ਮੁੰਬਈ- ਮੁੰਬਈ ਇੰਡੀਅਨਸ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਜਸਪ੍ਰੀਤ ਬੁਮਰਾਹ ਦੀ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਲਈ ਕੋਈ ਸਮਾਂ ਮਿਆਦ ਨਹੀਂ ਦੱਸੀ ਅਤੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਦੀ ਗੈਰ-ਮੌਜੂਦਗੀ ਆਈ. ਪੀ. ਐੱਲ. 2025 ਵਿਚ ਉਸ ਦੀ ਟੀਮ ਲਈ ਇਕ ਵੱਡੀ ਚੁਣੌਤੀ ਹੋਵੇਗੀ।
ਦੱਸਣਯੋਗ ਹੈ ਕਿ ਬੁਮਰਾਹ ਪਿੱਠ ਦੀ ਸੱਟ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਕੁਝ ਮੈਚ ਨਹੀਂ ਖੇਡ ਸਕੇਗਾ ਕਿਉਂਕਿ ਉਹ ਅਜੇ ਬੈਂਗਲੁਰੂ ’ਚ ਬੀ. ਸੀ. ਸੀ. ਆਈ. ਦੇ ‘ਸੈਂਟਰ ਆਫ ਐਕਸੀਲੈਂਸ’ ਵਿਚ ਰਿਹੈਬਿਲਿਟੇਸ਼ਨ’ ਦੀ ਪ੍ਰਕ੍ਰਿਰਿਆ ’ਚ ਹੈ। ਜੈਵਰਧਨੇ ਨੇ ਬੁੱਧਵਾਰ ਨੂੰ ਇਥੇ ਮੁੰਬਈ ਇੰਡੀਅਨਸ ਸੈਸ਼ਨ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜਸਪ੍ਰੀਤ ਬੁਮਰਾਹ ਐੱਨ. ਸੀ. ਏ. ਵਿਚ ਹੈ। ਸਾਨੂੰ ਬੁਮਰਾਹ ਬਾਰੇ ਉਨ੍ਹਾਂ ਦੇ ਫੀਡਬੈਕ ਦਾ ਇੰਤਜ਼ਾਰ ਕਰਨਾ ਹੋਵੇਗਾ। ਫਿਲਹਾਲ ਸਭ ਠੀਕ ਚੱਲ ਰਿਹਾ ਹੈ।
ਮੁੰਬਈ ਦੇ ਕੋਚ ਨੇ ਕਿਹਾ ਕਿ ਉਹ ਚੰਗੀ ਸਥਿਤੀ ’ਚ ਹਨ ਪਰ ਬੁਮਰਾਹ ਦਾ ਨਾ ਖੇਡਣਾ ਵੀ ਟੀਮ ਲਈ ਇਕ ਚੁਣੌਤੀ ਹੈ। ਉਹ ਦੁਨੀਆ ਦਾ ਸਰਵਸ਼੍ਰੇਸ਼ਠ ਗੇਂਦਬਾਜ਼ ਹੈ। ਜਨਵਰੀ ’ਚ ਆਸਟ੍ਰੇਲੀਆ ਖਿਲਾਫ ਸਿਡਨੀ ’ਚ ਆਖਰੀ ਟੈਸਟ ’ਚ ਉਹ ਦੂਸਰੀ ਪਾਰੀ ’ਚ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ, ਜਿਸ ਦੇ ਬਾਅਦ ਤੋਂ ਉਹ ਬਾਹਰ ਹੈ। ਮੇਜ਼ਬਾਨ ਟੀਮ ਨੇ 162 ਦੌੜਾਂ ਦਾ ਪਿੱਛਾ ਕਰਦੇ ਹੋਏ 3-1 ਨਾਲ ਲੜੀ ਜਿੱਤ ਲਈ ਸੀ।
ਬੁਮਰਾਹ ਦੀ ਵਾਪਸੀ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਪਰ ਮੁੰਬਈ ਇੰਡੀਅਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਡ੍ਰੈਸਿੰਗ ਰੂਮ ’ਚ 30 ਸਾਲ ਦੇ ਇਸ ਤਜੁਰਬੇਕਾਰ ਖਿਡਾਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਬੁਮਰਾਹ ਦੇ ਅਪ੍ਰੈਲ ਦੇ ਪਹਿਲੇ ਹਫਤੇ ਮੁੰਬਈ ਦੇ ਸਾਥੀਆਂ ਨਾਲ ਜੁੜਨ ਦੀ ਉਮੀਦ ਹੈ ਅਤੇ ਉਹ ਟੀਮ ਨਾਲ ਆਪਣਾ ‘ਰਿਹੈਬਿਲਿਟੇਸ਼ਨ’ ਜਾਰੀ ਰੱਖ ਸਕਦੇ ਹਨ।
ਪੰਡਯਾ ਨੇ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਕਿ ਮੇਰੇ 3 ਕਪਤਾਨ ਖੇਡ ਰਹੇ ਹਨ, ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਅਤੇ ਬੁਮਰਾਹ। ਉਹ ਹਮੇਸ਼ਾ ਮੇਰਾ ਸਮਰਥਣ ਕਰਦੇ ਹਨ। ਜਦੋਂ ਵੀ ਮੈਨੂੰ ਕਿਸੇ ਮਦਦ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਹਮੇਸ਼ਾ ਮੌਜੂਦਾ ਰਹਿੰਦੇ ਹਨ।
IPL ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ! ਬਾਹਰ ਹੋਇਆ ਕਪਤਾਨ, ਹੁਣ ਇਹ ਖਿਡਾਰੀ ਸੰਭਾਲੇਗਾ ਕਮਾਨ
NEXT STORY