ਸਪੋਰਟਸ ਡੈਸਕ- ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹਨ। ਦਰਅਸਲ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਅਗਲੇ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ 'ਚ ਹੋਣੀ ਹੈ। ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਨੂੰ ਪਾਕਿਸਤਾਨ ਦੌਰੇ 'ਤੇ ਨਹੀਂ ਭੇਜੇਗਾ। ਇਸ ਫੈਸਲੇ ਤੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਪੂਰੀ ਤਰ੍ਹਾਂ ਬੌਖਲਾ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਨੇ ਈਮੇਲ ਰਾਹੀਂ ਪੀ.ਸੀ.ਬੀ. ਨੂੰ ਕਿਹਾ ਹੈ ਕਿ ਬੀ.ਸੀ.ਸੀ.ਆਈ. ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਅਜਿਹੇ 'ਚ ਆਈ.ਸੀ.ਸੀ. ਨੇ ਹਾਈਬ੍ਰਿਡ ਮਾਡਲ ਦੇ ਤਹਿਤ ਟੂਰਨਾਮੈਂਟ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ, ਜਿਸ 'ਚ ਭਾਰਤੀ ਟੀਮ ਆਪਣੇ ਮੈਚ ਕਿਸੇ ਹੋਰ ਦੇਸ਼ 'ਚ ਖੇਡਦੀ ਹੈ, ਜਦਕਿ ਬਾਕੀ ਮੈਚ ਸਿਰਫ ਪਾਕਿਸਤਾਨ 'ਚ ਖੇਡੇ ਜਾਂਦੇ ਹਨ।
ਚੈਂਪੀਅਨ ਟਰਾਫੀ ਤੋਂ ਹਟ ਸਕਦਾ ਹੈ ਪਾਕਿਸਤਾਨ
ਪਰ ਪਾਕਿਸਤਾਨੀ ਮੀਡੀਆ ਡਾਨ (DAWN) ਦੀ ਰਿਪੋਰਟ ਦੇ ਅਨੁਸਾਰ, ਪੀ.ਸੀ.ਬੀ. ਮੁਖੀ ਮੋਹਸਿਨ ਨਕਵੀ ਨੇ ਹਾਈਬ੍ਰਿਡ ਮਾਡਲ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਆਈ.ਸੀ.ਸੀ. ਹੁਣ ਪੂਰੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਨੂੰ ਕਿਸੇ ਹੋਰ ਦੇਸ਼ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਕਰ ਸਕਦਾ ਹੈ। ਅਜਿਹੇ 'ਚ ਪੀ.ਸੀ.ਬੀ. ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕਰੇਗਾ।
ਰਿਪੋਰਟ 'ਚ ਪੀ.ਸੀ.ਬੀ. ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਅਜਿਹੇ 'ਚ ਪਾਕਿਸਤਾਨ ਸਰਕਾਰ ਜਿਸ ਵਿਕਲਪ 'ਤੇ ਵਿਚਾਰ ਕਰ ਰਹੀ ਹੈ, ਉਨ੍ਹਾਂ 'ਚੋਂ ਇਕ ਇਹ ਹੈ ਕਿ ਉਹ ਪੀ.ਸੀ.ਬੀ. ਨੂੰ ਚੈਂਪੀਅਨਸ ਟਰਾਫੀ 'ਚ ਨਾ ਖੇਡਣ ਯਾਨੀ ਆਪਣਾ ਨਾਂ ਵਾਪਸ ਲੈਣ ਲਈ ਕਹਿ ਸਕਦੀ ਹੈ।' ਇਸ ਤਰ੍ਹਾਂ ਜੇਕਰ ਚੈਂਪੀਅਨਸ ਟਰਾਫੀ ਸ਼ਿਫਟ ਹੁੰਦੀ ਹੈ ਤਾਂ ਪਾਕਿਸਤਾਨ ਇਸ ਦਾ ਬਾਈਕਾਟ ਕਰ ਸਕਦਾ ਹੈ। ਹਾਲਾਂਕਿ ਇਸ ਕਦਮ ਨਾਲ ਪਾਕਿਸਤਾਨ ਨੂੰ ਅਰਬਾਂ ਦਾ ਨੁਕਸਾਨ ਹੋਵੇਗਾ, ਜਿਸ ਲਈ ਉਹ ਤਿਆਰ ਹੈ।
ਇੰਟਰਨੈਸ਼ਨਲ ਕੋਰਟ 'ਚ ਕੇਸ ਲਗਾਉਣ ਦੀ ਤਿਆਰੀ
ਹਾਲ ਹੀ ਵਿੱਚ ਪਾਕਿਸਤਾਨੀ ਮੀਡੀਆ ਵਿੱਚ ਇਹ ਰਿਪੋਰਟਾਂ ਵੀ ਆਈਆਂ ਹਨ ਕਿ ਪੀ.ਸੀ.ਬੀ. ਹੁਣ ਪਾਕਿਸਤਾਨ ਦੇ ਕਾਨੂੰਨ ਮੰਤਰਾਲੇ ਦੇ ਸੰਪਰਕ ਵਿੱਚ ਹੈ ਅਤੇ ਕਾਨੂੰਨੀ ਸਲਾਹ ਲੈ ਰਿਹਾ ਹੈ। ਪਾਕਿਸਤਾਨੀ ਬੋਰਡ ਇਸ ਮਾਮਲੇ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) 'ਚ ਲਿਜਾਣ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਅਦਾਲਤ ਵਿੱਚ ਦੁਨੀਆਂ ਭਰ ਦੇ ਖੇਡਾਂ ਨਾਲ ਸਬੰਧਤ ਕੇਸ ਲੜੇ ਜਾਂਦੇ ਹਨ।
ਲਾੜੀ ਭੈਣ ਦੇ ਲੱਗੀ ਗੋਲੀ, ਭਰਾ 'ਤੇ ਪਰਚਾ ਤੇ ਪ੍ਰਦੂਸ਼ਣ 'ਤੇ SC ਦੀ ਫਟਕਾਰ, ਜਾਣੋ ਅੱਜ ਦੀਆਂ ਟੌਪ-10 ਖ਼ਬਰਾਂ
NEXT STORY