ਚੰਡੀਗੜ੍ਹ(ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਓਲੰਪੀਅਨ ਖਿਡਾਰੀਆਂ ਲਈ ਲਜ਼ੀਜ਼ ਵਿਅੰਜਨ ਪਕਾਏ। ਸਵੇਰੇ ਕਰੀਬ 11 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਮੁੱਖ ਮੰਤਰੀ ਨੇ ਅੱਧਾ ਦਰਜਨ ਤੋਂ ਜ਼ਿਆਦਾ ਵੱਖ ਵੱਖ ਤਰ੍ਹਾਂ ਦੇ ਵਿਅੰਜਨ ਤਿਆਰ ਕੀਤੇ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਖੁਦ ਆਪਣੇ ਹੱਥਾਂ ਨਾਲ ਇਨ੍ਹਾਂ ਵਿਅੰਜਨਾਂ ਨੂੰ ਪਰੋਸਿਆ। ਖਿਡਾਰੀਆਂ ਨੇ ਵੀ ਵਿਅੰਜਨ ਚਖ ਕੇ ਮੁੱਖ ਮੰਤਰੀ ਦੇ ਖਾਣੇ ਦੀ ਭਰਪੂਰ ਤਾਰੀਫ਼ ਕੀਤੀ। ਮੁੱਖ ਮੰਤਰੀ ਦੇ ਤਿਆਰ ਭੋਜਨ ਦੀ ਵਿਭਿੰਨਤਾ ਕਿਸੇ ਸ਼ਾਹੀ ਖਾਣੇ ਤੋਂ ਘੱਟ ਨਹੀਂ ਸੀ। ਇਸ ਵਿਚ ਮਟਨ ਖਾਰਾ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਦਾਲ ਮਸਰ, ਮੁਰਗ ਕੋਰਮਾ, ਦੁਗਾਨੀ ਬਿਰਆਨੀ ਅਤੇ ਜਰਦਾ ਚਾਵਲ (ਮਿੱਠੀ ਡਿਸ਼) ਖਿਡਾਰੀਆਂ ਨੂੰ ਪਰੋਸਿਆ ਗਿਆ।
ਇਹ ਵੀ ਪੜ੍ਹੋ: ਤਾਲਿਬਾਨ ਨੇ ਮੋਸਟ ਵਾਂਟੇਡ ਅੱਤਵਾਦੀ ਨੂੰ ਬਣਾਇਆ ਗ੍ਰਹਿ ਮੰਤਰੀ, ਸਿਰ ’ਤੇ ਹੈ 50 ਲੱਖ ਡਾਲਰ ਦਾ ਇਨਾਮ
ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀ.ਐੱਸ.ਪੀ. ਪੰਜਾਬ ਪੁਲਸ) ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਦੇ ਖਾਣੇ ਬਾਰੇ ਸੁਣਿਆ ਤਾਂ ਸੀ ਪਰ ਅੱਜ ਜੋ ਉਨ੍ਹਾਂ ਨੇ ਸਵਾਦ ਦਾ ਆਨੰਦ ਲਿਆ, ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਮੈਨੂੰ ਆਲੂ ਪਸੰਦ ਸਨ। ਡਿਸਕਸ ਥਰੋਅਰ ਕਮਲਪ੍ਰੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਖਾਣਾ ਬਣਾਉਣ ਅਤੇ ਪ੍ਰਾਹੁਣਚਾਰੀ ਭਾਵਨਾ ਦੋਵਾਂ ਤੋਂ ਬਹੁਤ ਪ੍ਰਭਾਵਿਤ ਹੋਈ। ਗੋਲਡਨ ਬੁਆਏ ਨੀਰਜ ਚੋਪੜਾ ਨੇ ਵੀ ਸ਼ਾਨਦਾਰ ਸ਼ਾਹੀ ਭੋਜਨ ਨੂੰ ਬੇਹੱਦ ਸੁਆਦੀ ਦੱਸਿਆ।
ਸਿੱਧੇ ਖਾਣ ਵਾਲੇ ਬਰਤਨ ਤੋਂ ਪਰੋਸਿਆ ਗਿਆ ਖਾਣਾ ਹਮੇਸ਼ਾ ਹੁੰਦਾ ਹੈ ਜ਼ਾਈਕੇਦਾਰ:
ਮੁੱਖ ਮੰਤਰੀ ਨੇ ਵਿਅੰਜਨ ਪਰੋਸਦਿਆਂ ਖਾਣੇ ਦੀ ਕਈ ਬਾਰੀਕੀਆਂ ਨਾਲ ਵੀ ਖਿਡਾਰੀਆਂ ਨੂੰ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਦੱਸਿਆ ਕਿ ਜਿਸ ਬਰਤਨ ਵਿਚ ਖਾਣਾ ਪਕਾਇਆ ਗਿਆ ਹੋਵੇ, ਜੇਕਰ ਉਸ ਬਰਤਨ ਤੋਂ ਸਿੱਧਾ ਖਾਣਾ ਪਰੋਸਿਆ ਜਾਵੇ ਤਾਂ ਖਾਣਾ ਹਮੇਸ਼ਾ ਹੀ ਜ਼ਿਆਦਾ ਜਾਈਕੇਦਾਰ ਹੁੰਦਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੇਜ਼ਬਾਨੀ ਕਰਦਿਆਂ ਨਿੱਜੀ ਤੌਰ ’ਤੇ ਮਹਿਮਾਨਾਂ ਨੂੰ ਸਿੱਧਾ ਪਤੀਲੀਆਂ ਵਿਚੋਂ ਉਨ੍ਹਾਂ ਦੀ ਪਸੰਦ ਮੁਤਾਬਿਕ ਖਾਣਾ ਪਰੋਸਿਆ।
ਇਹ ਵੀ ਪੜ੍ਹੋ: ਇੰਡੋਨੇਸ਼ੀਆ: ਜੇਲ੍ਹ ’ਚ ਅੱਗ ਲੱਗਣ ਨਾਲ 41 ਕੈਦੀਆਂ ਦੀ ਮੌਤ, 39 ਝੁਲਸੇ
ਖਿਡਾਰੀਆਂ ਨਾਲ ਕੀਤਾ ਵਾਅਦਾ ਨਿਭਾਇਆ:
ਖਿਡਾਰੀਆਂ ਨੂੰ ਖਾਣਾ ਪਰੋਸ ਕੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਾਅਦਾ ਕੀਤਾ ਸੀ ਕਿ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਸਮੇਤ ਉਹ ਸਾਰੇ ਖਿਡਾਰੀਆ ਨੂੰ ਖੁਦ ਖਾਣਾ ਪਕਾ ਕੇ ਖੁਆਉਣਗੇ। ਇਸ ਸਿਲਸਿਲੇ ਵਿਚ ਮੁੱਖਮੰਤਰੀ ਨੇ ਬੁੱਧਵਾਰ ਨੂੰ ਸਿਸਵਾਂ ਫਾਰਮਹਾਊਸ ਦੇ ਲਾਅਨ ਵਿਚ ਖਿਡਾਰੀਆਂ ਨੂੰ ਸ਼ਾਹੀ ਦਾਵਤ ’ਤੇ ਖੁਦ ਖਾਣਾ ਪਰੋਸਿਆ। ਇਸ ਦੌਰਾਨ ਮੁੱਖ ਮੰਤਰੀ ਦੀ ਵਿਸ਼ੇਸ਼ ਛੋਹ ਯਾਦਗਾਰੀ ਰਹੀ। ਮੇਜ਼ ’ਤੇ ਸਜ਼ਿਆ ਹਰੇਕ ਪਕਵਾਨ ਦੇਖਣ ਅਤੇ ਸਵਾਦ ਪੱਖੋਂ ਬਹੁਤ ਹੀ ਸ਼ਾਨਦਾਰ ਰਿਹਾ। ਮੁੱਖ ਮੰਤਰੀ ਦੇ ਚਿਹਰੇ ’ਤੇ ਸੰਤੁਸ਼ਟੀ ਭਰੀ ਮੁਸਕਾਨ, ਉਹ ਵੀ ਇਕ ਖਾਨਸਾਮੇ ਦੇ ਤੌਰ ’ਤੇ ਘੰਟਿਆਂ ਤੱਕ ਮਿਹਨਤ ਕਰਨ ਤੋਂ ਬਾਅਦ, ਕਾਬਿਲ ਏ ਤਾਰੀਫ਼ ਰਹੀ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਿਤਾ, ਇਨਕਾਰ ਕਰਨ ’ਤੇ ਸਾੜੀ ਜਿਊਂਦਾ
ਹਰ ਪਲ ਦਾ ਆਨੰਦ ਲਿਆ, ਬੋਲੇ ਮੁੱਖ ਮੰਤਰੀ:
ਖਿਡਾਰੀਆਂ ਨਾਲ ਗੱਲਬਾਤ ਵਿਚ ਮੁੱਖ ਮੰਤਰੀ ਨੇ ਆਪਣੀਆਂ ਅੱਖਾਂ ਵਿਚ ਆਨੰਦਮਈ ਚਮਕ ਲਿਆਉਂਦਿਆਂ ਕਿਹਾ ਕਿ ਮੈਂ ਇਸ ਨੂੰ ਸਵੇਰੇ 11 ਵਜੇ ਬਣਾਉਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿੱਬੜ ਗਿਆ ਸੀ ਅਤੇ ਉਸ ਤੋਂ ਬਾਅਦ ਅੰਤਮ ਛੋਹ ਦੇਣ ਦਾ ਸਮਾਂ ਸੀ, ਪਰ ਮੈਂ ਇਸ ਦੇ ਹਰ ਪਲ ਨੂੰ ਆਨੰਦ ਲਿਆ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਜਿੱਤ ਦੇ ਜਸ਼ਨ ਲਈ ਬਹੁਤ ਮਿਹਨਤ ਕੀਤੀ, ਜਦੋਂ ਕਿ ਮੇਰੇ ਵਲੋਂ ਕੀਤੀ ਗਈ ਕੋਸ਼ਿਸ਼ ਉਸ ਦੇ ਮੁਕਾਬਲੇ ਕੁੱਝ ਵੀ ਨਹੀਂ। ਚਿਹਰੇ ’ਤੇ ਖਾਨਾ ਪਕਾਉਣ ਅਤੇ ਪ੍ਰਬੰਧਾਂ ਦੀ ਵੇਖ-ਰੇਖ ਕਰਣ ਦੀ ਕੋਈ ਵੀ ਸ਼ਿਕਨ ਲਿਆਏ ਬਿਨਾਂ ਉਨ੍ਹਾਂ ਨੇ ਆਪਣੇ ਖਾਸ ਮਹਿਮਾਨਾਂ ਦਾ ਨਿਜੀ ਤੌਰ ’ਤੇ ਸਵਾਗਤ ਕੀਤਾ ਅਤੇ ਹਰੇਕ ਨੂੰ ਪ੍ਰਸੰਨਤਾ ਪੂਰਵਕ ਮਿਲ ਰਹੇ ਸਨ।
ਇਨ੍ਹਾਂ ਮਹਿਮਾਨਾਂ ਨੇ ਕੀਤੀ ਸ਼ਿਰਕਤ:
ਸ਼ਾਮ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿਚ ਓਲੰਪਿਕ ਜੈਵਲਿਨ ਥਰੋਅ ਗੋਲਡ ਮੈਡਲਿਸਟ ਨੀਰਜ ਚੋਪੜਾ ਤੋਂ ਇਲਾਵਾ ਓਲੰਪਿਕ ਵਿਚ ਕਾਂਸੇ ਦਾ ਪਦਕ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ। ਮੁੱਖ ਮੰਤਰੀ ਵਲੋਂ ਪਹਿਲਾਂ ਹੀ ਹਰੇਕ ਖਿਡਾਰੀ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਮਹਿਲਾ ਹਾਕੀ ਸੈਮੀ ਫਾਈਨਲਿਸਟ ਗੁਰਜੀਤ ਕੌਰ ਅਤੇ ਰੀਨਾ ਖੋਖਰ, ਰਿਜ਼ਰਵ ਹਾਕੀ ਖਿਡਾਰੀ ਕਿ੍ਰਸ਼ਣ ਬਹਾਦੁਰ ਪਾਠਕ ਅਤੇ ਓਲੰਪਿਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਵੀ ਉਨ੍ਹਾਂ ਮਹਿਮਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ 50-50 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਓਲੰਪਿਕ ਵਿਚ ਭਾਗ ਲੈਣ ਵਾਲੇ ਰੇਸ-ਵਾਕਰ ਗੁਰਪ੍ਰੀਤ ਸਿੰਘ ਅਤੇ ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਲਈ 21 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਸੀ। ਇਨ੍ਹਾਂ ਖਿਡਾਰੀਆਂ ਨੂੰ ਵੀ ਡਿਨਰ ਲਈ ਸੱਦਾ ਦਿੱਤਾ ਗਿਆ ਸੀ।
ਖੇਡ ਮੰਤਰੀ ਨੇ ਪੈਰਾਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਸਨਮਾਨਿਤ
NEXT STORY