ਸਪੋਰਟਸ ਡੈਸਕ- ਬੀਤੇ ਕੁਝ ਦਿਨਾਂ ਦੌਰਾਨ ਜਿੱਥੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਧਾਕੜਾਂ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਉਸ ਤੋਂ ਬਾਅਦ ਗਲੈੱਨ ਮੈਕਸਵੈੱਲ ਨੇ ਵਨਡੇ ਤੇ ਹੈਨਰਿਕ ਕਲਾਸੇਨ ਤੇ ਪਿਯੁਸ਼ ਚਾਵਲਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਹੁਣ ਕ੍ਰਿਕਟ ਜਗਤ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੈਸਟਇੰਡੀਜ਼ ਦੇ 29 ਸਾਲਾ ਧਾਕੜ ਖਿਡਾਰੀ ਨਿਕੋਲਸ ਪੂਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਅਚਾਨਕ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੋ ਪੋਸਟ ਤੇ ਸਟੋਰੀ ਲਾ ਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਆਪਣੀ ਪੋਸਟ 'ਚ ਲਿਖਿਆ, ''ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਕ੍ਰਿਕਟ ਨੂੰ ਅਸੀਂ ਪਿਆਰ ਕਰਦੇ ਹਾਂ ਤੇ ਇਸ ਨੇ ਸਾਨੂੰ ਹੁਣ ਤੱਕ ਬਹੁਤ ਕੁਝ ਦਿੱਤਾ ਹੈ ਤੇ ਅੱਗੇ ਵੀ ਦਿੰਦੀ ਰਹੇਗੀ। ਖੁਸ਼ੀ, ਕਦੇ ਨਾ ਭੁੱਲਣ ਵਾਲੀਆਂ ਯਾਦਾਂ ਤੇ ਵੈਸਟਇੰਡੀਜ਼ ਦੀ ਅਗਵਾਈ ਕਰਨ ਦਾ ਮੌਕਾ, ਰਾਸ਼ਟਰੀ ਗਾਣ ਮੌਕੇ ਖੜ੍ਹੇ ਹੋਣਾ ਤੇ ਹਰ ਵਾਰ ਆਪਣਾ 100 ਫ਼ੀਸਦੀ ਦੇਣਾ। ਇਹ ਸਭ ਲਫ਼ਜ਼ਾਂ 'ਚ ਬਿਆਨ ਕਰਨਾ ਕਾਫੀ ਮੁਸ਼ਕਲ ਹੈ। ਟੀਮ ਦੀ ਕਪਤਾਨੀ ਕਰਨਾ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗਾ।''
ਪੂਰਨ ਨੇ ਅੱਗੇ ਫੈਨਜ਼ ਲਈ ਲਿਖਿਆ, ''ਤੁਹਾਡੇ ਪਿਆਰ ਲਈ ਤੁਹਾਡਾ ਧੰਨਵਾਦ। ਤੁਸੀਂ ਮੇਰੇ ਬੁਰੇ ਸਮੇਂ 'ਚ ਵੀ ਸਾਥ ਦਿੱਤਾ ਤੇ ਚੰਗੇ ਸਮੇਂ ਖੁਸ਼ੀ ਮਨਾਉਣ ਸਮੇਂ ਵੀ ਤੁਸੀਂ ਮੇਰੇ ਨਾਲ ਸੀ। ਇਸ ਸਫ਼ਰ 'ਚ ਮੇਰਾ ਸਾਥ ਦੇਣ ਲਈ ਧੰਨਵਾਦ।''
ਉਨ੍ਹਾਂ ਅੱਗੇ ਕਿਹਾ, ''ਮੇਰਾ ਅੰਤਰਰਾਸ਼ਟਰੀ ਕ੍ਰਿਕਟ ਦਾ ਚੈਪਟਰ ਚਾਹੇ ਖ਼ਤਮ ਹੋ ਗਿਆ ਹੈ, ਪਰ ਵੈਸਟਇੰਡੀਜ਼ ਕ੍ਰਿਕਟ ਲਈ ਮੇਰਾ ਪਿਆਰ ਕਦੇ ਖ਼ਤਮ ਨਹੀਂ ਹੋਵੇਗਾ। ਮੈਂ ਆਉਣ ਵਾਲੇ ਸਮੇਂ ਦੌਰਾਨ ਟੀਮ ਤੇ ਇਲਾਕੇ ਦੀ ਸਫ਼ਲਤਾ ਤੇ ਮਜ਼ਬੂਤੀ ਦੀ ਕਾਮਨਾ ਕਰਦਾ ਹਾਂ।''

ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਵੱਲੋਂ ਖੇਡਦੇ ਹੋਏ ਪੂਰਨ ਨੇ 61 ਵਨਡੇ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 39 ਦੀ ਔਸਤ ਨਾਲ 1983 ਦੌੜਾਂ ਬਣਾਈਆਂ ਹਨ, ਜਿਨ੍ਹਾਂ 'ਚ 3 ਸੈਂਕੜੇ ਤੇ 11 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਬਾਅਦ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਉਸ ਨੇ 106 ਮੈਚਾਂ 'ਚ 136 ਦੇ ਸਟ੍ਰਾਈਕ ਰੇਟ ਤੇ 26 ਦੀ ਔਸਤ ਨਾਲ 2275 ਦੌੜਾਂ ਬਣਾਈਆਂ ਹਨ।

ਇਹੀ ਨਹੀਂ, ਉਹ ਆਈ.ਪੀ.ਐੱਲ. 2025 ਦੌਰਾਨ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਰਿਹਾ ਸੀ। ਉਸ ਨੇ ਇਸ ਸਾਲ ਲਖਨਊ ਸੁਪਰ ਜਾਇੰਟਸ ਵੱਲੋਂ ਖੇਡਦੇ ਹੋਏ ਆਈ.ਪੀ.ਐੱਲ. 'ਚ ਸਭ ਤੋਂ ਵੱਧ 40 ਛੱਕੇ ਮਾਰੇ ਸਨ, ਜਦਕਿ ਉਸ ਨੇ ਹੁਣ ਤੱਕ ਆਈ.ਪੀ.ਐੱਲ. 'ਚ ਕੁੱਲ 90 ਮੈਚ ਖੇਡੇ ਹਨ ਜਿਨ੍ਹਾਂ 'ਚ ਉਸ ਨੇ 168 ਦੇ ਸਟ੍ਰਾਈਕ ਰੇਟ ਨਾਲ 2293 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 157 ਚੌਕੇ ਤੇ 167 ਛੱਕੇ ਮਾਰੇ ਹਨ।

ਉਸ ਦੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਲੀਗ ਟੂਰਨਾਮੈਂਟ ਖੇਡਣਾ ਜਾਰੀ ਰੱਖਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਮੰਤਰੀ ਸਾਬ੍ਹ ਨੂੰ ਰਿਸ਼ਵਤ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪੇਨ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਪੁਰਤਗਾਲ ਬਣਿਆ ਨੇਸ਼ਨਸ ਲੀਗ ਦਾ ਚੈਂਪੀਅਨ
NEXT STORY