ਨਵੀਂ ਦਿੱਲੀ (ਭਾਸ਼ਾ) : ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਕ ਵੀਡੀਓ ਵਿਚ ਕਥਿਤ ਤੌਰ 'ਤੇ ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ ਵਿਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਤੇ ਗੁਰਕੀਰਤ ਮਾਨ ਦੇ ਖਿਲਾਫ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਂਪਲਾਈਜ਼ ਫਾਰ ਡਿਸੇਬਲਡ (ਐੱਨਸੀਪੀਈਡੀਪੀ) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਪੁਲਿਸ ਥਾਣੇ ਵਿਚ ਇੰਚਾਰਜ ਨੂੰ ਚਾਰਾਂ ਖਿਲਾਫ ਸ਼ਿਕਾਇਤ ਦਿੱਤੀ ਹੈ। ਅਲੀ ਨੇ ਸ਼ਿਕਾਇਤ ਵਿਚ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ਦੀ ਪੇਰੇਂਟ ਕੰਪਨੀ ਮੈਟਾ 'ਤੇ ਅਜਿਹੀ ਸਮੱਗਰੀ ਪੋਸਟ ਕਰ ਕੇ ਨਿਯਮਾਂ ਦੇ ਉਲੰਘਣ ਦਾ ਦੋਸ਼ ਲਾਇਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰ ਕਾਲੋਨੀ ਪੁਲਿਸ ਥਾਣਾ ਨੂੰ ਸ਼ਿਕਾਇਤ ਮਿਲੀ ਹੈ ਤੇ ਉਸ ਨੂੰ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਅੱਗੇ ਦੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਵਿਸ਼ਵ ਕੱਪ ਲੀਜੈਂਡ ਫਾਈਨਲ 'ਚ ਇੰਡੀਆ ਚੈਂਪੀਅਨਜ਼ ਵੱਲੋਂ ਪਾਕਿਸਤਾਨ ਚੈਂਪੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਸਾਬਕਾ ਖਿਡਾਰੀਆਂ ਨੇ ਉਕਤ ਵੀਡੀਓ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ 'ਤੇ ਪਾਈ ਸੀ। ਵੀਡੀਓ ਵਿਚ ਯੁਵਰਾਜ ਸਿੰਘ, ਹਰਭਜਨ ਸਿੰਘ ਤੇ ਰੈਨਾ ਲੰਗੜਾਉਂਦੇ ਹੋਏ ਤੇ ਆਪਣੀ ਪਿੱਠ ਫੜੇ ਹੋਏ ਦਿਖਾਈ ਦੇ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੈਚ ਦੇ ਕਾਰਨ ਉਨ੍ਹਾਂ ਦੇ ਸਰੀਰ 'ਤੇ ਕਿੰਨਾ ਅਸਰ ਪਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਲਿਖੀ ਗਈ ਹੈ, 'ਬਾਡੀ ਦੀ ਤੌਬਾ-ਤੌਬਾ ਹੋ ਗਈ ਹੈ, 15 ਦਿਨਾਂ ਦੇ ਲੀਜੈਂਡ ਕ੍ਰਿਕਟ 'ਚ..., ਸਰੀਰ ਦਾ ਹਰ ਹਿੱਸਾ ਟੁੱਟ ਰਿਹਾ ਹੈ। ਸਾਡੇ ਭਰਾਵਾਂ ਵਿੱਕੀ ਕੌਸ਼ਲ ਤੇ ਕਰਨ ਔਜਲਾ ਨੂੰ ਸਾਡੇ ਤੌਬਾ-ਤੌਬਾ ਗਾਣੇ ਦੇ ਮਾਧਿਅਮ ਰਾਹੀਂ ਸਿੱਧੀ ਚੁਣੌਤੀ। ਦਿਵਿਆਂਗ ਅਧਿਕਾਰ ਵਰਕਰ ਨੇ ਇਸ ਵੀਡੀਓ ਨੂੰ ਘਟੀਆ ਮਜ਼ਾਕ ਦੱਸਿਆ ਹੈ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ਆਪਣੇ ਉਪਭੋਗਤਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ, ਜਿਸ ਨਾਲ ਅਪਮਾਨਜਨਕ ਸਮੱਗਰੀ ਦਾ ਪ੍ਰਸਾਰ ਹੋਇਆ ਹੈ। ਅਲੀ ਨੇ ਸ਼ਿਕਾਇਤ ਵਿਚ ਕਿਹਾ, "ਇਹ ਵੀਡੀਓ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ, ਜੋ ਹਰ ਵਿਅਕਤੀ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦਾ ਹੈ, ਉਸਨੇ ਕਿਹਾ, "ਇਹ ਵਿਅਕਤੀਆਂ ਦੇ ਅਧਿਕਾਰ 2016 ਦੀ ਧਾਰਾ 92 ਦੀ ਉਲੰਘਣਾ ਹੈ ਅਤੇ ਨਿਪੁਨ ਮਲਹੋਤਰਾ ਬਨਾਮ ਸੋਨੀ ਪਿਕਚਰਜ਼ ਫਿਲਮਜ਼ ਇੰਡੀਆ ਪ੍ਰਾਈਵੇਟ ਲਿਮਟਿਡ (2004 ਐੱਸਸੀਸੀ ਆਨਲਾਈਨ ਐੱਸਸੀ 1639) ਦੇ ਮਾਮਲੇ ਵਿਚ ਨਿਰਧਾਰਿਤ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਉਲੰਘਣਾ ਹੈ।
ਉਸ ਨੇ ਘਟਨਾ 'ਚ ਸ਼ਾਮਲ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਤੇ ਮਸ਼ਹੂਰ ਹਸਤੀਆਂ ਨੂੰ ਉਨ੍ਹਾਂ ਦੇ ਕੀਤੇ ਕੰਮ ਲਈ ਜਵਾਬਦੇਹ ਠਹਿਰਾਉਣ 'ਤੇ ਵੀ ਜ਼ੋਰ ਦਿੱਤਾ, ਖਾਸ ਕਰ ਕੇ ਜਦੋਂ ਉਹ ਕਮਜ਼ੋਰ ਭਾਈਚਾਰਿਆਂ ਦੇ ਸਨਮਾਨ ਦੀ ਉਲੰਘਣਾ ਕਰਦੇ ਹਨ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੀਟੀਆਈ ਨਾਲ ਗੱਲ ਕਰਦਿਆਂ ਅਲੀ ਨੇ ਕਿਹਾ ਕਿ ਇਨ੍ਹਾਂ ਕ੍ਰਿਕਟਰਾਂ ਵੱਲੋਂ ਆਮ ਮੁਆਫ਼ੀ ਹੀ ਕਾਫ਼ੀ ਨਹੀਂ ਹੋਵੇਗੀ। ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਓਲੰਪਿਕ ਲਈ ਭਾਰਤੀ ਟੇਬਲ ਟੈਨਿਸ ਦਲ ’ਚ 6 ਖਿਡਾਰੀਆਂ ਤੇ 9 ਸਹਿਯੋਗੀ ਸਟਾਫ ਮੈਂਬਰ
NEXT STORY