com
ਮੀਨਾ ਕੁਮਾਰੀ : 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ'
NEXT STORY