ਮੋਹਾਲੀ : ਸ਼ੇਰ-ਏ-ਪੰਜਾਬ ਟੀ-20 ਕੱਪ ’ਚ ਅੱਜ ਇੱਥੋਂ ਦੇ ਆਈ. ਐੱਸ. ਬਿੰਦਰਾ ਸਟੇਡੀਅਮ ’ਚ ਭਾਰਤੀ ਸਿਤਾਰੇ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਆਹਮੋ-ਸਾਹਮਣੇ ਹੋਣਗੇ ਜਦੋਂ ਅੰਮ੍ਰਿਤਸਰ ਸੂਰਮਾਜ਼ ਦਾ ਮੁਕਾਬਲਾ ਫਾਜ਼ਿਲਕਾ ਫਾਲਕਨਜ਼ ਨਾਲ ਹੋਵੇਗਾ। ਜਿੱਤ ਦੀ ਰਾਹ ’ਤੇ ਵਾਪਸੀ ਦੇ ਇਰਾਦੇ ਨਾਲ ਉਤਰ ਰਹੀ ਸੂਰਮਾਜ਼ ਲਈ ਇਹ ਮੁਕਾਬਲਾ ਟੂਰਨਾਮੈਂਟ ਦੇ ਸਭ ਤੋਂ ਵੱਡੇ ਖਿੱਚ ਦੇ ਕੇਂਦਰਾਂ ’ਚੋਂ ਇਕ ਮੰਨਿਆ ਜਾ ਰਹਾ ਹੈ।
ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਅੰਮ੍ਰਿਤਸਰ ਦੇ ਕਪਤਾਨ ਅਭਿਸ਼ੇਕ ਸ਼ਰਮਾ ’ਤੇ ਹੋਣਗੀਆਂ, ਜਿਸ ਦੀ ਨਿੱਡਰ ਬੱਲੇਬਾਜ਼ੀ ਕੁਝ ਹੀ ਓਵਰਾਂ ’ਚ ਮੈਚ ਦਾ ਰੁਖ਼ ਬਦਲਣ ਦਾ ਦਮ ਰੱਖਦੀ ਹੈ। ਉਸ ਦੇ ਨਾਲ ਨਮਨ ਧੀਰ ਆਪਣੀ ਹਮਲਾਵਰ ਬੱਲੇਬਾਜ਼ੀ ਨੂੰ ਜਾਰੀ ਰੱਖਣਾ ਚਾਹੇਗਾ, ਜਦਕਿ ਅਭੈ ਚੌਧਰੀ ਤੇ ਰਾਹੁਲ ਕੁਮਾਰ ਮੱਧਕ੍ਰਮ ’ਚ ਪਾਰੀ ਨੂੰ ਸੰਭਾਲਣ ਅਤੇ ਅੰਤ ’ਚ ਤੇਜ਼ ਦੌੜਾਂ ਜੋੜਨ ਦੀ ਜ਼ਿੰਮੇਵਾਰੀ ਨਿਭਾਉਣਗੇ। ਉੱਥੇ ਹੀ, ਸਹਿਜ ਧਵਨ ਅਤੇ ਜਸ਼ਨਪ੍ਰੀਤ ਸਿੰਘ ਸਿੱਧੂ ਤੋਂ ਵੀ ਟੀਮ ਨੂੰ ਅਹਿਮ ਯੋਗਦਾਨ ਦੀ ਉਮੀਦ ਰਹੇਗੀ। ਗੇਂਦਬਾਜ਼ੀ ’ਚ ਅੰਮ੍ਰਿਤਸਰ ਇਕ ਹੋਰ ਅਨੁਸ਼ਾਸਿਤ ਪ੍ਰਦਰਸ਼ਨ ਦੀ ਉਮੀਦ ਕਰੇਗਾ। ਆਕਾਸ਼ ਪਾਂਡੇ ਤੇ ਮਯੰਕ ਮਾਰਕੰਡੇ ਵਿਚਾਲੇ ਦੇ ਓਵਰਾਂ ’ਚ ਦਬਾਅ ਬਣਾਉਣ ਅਤੇ ਫਾਜ਼ਿਲਕਾ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਤੋਂ ਰੋਕਣ ’ਚ ਮਹੱਤਵਪੂਰਨ ਭੂਮਿਕਾ ਨਿਭਾਆ ਸਕਦਾ ਹੈ।
ਉੱਥੇ ਹੀ ਦੂਜੇ ਪਾਸੇ, ਫਾਜ਼ਿਲਕਾ ਫਾਲਕਨਜ਼ ਕੋਲ ਵੀ ਭਾਰਤੀ ਟੈਸਟ ਤੇ ਵਨ ਡੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ’ਚ ਬੇਹੱਦ ਮਜ਼ਬੂਤ ਟੀਮ ਹੈ। ਸਨਵੀਰ ਸਿੰਘ, ਰਘੂ ਸ਼ਰਮਾ, ਅੰਸ਼ੁਲ ਚੌਧਰੀ, ਈਸ਼ ਰਾਓ ਅਤੇ ਪ੍ਰੇਰਿਤ ਦੱਤਾ ਵਰਗੇ ਖਿਡਾਰੀ ਉਸ ਦੀ ਬੱਲੇਬਾਜ਼ੀ ਨੂੰ ਹੋਰ ਡੂੰਘਾਈ ਦਿੰਦੇ ਹਨ, ਜਿਸ ਨਾਲ ਸੋਮਵਾਰ ਦਾ ਇਹ ਮੁਕਾਬਲਾ ਦੋ ਸਟਾਰ ਖਿਡਾਰੀਆਂ ਨਾਲ ਸਜੀਅਾਂ ਟੀਮਾਂ ਵਿਚਾਲੇ ਰੋਮਾਂਚਕ ਜੰਗ ਬਣਨ ਜਾ ਰਿਹਾ ਹੈ।
ਅੰਮ੍ਰਿਤਸਰ ਸੂਰਮਾਜ਼ ਇਸ ਮੁਕਾਬਲੇ ’ਚ ਬਠਿੰਡਾ ਰਾਇਲਜ਼ ਵਿਰੁੱਧ ਮੀਂਹ ਤੋਂ ਪ੍ਰਭਾਵਿਤ 11-11 ਓਵਰਾਂ ਦੇ ਮੈਚ ’ਚ 8 ਵਿਕਟਾਂ ਦੀ ਹਾਰ ਤੋਂ ਬਾਅਦ ਉਤਰਨਗੇ। ਅਜਿਹੇ ’ਚ ਟੀਮ ਆਪਣੀ ਹਾਂ-ਪੱਖੀ ਸੋਚ ਨੂੰ ਜਿੱਤ ’ਚ ਬਦਲ ਕੇ ਟੂਰਨਾਮੈਂਟ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ।
ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਖਿਤਾਬ
NEXT STORY