ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਈਪੀਐਲ 2026 ਦੇ ਸੀਜ਼ਨ ਦੌਰਾਨ ਮੈਚ ਖੇਡਣ ਦੀਆਂ ਸਥਿਤੀਆਂ ਵਿੱਚ ਵੱਡਾ ਬਦਲਾਅ ਕਰਦਿਆਂ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਇਹ ਨਵੇਂ ਨਿਯਮ ਖਾਸ ਤੌਰ 'ਤੇ ਉਨ੍ਹਾਂ ਖਿਡਾਰੀਆਂ ਲਈ ਹਨ ਜੋ ਪਲੇਇੰਗ-11 ਦਾ ਹਿੱਸਾ ਨਹੀਂ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਖਿਡਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਨਵੇਂ ਨਿਯਮਾਂ ਅਨੁਸਾਰ, ਹੁਣ ਮੈਚ ਦੌਰਾਨ ਬੈਂਚ 'ਤੇ ਬੈਠੇ ਖਿਡਾਰੀ ਮੈਦਾਨ ਦੇ ਆਲੇ-ਦੁਆਲੇ ਬਿਨਾਂ ਵਜ੍ਹਾ ਨਹੀਂ ਘੁੰਮ ਸਕਣਗੇ। ਸਿਰਫ਼ ਉਨ੍ਹਾਂ 16 ਖਿਡਾਰੀਆਂ ਨੂੰ ਹੀ ਮੈਦਾਨ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਦੇ ਨਾਮ ਮੈਚ ਦੀ ਟੀਮ ਸ਼ੀਟ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਖਿਡਾਰੀ ਵੀ ਸਿਰਫ਼ ਬਹੁਤ ਜ਼ਰੂਰੀ ਕੰਮਾਂ, ਜਿਵੇਂ ਕਿ ਡਰਿੰਕਸ ਲਿਜਾਣ ਜਾਂ ਬੱਲੇਬਾਜ਼ਾਂ ਨੂੰ ਸੁਨੇਹਾ ਦੇਣ ਲਈ ਹੀ ਮੈਦਾਨ ਅੰਦਰ ਜਾ ਸਕਦੇ ਹਨ।
ਬੀਸੀਸੀਆਈ ਵੱਲੋਂ ਜਾਰੀ ਹਦਾਇਤਾਂ ਮੁਤਾਬਕ, ਬਾਊਂਡਰੀ ਰੋਪ (ਰੱਸੀ) ਦੇ ਨੇੜੇ ਸਿਰਫ਼ ਪੰਜ ਖਿਡਾਰੀ ਹੀ ਖੜ੍ਹੇ ਹੋ ਸਕਦੇ ਹਨ ਜਾਂ ਘੁੰਮ ਸਕਦੇ ਹਨ। ਇਹ ਪੰਜ ਖਿਡਾਰੀ ਵੀ ਟੀਮ ਸ਼ੀਟ ਵਿੱਚ ਨਾਮਜ਼ਦ 16 ਖਿਡਾਰੀਆਂ ਵਿੱਚੋਂ ਹੀ ਹੋਣੇ ਚਾਹੀਦੇ ਹਨ। ਬਾਕੀ ਦੇ ਸਾਰੇ ਖਿਡਾਰੀਆਂ ਨੂੰ ਸਿਰਫ਼ ਡਗਆਊਟ ਵਿੱਚ ਹੀ ਬੈਠਣਾ ਪਵੇਗਾ। ਉਹ ਬਾਊਂਡਰੀ ਲਾਈਨ ਅਤੇ LED ਵਿਗਿਆਪਨ ਬੋਰਡਾਂ ਦੇ ਵਿਚਕਾਰਲੇ ਖੇਤਰ ਵਿੱਚ ਨਹੀਂ ਜਾ ਸਕਣਗੇ।
ਆਮ ਤੌਰ 'ਤੇ ਆਈਪੀਐਲ ਦੀ ਹਰੇਕ ਟੀਮ ਕੋਲ 25 ਖਿਡਾਰੀਆਂ ਦਾ ਸਕੁਐਡ ਹੁੰਦਾ ਹੈ। ਪਹਿਲਾਂ ਅਕਸਰ ਦੇਖਿਆ ਜਾਂਦਾ ਸੀ ਕਿ ਰਿਜ਼ਰਵ ਖਿਡਾਰੀ (ਜੋ 16 ਵਿੱਚ ਵੀ ਸ਼ਾਮਲ ਨਹੀਂ ਹੁੰਦੇ ਸਨ) ਮੈਦਾਨ ਵਿੱਚ ਡਰਿੰਕਸ ਜਾਂ ਬੱਲੇ ਲੈ ਕੇ ਆ ਜਾਂਦੇ ਸਨ, ਪਰ ਹੁਣ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਬੀਸੀਸੀਆਈ ਨੇ ਮੈਚ ਪਲੇਇੰਗ ਕੰਡੀਸ਼ਨਜ਼ (MPC) ਦੀ ਧਾਰਾ 11.5.2 ਅਤੇ 24.1.4 ਨੂੰ ਹੋਰ ਸਖ਼ਤ ਬਣਾਉਂਦੇ ਹੋਏ ਇਹ ਕਦਮ ਚੁੱਕਿਆ ਹੈ। ਟੀਮਾਂ ਨੂੰ ਪਹਿਲਾਂ ਹੀ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਖਿਡਾਰੀ ਮੈਚ ਦੌਰਾਨ ਸਾਵਧਾਨ ਰਹਿਣ।
IPL 2026: ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਗਿੱਲ ਦੀ ਹੋਈ ਵਾਪਸੀ
NEXT STORY