ਲੰਡਨ— ਸਾਬਕਾ ਚੈਂਪੀਅਨ ਆਸਟਰੇਲੀਆ ਆਪਣੇ ਪਿਛਲੇ ਮੁਕਾਬਲੇ ਵਿਚ ਪਾਕਿਸਤਾਨ ਵਿਰੁੱਧ ਮਿਲੀ ਸ਼ਾਨਦਾਰ ਜਿੱਤ ਦੀ ਬਦੌਲਤ ਸ਼ਨੀਵਾਰ ਨੂੰ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਮੈਚ ਵਿਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ।
ਆਸਟਰੇਲੀਆ ਨੇ ਟੂਰਨਾਮੈਂਟ ਵਿਚ ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਬੱਲੇ ਅਤੇ ਗੇਂਦ ਨਾਲ ਉਸਦੇ ਖਿਡਾਰੀ ਆਪਣੀ ਲੈਅ ਵਿਚ ਨਜ਼ਰ ਆ ਰਹੇ ਹਨ। ਆਸਟਰੇਲੀਆ 4 ਮੈਚਾਂ ਵਿਚੋਂ 3 ਜਿੱਤਾਂ ਅਤੇ 6 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਉਸ ਨੂੰ ਇਕਲੌਤੀ ਹਾਰ ਭਾਰਤ ਹੱਥੋਂ ਮਿਲੀ ਹੈ।
ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ 4 ਮੈਚਾਂ ਵਿਚੋਂ ਇਕ ਜਿੱਤ, ਇਕ ਹਾਰ ਅਤੇ ਦੋ ਰੱਦ ਨਤੀਜਿਆਂ ਨਾਲ ਅੰਕ ਸੂਚੀ ਵਿਚ ਪੰਜਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਦੇ ਚਾਰ ਅੰਕ ਹਨ ਅਤੇ ਇਨ੍ਹਾਂ ਵਿਚੋਂ 2 ਅੰਕ ਤਾਂ ਰੱਦ ਮੈਚਾਂ ਵਿਚੋਂ ਹੀ ਆਏ ਹਨ। ਦੋਵੇਂ ਟੀਮਾਂ ਲਈ ਇਹ ਮੁਕਾਬਲਾ ਅੱਗੇ ਵਧਣ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ।
ਆਸਟਰੇਲੀਆਈ ਟੀਮ ਆਪਣੇ ਓਪਨਰ ਡੇਵਿਡ ਵਾਰਨਰ ਦੀ ਸ਼ਾਨਦਾਰ ਫਾਰਮ ਤੋਂ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ। ਵਾਰਨਰ ਟੂਰਨਾਮੈਂਟ ਵਿਚ ਹੁਣ ਤਕ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਬਣਾ ਚੁੱਕਾ ਹੈ। ਵਾਰਨਰ ਨੇ ਪਾਕਿਸਤਾਨ ਵਿਰੁੱਧ ਪਿਛਲੇ ਮੁਕਾਬਲੇ ਵਿਚ ਸ਼ਾਨਦਾਰ ਸੈਂਕੜਾ ਬਣਾਇਆ ਸੀ। ਵਾਰਨਰ ਦੇ ਇਲਾਵਾ ਸਾਬਕਾ ਕਪਤਾਨ ਸਟੀਵ ਸਮਿਥ, ਕਪਤਾਨ ਆਰੋਨ ਫਿੰਚ, ਉਸਮਾਨ ਖਵਾਜਾ ਤੇ ਵਿਕਟਕੀਪਰ ਐਲਕਸ ਕੈਰੀ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ ਤੇ ਪੈਟ ਕਮਿੰਸ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਹੈ। ਕਮਿੰਸ ਤੇ ਸਟਾਰਕ ਹੁਣ ਤਕ 9-9 ਵਿਕਟਾਂ ਲੈ ਚੁੱਕੇ ਹਨ ਤੇ ਉਹ ਸ਼੍ਰੀਲੰਕਾ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ।
ਸ਼੍ਰੀਲੰਕਾ ਲਈ ਇਸ ਸਮੇਂ ਪ੍ਰੇਸ਼ਾਨੀ ਇਹ ਹੈ ਕਿ ਦੋ ਮੈਚ ਰੱਦ ਹੋਣ ਨਾਲ ਉਸਦੀ ਟੀਮ ਨੂੰ ਪੂਰਾ ਮੈਚ ਅਭਿਆਸ ਨਹੀਂ ਮਿਲ ਰਿਹਾ ਹੈ। ਸ਼੍ਰੀਲੰਕਾਈ ਟੀਮ ਨੇ 4 ਜੂਨ ਤੋਂ ਬਾਅਦ ਤੋਂ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਲੰਬੇ ਸਮੇਂ ਤੋਂ ਬਾਅਦ ਵਿਸ਼ਵ ਚੈਂਪੀਅਨ ਵਿਰੁੱਧ ਉਤਰਨਾ ਉਸਦੇ ਲਈ ਪ੍ਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਹਾਲਾਂਕਿ ਇਸ ਵਿਚਾਲੇ ਸ਼੍ਰੀਲੰਕਾ ਲਈ ਰਾਹਤ ਦੀ ਗੱਲ ਇਹ ਹੀ ਹੈ ਕਿ ਉਸਦਾ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਅਭਿਆਸ ਵਿਚ ਪਰਤ ਆਇਆ ਹੈ ਤੇ ਆਸਟਰੇਲੀਆ ਵਿਰੁੱਧ ਮੈਚ ਵਿਚ ਉਤਰ ਸਕਦਾ ਹੈ। ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵੀ ਇਸ ਮੈਚ ਵਿਚ ਟੀਮ ਨਾਲ ਜੁੜੇਗਾ ਜਿਹੜਾ ਆਪਣੀ ਸੱਸ ਦੇ ਦਿਹਾਂਤ ਕਾਰਣ ਵਤਨ ਪਰਤ ਗਿਆ ਸੀ।
ਪ੍ਰਦੀਪ ਨੇ 9 ਦਿਨ ਪਹਿਲਾਂ ਕਾਰਡਿਫ ਵਿਚ ਅਫਗਾਨਿਸਤਾਨ ਵਿਰੁੱਧ ਮੈਚ ਜੇਤੂ ਪ੍ਰਦਰਸ਼ਨ ਕੀਤਾ ਸੀ ਪਰ ਬ੍ਰਿਸਟਲ ਵਿਚ ਨੈੱਟ ਅਭਿਆਸ ਵਿਚ ਉਹ ਜ਼ਖ਼ਮੀ ਹੋ ਗਿਆ ਸੀ ਤੇ ਬੰਗਲਾਦੇਸ਼ ਵਿਰੁੱਧ ਮੈਚ ਤੋਂ ਬਾਹਰ ਹੋ ਗਿਆ ਸੀ। ਹਾਲਾਂਕਿ ਟੀਮ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਉਸਦਾ ਪਾਕਿਸਤਾਨ ਤੇ ਬੰਗਲਾਦੇਸ਼ ਵਿਰੁੱਧ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਆਸਟਰੇਲੀਆ ਤੇ ਸ਼੍ਰੀਲੰਕਾ ਵਿਚਾਲੇ ਹੁਣ ਤਕ 96 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿਚੋਂ ਆਸਟਰੇਲੀਆ ਨੇ 60 ਤੇ ਸ਼੍ਰੀਲੰਕਾ ਨੇ 32 ਮੈਚ ਜਿੱਤੇ ਹਨ।
ਜਦੋ 'ਛੁਰੀ ਕਾਂਟਾ' ਹੱਥਾਂ 'ਚ ਲੈ ਕੇ ਭਿੜ ਗਏ ਸਨ ਹਰਭਜਨ ਤੇ ਯੂਸਫ
NEXT STORY