ਲੀਡਸ- ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਦਾ ਵਿਸ਼ਵ ਕੱਪ ਵਿਚ ਸ਼ੁੱਕਰਵਾਰ ਨੂੰ ਮੁਕਾਬਲਾ ਟੂਰਨਾਮੈਂਟ ਵਿਚ ਹੁਣ ਤਕ ਆਪਣੀ ਛਾਪ ਛੱਡ ਸਕਣ ਵਿਚ ਅਸਫਲ ਰਹੀ ਸ਼੍ਰੀਲੰਕਾ ਨਾਲ ਹੋਵੇਗਾ। ਇੰਗਲੈਂਡ ਦੇ 5 ਮੈਚਾਂ ਵਿਚੋਂ 4 ਜਿੱਤਾਂ ਤੇ 1 ਹਾਰ ਨਾਲ 8 ਅੰਕ ਹਨ, ਜਦਕਿ ਸ਼੍ਰੀਲੰਕਾ ਦੀ ਟੀਮ 5 ਮੈਚਾਂ 'ਚੋਂ 1 ਜਿੱਤ, 2 ਹਾਰ ਤੇ 2 ਰੱਦ ਨਤੀਜਿਆਂ ਨਾਲ ਫਿਲਹਾਲ 6ਵੇਂ ਸਥਾਨ 'ਤੇ ਮੌਜੂਦ ਹੈ। ਸ਼੍ਰੀਲੰਕਾ ਦੇ ਖਾਤੇ ਵਿਚ 4 ਅੰਕ ਹਨ। ਇੰਗਲੈਂਡ ਨੂੰ ਇਕਲੌਤੀ ਹਾਰ ਪਾਕਿਸਤਾਨ ਹੱਥੋਂ ਮਿਲੀ ਹੈ, ਉਥੇ ਹੀ ਸ਼੍ਰੀਲੰਕਾ ਨੇ ਆਪਣੀ ਇਕਲੌਤੀ ਜਿੱਤ ਟੂਰਨਾਮੈਂਟ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਚੱਲ ਰਹੀ ਅਫਗਾਨਿਸਤਾਨ ਵਿਰੁੱਧ ਹਾਸਲ ਕੀਤੀ ਸੀ।
ਮੇਜ਼ਬਾਨ ਇੰਗਲੈਂਡ ਦੀ ਟੀਮ ਸ਼ੁਰੂਆਤ ਤੋਂ ਹੀ ਇਸ ਟੂਰਨਾਮੈਂਟ ਵਿਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਓਪਨਿੰਗ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਪਰ ਦੂਜੇ ਮੁਕਾਬਲੇ ਵਿਚ ਪਾਕਿਸਤਾਨ ਨੇ ਇਸ ਵਿਸ਼ਵ ਕੱਪ ਦਾ ਪਹਿਲਾ ਉਲਟਫੇਰ ਕਰਦੇ ਹੋਏ ਇੰਗਲੈਂਡ ਦੀ ਟੀਮ ਨੂੰ ਹਰਾਇਆ ਸੀ। ਹਾਲਾਂਕਿ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਸਬਕ ਲੈਂਦਆਿਂ ਇੰਗਲਿਸ਼ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਤੇ ਲਗਾਤਾਰ ਤਿੰਨ ਮੁਕਾਬਲੇ ਜਿੱਤ ਕੇ ਉਸ ਨੇ ਦੱਸ ਦਿੱਤਾ ਹੈ ਕਿ ਉਹ ਟੂਰਨਾਮੈਂਟ ਦੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹੈ।
ਇੰਗਲੈਂਡ ਨੇ ਬੰਗਲਾਦੇਸ਼, ਵੈਸਟਇੰਡੀਜ਼ ਤੇ ਅਫਗਾਨਿਸਤਾਨ ਵਿਰੁੱਧ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਇੰਗਲੈਂਡ ਨੇ ਅਫਗਾਨਿਸਤਾਨ ਵਿਰੁੱਧ 150 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ। ਜੇਕਰ ਵਿੰਡੀਜ਼ ਨਾਲ ਮੁਕਾਬਲੇ ਨੂੰ ਛੱਡ ਦਿੱਤਾ ਜਾਵੇ ਤਾਂ ਮੇਜ਼ਬਾਨ ਟੀਮ ਨੇ ਇਸ ਵਿਸ਼ਵ ਕੱਪ ਦੇ ਹੋਰਨਾਂ ਮੁਕਾਬਲਿਆਂ ਵਿਚ ਪਹਾੜ ਵਰਗਾ ਸਕੋਰ ਬਣਾਇਆ ਹੈ।
ਦੂਜੇ ਪਾਸੇ ਸ਼੍ਰੀਲੰਕਾ ਦੀ ਬੱਲੇਬਾਜ਼ੀ ਨਿਊਜ਼ੀਲੈਂਡ ਵਿਰੁੱਧ ਆਪਣੇ ਪਹਿਲੇ ਮੁਕਾਬਲੇ ਵਿਚ ਪੂਰੀ ਤਰ੍ਹਾਂ ਬਿਖਰੀ ਹੋਈ ਰਹੀ ਸੀ ਤੇ ਸਿਰਫ 136 ਦੇ ਸਕੋਰ 'ਤੇ ਉਸਦੀ ਪੂਰੀ ਟੀਮ ਪੈਵੇਲੀਅਨ ਪਰਤ ਗਈ ਸੀ। ਆਸਟਰੇਲੀਆ ਵਿਰੁੱਧ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਸ਼ਰੂਆਤ ਚੰਗੀ ਰਹੀ ਸੀ ਪਰ ਕਪਤਾਨ ਦਿਮੁਥ ਕਰੁਣਾਰਤਨੇ ਦੇ ਆਊਟ ਹੁੰਦੇ ਹੀ ਪੂਰੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਈ।
ਸ਼੍ਰੀਲੰਕਾ ਦੀ ਹੁਣ ਤਕ ਵਿਸ਼ਵ ਕੱਪ 'ਚ ਇਕਲੌਤੀ ਜਿੱਤ ਅਫਗਾਨਿਸਤਾਨ ਵਿਰੁੱਧ
ਸ਼੍ਰੀਲੰਕਾ ਨੇ ਇਸ ਵਿਸ਼ਵ ਕੱਪ ਵਿਚ ਆਪਣਾ ਇਕਲੌਤਾ ਮੁਕਾਬਲਾ ਅਫਗਾਨਿਸਤਾਨ ਵਿਰੁੱਧ ਜਿੱਤਿਆ ਹੈ ਪਰ ਮੀਂਹ ਪ੍ਰਭਾਵਿਤ ਇਸ ਮੁਕਾਬਲੇ ਵਿਚ ਵੀ ਉਸਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਬੇਦਮ ਰਹੀ ਸੀ। ਹਾਲਾਂਕਿ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਤੇ ਅਫਗਾਨਿਸਤਾਨ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ ਰਹਿਣ ਨਾਲ ਸ਼੍ਰੀਲੰਕਾਈ ਟੀਮ ਨੇ ਇਹ ਮੁਕਾਬਲਾ ਜਿੱਤ ਲਿਆ ਸੀ। ਇਸ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਦਾ ਪੱਲੜਾ ਭਾਰੀ ਹੈ ਤੇ ਸ਼੍ਰੀਲੰਕਾ ਦੀ ਟੀਮ ਨੂੰ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਇਕਜੁੱਟ ਹੋ ਕੇ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਸ਼੍ਰੀਲੰਕਾ ਦੀ ਟੀਮ ਨੂੰ ਮਜ਼ਬੂਤ ਇੰਗਲੈਂਡ ਵਿਰੁੱਧ ਹਰ ਵਿਭਾਗ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।
ਪਾਕਿ 'ਤੇ ਭਾਰਤ ਦੀ ਜਿੱਤ ਤੋਂ ਪ੍ਰੇਰਣਾ ਲਵਾਂਗਾ : ਮੁੱਕੇਬਾਜ਼ ਨੀਰਜ
NEXT STORY