ਪਿਛਲੇ ਮਹੀਨੇ ਦਿੱਲੀ ਵਿਚ ਅੰਕਿਤ ਸਕਸੈਨਾ ਨਾਮੀ ਨੌਜਵਾਨ ਦੀ ਉਸ ਦੀ ਮੁਸਲਿਮ ਪ੍ਰੇਮਿਕਾ ਦੇ ਪਰਿਵਾਰ ਵਲੋਂ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਕਾਰਨ ਆਪੇ ਬਣੇ ਸੈਕੁਲਰਿਸਟਾਂ ਵਿਚ ਬੇਚੈਨੀ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਦੋ ਮੁੱਖ ਕਾਰਨ ਹਨ। ਪਹਿਲਾ ਇਹ ਕਿ ਅਪਰਾਧ ਦੇਸ਼ ਦੇ ਕਿਸੇ ਪੱਛੜੇ ਖੇਤਰ ਵਿਚ ਨਾ ਹੋ ਕੇ ਰਾਜਧਾਨੀ ਦਿੱਲੀ ਵਿਚ ਹੋਇਆ ਹੈ ਤੇ ਦੂਜਾ ਇਸ ਘਿਨਾਉਣੇ ਕਾਂਡ ਦੀ ਮਾਨਸਿਕਤਾ ਦੇ ਕੇਂਦਰਬਿੰਦੂ ਵਿਚ ਨਫਰਤ ਹੈ।
ਅਜਿਹੀ ਸਥਿਤੀ ਵਿਚ ਕਥਿਤ ਸੈਕੁਲਰ ਜਮਾਤ (ਆਪੇ ਬਣੇ ਪ੍ਰਗਤੀਵਾਦੀਆਂ-ਉਦਾਰਵਾਦੀਆਂ ਸਮੇਤ) ਲਈ ਮਾਮਲੇ ਵਿਚ ਤੱਥਾਂ ਨੂੰ ਤੋੜਨਾ-ਮਰੋੜਨਾ ਮੁਸ਼ਕਿਲ ਹੈ। ਸੁਭਾਵਿਕ ਤੌਰ 'ਤੇ ਅੰਕਿਤ ਹੱਤਿਆ ਕਾਂਡ ਬਾਰੇ ਚਰਚਾ ਤੱਥਾਂ 'ਤੇ ਹੀ ਆਧਾਰਿਤ ਹੋਵੇਗੀ।
ਹਿੰਦੂ-ਮੁਸਲਿਮ ਕਿਸੇ ਵੀ ਮਾਮਲੇ ਵਿਚ ਸੈਕੁਲਰ ਜਮਾਤ ਦੀ ਰਾਏ ਉਨ੍ਹਾਂ ਦੇ ਚਿੰਤਨ ਅਤੇ ਅਗਾਊਂ ਧਾਰਨਾ ਤੋਂ ਪ੍ਰਭਾਵਿਤ ਹੁੰਦੀ ਹੈ, ਨਾ ਕਿ ਅਸਲੀ ਘਟਨਾ ਜਾਂ ਤੱਥਾਂ ਤੋਂ। ਉਨ੍ਹਾਂ ਮੁਤਾਬਿਕ ਘੱਟਗਿਣਤੀ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਮੁਸਲਮਾਨ ਹਿੰਦੂਵਾਦ ਦੀ ਜ਼ਹਿਰੀਲੀ ਵਿਚਾਰਧਾਰਾ ਦਾ ਸ਼ਿਕਾਰ ਹੋਏ ਹਨ।
ਅਜਿਹੇ ਮਾਮਲਿਆਂ ਵਿਚ ਅਕਸਰ ਘਟਨਾ ਨਾਲ ਸੰਬੰਧਤ ਤੱਥਾਂ ਨੂੰ ਇਸ ਹੱਦ ਤਕ ਵਿਗਾੜਿਆ ਜਾਂਦਾ ਹੈ ਕਿ ਉਹ ਸੈਕੁਲਰਿਸਟਾਂ ਦੇ ਸਥਾਪਤ ਵਿਚਾਰ-ਵਟਾਂਦਰੇ ਵਿਚ ਆਸਾਨੀ ਨਾਲ ਢਲ ਜਾਣ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਬਲ ਮਿਲ ਜਾਵੇ ਪਰ ਅੰਕਿਤ ਦੇ ਮਾਮਲੇ ਵਿਚ ਅਜਿਹਾ ਕਰਨਾ ਸੌਖਾ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆਪਣੀ ਰਣਨੀਤੀ ਹੀ ਬਦਲ ਦਿੱਤੀ।
ਅੰਕਿਤ ਦੀ ਹੱਤਿਆ ਦੇ ਕਾਰਨਾਂ 'ਤੇ ਸਹੀ ਢੰਗ ਨਾਲ ਚਰਚਾ ਨਹੀਂ ਹੋ ਰਹੀ, ਉਲਟਾ ਸੈਕੁਲਰਿਸਟਾਂ ਨੇ ਉਨ੍ਹਾਂ ਲੋਕਾਂ ਜਾਂ ਸੰਗਠਨਾਂ ਨੂੰ ਫਿਰਕੂ ਦੱਸ ਦਿੱਤਾ, ਜਿਹੜੇ ਇਸ ਘਿਨਾਉਣੀ ਹੱਤਿਆ 'ਤੇ ਵਿਰੋਧ ਪ੍ਰਗਟਾਉਂਦਿਆਂ ਮੁਜ਼ਾਹਰੇ ਕਰ ਰਹੇ ਹਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ।
ਜਿਸ ਤਰ੍ਹਾਂ ਦਿੱਲੀ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿਚ ਅੰਕਿਤ ਨੂੰ ਗਲਾ ਵੱਢ ਕੇ ਮਾਰਿਆ ਗਿਆ ਤੇ ਸੈਂਕੜੇ ਲੋਕ ਚੁੱਪਚਾਪ ਇਹ ਸਭ ਦੇਖਦੇ ਰਹੇ, ਉਹ ਇਰਾਕ ਤੇ ਸੀਰੀਆ ਵਰਗੇ ਦੇਸ਼ਾਂ ਵਿਚ ਆਈ. ਐੱਸ. ਵਲੋਂ ਜਨਤਕ ਤੌਰ 'ਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਭਿਆਨਕ ਵੰਨਗੀ ਪ੍ਰਤੀਤ ਹੁੰਦੀ ਹੈ।
ਵਿਗੜੇ ਸੈਕੁਲਰ ਵਿਚਾਰ ਮੁਤਾਬਿਕ ਅੰਕਿਤ ਦੀ ਹੱਤਿਆ ਫਿਰਕੂ ਨਹੀਂ ਹੈ। ਇਸ ਲਈ ਇਸਦੇ ਪਿਛੇ ਦੀ ਸੋਚ ਤੇ ਉਸ ਤੋਂ ਪ੍ਰੇਰਿਤ ਨਫਰਤ 'ਤੇ ਚਰਚਾ ਕਰਨ ਦੀ ਕੋਈ ਲੋੜ ਨਹੀਂ। ਅਸਲ ਵਿਚ ਉਨ੍ਹਾਂ ਦਾ ਮੂਲ ਉਦੇਸ਼ ਇਹ ਸਥਾਪਤ ਕਰਨਾ ਹੈ ਕਿ ਹਿੰਸਾ ਦੇ ਸ਼ਿਕਾਰ ਅਤੇ ਕਾਤਲਾਂ ਦੇ ਮਜ਼੍ਹਬ ਦਾ ਹੱਤਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜੁਨੈਦ ਦੀ ਹੱਤਿਆ ਨੂੰ ਕਿਸ ਨੇ ਫਿਰਕੂ ਰੰਗ ਦਿੱਤਾ, ਜਿਸ ਨੇ ਪਿਛਲੇ ਦਿਨੀਂ ਰੇਲ ਗੱਡੀ ਵਿਚ ਸੀਟ ਨੂੰ ਲੈ ਕੇ ਹੋਈ ਬਹਿਸ 'ਚ ਆਪਣੀ ਜਾਨ ਗੁਆ ਲਈ ਸੀ। ਅਜਿਹੇ ਝਗੜੇ ਦੇਸ਼ ਦੀਆਂ ਜ਼ਿਆਦਾਤਰ ਰੇਲਾਂ ਵਿਚ ਆਮ ਦੇਖਣ ਨੂੰ ਮਿਲਦੇ ਹਨ, ਫਿਰ ਵੀ ਇਸ ਘਟਨਾ ਨੂੰ ਸੈਕੁਲਰਿਸਟਾਂ ਨੇ 'ਅਸਹਿਣਸ਼ੀਲਤਾ' ਦੱਸ ਕੇ ਦੁਨੀਆ ਵਿਚ ਭਾਰਤ ਦਾ ਅਕਸ ਕਲੰਕਿਤ ਕੀਤਾ। ਇਥੋਂ ਤਕ ਕਿ ਇਸ ਘਟਨਾ ਲਈ 'ਕੱਟੜ ਹਿੰਦੂਵਾਦ' ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਸੇ ਤਰ੍ਹਾਂ ਦਾਦਰੀ ਵਿਚ ਸਥਿਤ ਗਊ ਹੱਤਿਆ ਦੇ ਸ਼ੱਕ ਨੂੰ ਲੈ ਕੇ ਭੜਕੇ ਸਥਾਨਕ ਲੋਕਾਂ ਵਲੋਂ ਅਖਲਾਕ ਦੀ ਮੰਦਭਾਗੀ ਹੱਤਿਆ ਦੇ ਮਾਮਲੇ ਦਾ ਵੀ ਕੌਮਾਂਤਰੀਕਰਨ ਹੋਇਆ ਤੇ ਭਾਜਪਾ ਨੂੰ ਇਸ ਦੇ ਲਈ ਕਟਹਿਰੇ ਵਿਚ ਖੜ੍ਹੀ ਕੀਤਾ ਗਿਆ।
ਇਸ ਦੇ ਉਲਟ ਜਦੋਂ ਯੂ. ਪੀ. ਦੇ ਕਾਸਗੰਜ ਵਿਚ ਤਿਰੰਗਾ ਯਾਤਰਾ ਦੌਰਾਨ ਪਾਕਿ ਵਿਰੋਧੀ ਨਾਅਰੇ ਲਾਉਣ 'ਤੇ ਕੁਝ ਮੁਸਲਮਾਨਾਂ ਨੇ ਚੰਦਨ ਨਾਮੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਉਦੋਂ ਇਨ੍ਹਾਂ ਹੀ ਸੈਕੁਲਰਿਸਟਾਂ ਨੇ ਘਟਨਾ ਨੂੰ ਕਾਨੂੰਨ ਵਿਵਸਥਾ ਨਾਲ ਜੋੜ ਕੇ ਯੋਗੀ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਲਿਆ।
ਇਸ ਮਾਮਲੇ ਵਿਚ ਚੰਦਨ ਤੇ ਉਸ ਦੇ ਸਾਥੀਆਂ ਦੀ ਇਹ ਕਹਿ ਕੇ ਨਿੰਦਾ ਕੀਤੀ ਗਈ ਕਿ ਉਨ੍ਹਾਂ ਨੂੰ ਮੁਸਲਿਮ ਇਲਾਕੇ ਵਿਚ 'ਪਾਕਿਸਤਾਨ ਮੁਰਦਾਵਾਦ' ਦੇ ਨਾਅਰੇ ਲਾਉਣ ਦੀ ਕੀ ਲੋੜ ਸੀ? ਅਜਿਹੇ ਅਨੋਖੇ ਵਿਚਾਰ ਆਪੇ ਬਣੇ ਸੈਕੁਲਰਿਸਟਾਂ ਅਤੇ ਇਕ ਪ੍ਰਸ਼ਾਸਨਿਕ ਅਧਿਕਾਰ ਵਲੋਂ ਸਾਹਮਣੇ ਆਏ।
ਅੰਕਿਤ ਦੀ ਹੱਤਿਆ ਲਈ ਕੌਣ ਜ਼ਿੰਮੇਵਾਰ ਹੈ? ਜੇ ਅਖਲਾਕ, ਜੁਨੈਦ ਅਤੇ ਪਹਿਲੂ ਖਾਨ ਦੇ ਕਾਤਲਾਂ ਨੂੰ ਇਸ ਘਿਨਾਉਣੇ ਕਾਰੇ ਲਈ ਹਿੰਦੂਵਾਦ ਨੇ ਉਕਸਾਇਆ ਤਾਂ ਅੰਕਿਤ ਦੇ ਗਲਾ ਚਾਕੂ ਨਾਲ ਵੱਢਣ ਵਾਲੇ ਹੈਵਾਨਾਂ ਨੂੰ ਕਿਸ ਮਾਨਸਿਕਤਾ ਨੇ ਹੱਲਾਸ਼ੇਰੀ ਦਿੱਤੀ? ਇਸ ਸਵਾਲ ਦਾ ਜਵਾਬ ਦੂਜੇ ਸਵਾਲ ਦੇ ਜਵਾਬ ਵਿਚ ਲੁਕਿਆ ਹੈ।
ਜੇ ਅੰਕਿਤ ਮੁਸਲਮਾਨ ਹੁੰਦਾ ਤਾਂ ਕੀ ਉਸ ਨੂੰ 'ਸ਼ਹਿਜ਼ਾਦੀ' ਦੇ ਪਰਿਵਾਰ ਵਾਲੇ ਉਸੇ ਤਰ੍ਹਾਂ ਬੇਰਹਿਮੀ ਨਾਲ ਮਾਰਦੇ? ਜੇ ਚੰਦਨ ਕਾਸਗੰਜ ਦੇ ਉਸ ਮੁਸਲਿਮ ਬਹੁਲਤਾ ਵਾਲੇ ਇਲਾਕੇ ਵਿਚ ਪਾਕਿ ਵਿਰੋਧੀ ਨਾਅਰੇ ਨਾ ਲਾਉਂਦਾ ਤਾਂ ਕੀ ਉਹ ਅੱਜ ਜਿਊਂਦਾ ਨਾ ਹੁੰਦਾ? ਹੁਣ ਕਿਉਂਕਿ ਇਹ ਦੋਵੇਂ ਹੱਤਿਆਵਾਂ ਅਤੇ ਇਨ੍ਹਾਂ ਦੇ ਕਾਰਨ ਸੈਕੁਲਰਿਸਟ ਵਿਚਾਰ ਦੇ ਅਨੁਕੂਲ ਨਹੀਂ ਹਨ, ਇਸ ਲਈ ਇਨ੍ਹਾਂ ਘਿਨਾਉਣੇ ਅਪਰਾਧਾਂ ਦੀ ਵਿਆਖਿਆ ਕਰਨ ਦੀ ਲੋੜ ਹੀ ਨਹੀਂ।
ਕਲਪਨਾ ਕਰੋ, ਜੇ ਅੰਕਿਤ ਮੁਸਲਮਾਨ ਹੁੰਦਾ ਤੇ ਉਸ ਦੀ ਪ੍ਰੇਮਿਕਾ ਦਾ ਪਰਿਵਾਰ ਹਿੰਦੂ ਹੁੰਦਾ ਤਾਂ ਦੇਸ਼ ਵਿਚ 'ਨਾਟ ਇਨ ਮਾਈ ਨੇਮ' ਵਰਗਾ ਅੰਦੋਲਨ ਰਫਤਾਰ ਫੜ ਚੁੱਕਾ ਹੁੰਦਾ, ਅਸਹਿਣਸ਼ੀਲਤਾ ਦੇ ਨਾਂ 'ਤੇ ਵਿਰੋਧੀ ਧਿਰ ਸੰਸਦ ਵਿਚ ਸੱਤਾਧਾਰੀ ਭਾਜਪਾ ਅਤੇ ਸੰਘ ਪਰਿਵਾਰ ਨੂੰ ਦੋਸ਼ੀ ਠਹਿਰਾਉਂਦੀ, ਫਿਲਮੀ ਹਸਤੀਆਂ ਨੂੰ ਦੇਸ਼ ਭਰ ਵਿਚ ਡਰ ਲੱਗਣ ਲੱਗ ਪੈਂਦਾ ਤੇ ਐਵਾਰਡ ਵਾਪਸੀ ਦਾ ਦੌਰ ਸ਼ੁਰੂ ਹੋ ਜਾਂਦਾ।
ਬੌਧਿਕ ਪੱਧਰ 'ਤੇ ਅੰਕਿਤ ਦੀ ਹੱਤਿਆ ਨੂੰ ਦੋ ਵੱਖ-ਵੱਖ ਵਿਚਾਰਧਾਰਾਵਾਂ ਦੀ ਬਜਾਏ 2 ਪਰਿਵਾਰਾਂ ਵਿਚਲੇ ਨਿੱਜੀ ਮੱਤਭੇਦਾਂ ਦਾ ਮਾਮਲਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਅਸਲੀਅਤ ਤੋਂ ਕੋਹਾਂ ਦੂਰ ਹੈ। ਮੁਸਲਿਮ ਸਮਾਜ ਦਾ ਇਕ ਵੱਡਾ ਵਰਗ ਅੱਜ ਵੀ ਉਨ੍ਹਾਂ ਹੀ ਅੰਤਰ-ਮਜ਼੍ਹਬੀ ਵਿਆਹਾਂ ਨੂੰ ਖੁਸ਼ੀ-ਖੁਸ਼ੀ ਕਬੂਲਦਾ ਹੈ, ਜਿਨ੍ਹਾਂ ਵਿਚ ਮੁਸਲਿਮ ਨੌਜਵਾਨ ਉਸ ਹਿੰਦੂ ਜਾਂ ਇਸਾਈ ਲੜਕੀ ਨਾਲ ਨਿਕਾਹ ਕਰਦੇ ਹਨ, ਜਿਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਹੁੰਦਾ ਹੈ।
ਸੈਕੁਲਰਿਸਟ ਆਧੁਨਿਕਵਾਦੀ ਸੋਚ ਦਾ ਸਿੱਟਾ ਦੱਸ ਕੇ ਅਜਿਹੇ ਸੰਬੰਧਾਂ ਦਾ ਸਵਾਗਤ ਵੀ ਕਰਦੇ ਹਨ ਪਰ ਜਦੋਂ ਇਕ ਮੁਸਲਿਮ ਲੜਕੀ ਕਿਸੇ ਹਿੰਦੂ ਨੌਜਵਾਨ ਨਾਲ ਵਿਆਹ ਕਰਵਾਉਂਦੀ ਹੈ ਜਾਂ ਕਰਨਾ ਚਾਹੁੰਦੀ ਹੈ ਤਾਂ ਮਜ਼੍ਹਬ ਦੇ ਨਾਂ 'ਤੇ ਅਕਸਰ ਹਿੰਸਕ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਹੈ।
ਹਿੰਦੂਆਂ ਵਿਚ ਅੰਤਰ-ਮਜ਼੍ਹਬੀ ਵਿਆਹ ਦੇ ਵਿਰੋਧ ਦੇ ਆਪਣੇ ਕਾਰਨ ਹਨ, ਖਾਸ ਕਰਕੇ ਮੁਸਲਿਮ ਲੜਕੇ ਅਤੇ ਹਿੰਦੂ ਲੜਕੀ ਵਿਚਾਲੇ। ਪਿਛਲੇ ਕੁਝ ਵਰ੍ਹਿਆਂ ਤੋਂ ਕਈ ਰਾਸ਼ਟਰਵਾਦੀ ਤੇ ਸਿਆਸਤਦਾਨ ਜ਼ਿਆਦਾਤਰ ਅਜਿਹੇ ਵਿਆਹਾਂ ਨੂੰ 'ਲਵ ਜੇਹਾਦ' ਵਜੋਂ ਪ੍ਰਭਾਸ਼ਿਤ ਕਰ ਰਹੇ ਹਨ।
ਹਾਲ ਹੀ ਦੇ ਦਿਨਾਂ ਵਿਚ ਕੇਰਲਾ 'ਚ ਅਜਿਹੇ ਕਈ ਮਾਮਲੇ ਸਾਹਮਣੇ ਵੀ ਆਏ ਹਨ, ਜਿਨ੍ਹਾਂ ਦੀ ਜਾਂਚ ਸੁਪਰੀਮ ਕੋਰਟ ਦੇ ਹੁਕਮ 'ਤੇ ਐੱਨ. ਆਈ. ਏ. ਕਰ ਰਹੀ ਹੈ। ਲਵ ਜੇਹਾਦ ਦੇ ਮਾਮਲਿਆਂ ਵਿਚ ਦੋਸ਼ ਹੈ ਕਿ ਗੈਰ-ਮੁਸਲਿਮ ਕੁੜੀਆਂ ਨੂੰ ਅਕਸਰ ਪਿਆਰ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਇਸਲਾਮ ਵਿਚ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤੇ ਨਿਕਾਹ ਤੋਂ ਬਾਅਦ ਉਨ੍ਹਾਂ ਵਿਚ ਕੱਟੜਤਾ ਭਰ ਕੇ ਉਨ੍ਹਾਂ ਨੂੰ ਆਈ. ਐੱਸ. ਵਿਚ ਸ਼ਾਮਿਲ ਹੋਣ ਲਈ ਦਬਾਅ ਪਾਇਆ ਜਾਂਦਾ ਹੈ। ਅਜਿਹੇ ਨਿਕਾਹ ਦਾ ਮਜ਼੍ਹਬੀ ਨਿਕਾਹ ਨਾਲ ਕੋਈ ਸੰਬੰਧ ਨਹੀਂ ਹੁੰਦਾ।
ਭਾਰਤ ਵਿਚ ਸਾਰੇ ਨਾਗਰਿਕਾਂ ਨੂੰ ਅੰਤਰ-ਮਜ਼੍ਹਬੀ ਤੇ ਅੰਤਰਜਾਤੀ ਵਿਆਹ ਕਰਵਾਉਣ ਦਾ ਅਧਿਕਾਰ ਹੈ। ਇਸ ਵਿਚ ਅੜਿੱਕਾ ਡਾਹੁਣ ਵਾਲਿਆਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਵੀ ਹਨ ਪਰ ਜਿਸ ਵਿਆਹ ਸੰਬੰਧ ਵਿਚ ਅੱਤਵਾਦ ਦੀ ਗੱਲ ਸ਼ਾਮਲ ਹੋਵੇ, ਉਹ ਕਿਸੇ ਵੀ ਬੁੱਧੀਜੀਵੀ/ਸੱਭਿਅਕ ਸਮਾਜ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਅੰਕਿਤ ਹੱਤਿਆ ਕਾਂਡ ਨਾਲ ਕੁਝ ਅਹਿਮ ਸਵਾਲ ਉੱਠੇ ਹਨ, ਜਿਵੇਂ ਕੀ ਦੇਸ਼ ਵਿਚ ਹਿੰਦੂ ਤੋਂ ਮੁਸਲਮਾਨ ਬਣਨਾ 'ਸੈਕੁਲਰ' ਅਤੇ ਉਲਟ 'ਫਿਰਕੂ' ਹੈ? ਕੀ ਇਸਲਾਮ ਛੱਡਣ ਵਾਲੇ ਨੂੰ 'ਕਾਫ਼ਿਰ-ਕੁਫ਼ਰ' ਵਾਂਗ ਮੌਤ ਦੇ ਘਾਟ ਉਤਾਰਨਾ ਕੱਟੜ ਇਸਲਾਮ ਦੀ ਮੂਲ ਧਾਰਨਾ ਵਿਚ ਹਰੇਕ ਸੱਚੇ ਮੁਸਲਮਾਨ ਦਾ ਮਜ਼੍ਹਬੀ ਫਰਜ਼ ਨਹੀਂ ਦੱਸਿਆ ਗਿਆ? ਕੀ ਇਹ ਸੱਚ ਨਹੀਂ ਕਿ ਅੰਕਿਤ ਦਾ ਕਤਲ ਸਿਰਫ ਇਸ ਲਈ ਕੀਤਾ ਗਿਆ ਕਿਉਂਕਿ ਉਹ ਹਿੰਦੂ ਸੀ ਅਤੇ ਆਪਣੀ ਮੁਸਲਿਮ ਪ੍ਰੇਮਿਕਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ?
ਮੁਸਲਿਮ ਸਮਾਜ ਵਿਚ ਇਸਲਾਮ ਕਬੂਲਣ ਵਾਲੇ ਕਿਸੇ ਵੀ ਹੋਰ ਮਜ਼੍ਹਬ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਪਰ ਇਸਲਾਮ ਛੱਡ ਕੇ ਦੂਜੇ ਧਰਮ ਨੂੰ ਅਪਣਾਉਣਾ ਤੇ ਉਸ ਦੀਆਂ ਰਵਾਇਤਾਂ 'ਤੇ ਚੱਲਣਾ ਕੀ 'ਹਰਾਮ' ਨਹੀਂ ਮੰਨਿਆ ਜਾਂਦਾ? ਕੀ ਭਾਰਤ ਵਿਚ ਸੈਕੁਲਰਿਸਟਾਂ ਲਈ 'ਧਰਮ ਪਰਿਵਰਤਨ ਦਾ ਅਧਿਕਾਰ' ਸਿਰਫ ਇਸਲਾਮ ਕਬੂਲਣ ਤਕ ਸੀਮਤ ਹੈ? ਕੀ ਅੰਕਿਤ ਦੀ ਹੱਤਿਆ ਮਜ਼੍ਹਬ ਦੇ ਨਾਂ 'ਤੇ ਨਹੀਂ ਹੋਈ? ਆਖਿਰ ਕਿਉਂ ਕੁਝ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਵਿਰੋਧੀ ਨਾਅਰੇ ਇਸ ਹੱਦ ਤਕ ਭੜਕਾ ਦਿੰਦੇ ਹਨ ਕਿ ਉਹ ਨਾਅਰਾ ਲਾਉਣ ਵਾਲੇ ਦੀ ਜਾਨ ਤਕ ਲੈ ਲੈਂਦੇ ਹਨ?
ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ ਬਜਟ ਦੀ ਘਾਟ
NEXT STORY