ਲੀਡਸ- ਚੋਟੀ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਵੱਡਾ ਸਕੋਰ ਬਣਾਉਣ ਵਾਲੇ ਵੈਸਟਇੰਡੀਜ਼ ਨੇ ਕਾਰਲੋਸ ਬ੍ਰੈੱਥਵੇਟ ਤੇ ਕੇਮਰ ਰੋਚ ਦੀ ਗੇਂਦਬਾਜ਼ੀ ਨਾਲ ਸ਼ਾਨਦਾਰ ਵਾਪਸੀ ਕਰਕੇ ਵੀਰਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ-2019 ਤੋਂ ਆਪਣੀ ਮੁਹਿੰਮ ਦਾ ਅੰਤ ਜਿੱਤ ਨਾਲ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਨੇ ਲੇਵਿਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 50 ਓਵਰਾਂ ਵਿਚ 6 ਵਿਕਟਾਂ 'ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 288 ਦੌੜਾਂ 'ਤੇ ਆਊਟ ਹੋ ਗਈ।

ਅਫਗਾਨਿਸਤਾਨ ਦੀ ਟੀਮ ਤਦ ਜਿੱਤ ਦੀ ਸਥਿਤੀ ਵਿਚ ਦਿਸ ਰਹੀ ਸੀ, ਜਦੋਂ 18 ਸਾਲਾ ਇਕਰਾਮ ਅਲੀਖਿਲ (93 ਗੇਂਦਾਂ 'ਤੇ 86 ਦੌੜਾਂ) ਤੇ ਰਹਿਮਤ ਸ਼ਾਹ (78 ਗੇਂਦਾਂ 'ਤੇ 82 ਦੌੜਾਂ) ਖੇਡ ਰਹੇ ਸਨ ਪਰ ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਟੁੱਟਣ ਤੋਂ ਬਾਅਦ ਵੈਸਟਇੰਡੀਜ਼ ਨੇ ਸ਼ਾਨਦਾਰ ਵਾਪਸੀ ਕਰ ਕੇ ਟੂਰਨਾਮੈਂਟ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਤੇ ਅਫਗਾਨਿਸਤਾਨ ਦੋਵੇਂ ਹੀ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਸਨ। ਵੈਸਟਇੰਡੀਜ਼ ਨੇ 9 ਮੈਚਾਂ ਵਿਚੋਂ 5 ਅੰਕਾਂ ਦੇ ਨਾਲ ਅੰਤ ਕੀਤਾ ਜਦਕਿ ਅਫਗਾਨਿਸਤਾਨ ਇਕ ਵੀ ਮੈਚ ਨਹੀਂ ਜਿੱਤ ਸਕਿਆ ਤੇ ਲਗਾਤਾਰ 9 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਸ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੀ। ਵੈਸਟਇੰਡੀਜ਼ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਕੁਆਲੀਫਾਇਰ ਦੇ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

ਵੈਸਟਇੰਡੀਜ਼ ਵੱਡੇ ਫਰਕ ਨਾਲ ਜਿੱਤ ਸਕਦਾ ਸੀ ਪਰ ਉਸਦੀ ਫੀਲਡਿੰਗ ਖਰਾਬ ਰਹੀ। ਗੇਲ ਦੀ ਸ਼ਲਾਘਾ ਕਰਨੀ ਪਵੇਗੀ। ਉਸ ਨੇ ਜਦੋਂ ਗੇਂਦ ਸੰਭਾਲੀ ਤਾਂ ਵੈਸਟਇੰਡੀਜ਼ ਸੰਕਟ ਵਿਚ ਸੀ। ਗੇਲ ਨੇ ਇਕ ਸ਼ਾਨਦਾਰ ਕੈਚ ਲਿਆ, ਇਕ ਵਿਕਟ ਹਾਸਲ ਕੀਤੀ ਤੇ ਇਕ ਰਨ ਆਊਟ ਕਰਨ ਵਿਚ ਮਦਦ ਕੀਤੀ। ਵੈਸਟਇੰਡੀਜ਼ ਵਲੋਂ ਬ੍ਰੈੱਥਵੇਟ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 63 ਦੌੜਾਂ 'ਤੇ 4 ਤੇ ਰੋਚ ਨੇ 37 ਦੌੜਾਂ 'ਤੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੇ ਹਾਲਾਂਕਿ ਕ੍ਰਿਸ ਗੇਲ (7) ਨੂੰ 21 ਦੇ ਸਕੋਰ 'ਤੇ ਗੁਆ ਦਿੱਤਾ ਸੀ ਪਰ ਇਸ ਤੋਂ ਬਾਅਦ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 300 ਦੇ ਪਾਰ ਪਹੁੰਚਾਇਆ। ਲੇਵਿਸ ਨੇ 78 ਗੇਂਦਾਂ 'ਤੇ 58 ਦੌੜਾਂ ਵਿਚ 6 ਚੌਕੇ ਤੇ 2 ਛੱਕੇ, ਹੋਪ ਨੇ 92 ਗੇਂਦਾਂ 'ਤੇ 77 ਦੌੜਾਂ ਵਿਚ 6 ਚੌਕੇ ਤੇ 2 ਛੱਕੇ ਤੇ ਪੂਰਨ ਨੇ 43 ਗੇਂਦਾਂ 'ਤੇ 58 ਦੌੜਾਂ ਵਿਚ 6 ਚੌਕੇ ਤੇ 1 ਛੱਕਾ ਲਾਇਆ। ਪੂਰਨ ਨੇ ਪਿਛਲੇ ਮੈਚ ਵਿਚ ਸੈਂਕੜਾ ਲਾਇਆ ਸੀ ਤੇ ਇਸ ਮੈਚ ਵਿਚ ਉਸ ਨੇ ਅਰਧ ਸੈਂਕੜਾ ਬਣਾ ਦਿੱਤਾ।

ਕਪਤਾਨ ਜੈਸਨ ਹੋਲਡਰ ਨੇ 34 ਗੇਂਦਾਂ 'ਤੇ 1 ਚੌਕਾ ਤੇ 4 ਛੱਕੇ ਲਾਉਂਦਿਆਂ 45 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ਿਮਰੋਨ ਹੈੱਟਮਾਇਰ ਨੇ 31 ਗੇਂਦਾਂ 'ਤੇ 39 ਦੌੜਾਂ ਵਿਚ 3 ਚੌਕੇ ਤੇ 2 ਛੱਕੇ ਲਾਏ। ਕਾਰਲੋਸ ਬ੍ਰੈੱਥਵੇਟ ਨੇ ਸਿਰਫ 4 ਗੇਂਦਾਂ 'ਤੇ 2 ਚੌਕੇ ਤੇ 1 ਛੱਕਾ ਲਾਉਂਦਿਆਂ ਅਜੇਤੂ 14 ਦੌੜਾਂ ਬਣਾਈਆਂ। ਵਿੰਡੀਜ਼ ਦੀ ਪਾਰੀ ਵਿਚ 25 ਚੌਕੇ ਤੇ 12 ਛੱਕੇ ਲੱਗੇ। ਲੇਵਿਸ ਤੇ ਹੋਪ ਨੇ ਦੂਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਹੋਪ ਤੇ ਹੈੱਟਮਾਇਰ ਨੇ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ। ਪੂਰਨ ਤੇ ਹੋਲਡਰ ਨੇ 5ਵੀਂ ਵਿਕਟ ਲਈ 105 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅਫਗਾਨਿਸਤਾਨ ਵਲੋਂ ਦੌਲਤ ਜ਼ਾਦਰਾਨ ਨੇ 73 ਦੌੜਾਂ 'ਤੇ 2 ਵਿਕਟਾਂ ਲਈਆਂ, ਜਦਕਿ ਸਈਅਦ ਸ਼ਿਰਜਾਦ, ਮੁਹੰਮਦ ਨਬੀ ਤੇ ਰਾਸ਼ਿਦ ਖਾਨ ਨੇ ਇਕ-ਇਕ ਵਿਕਟ ਲਈ।
ਟੀਮਾਂ ਇਸ ਤਰ੍ਹਾਂ ਹਨ :-
ਵੈਸਟਇੰਡੀਜ਼ : ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਨਿਕੋਲਸ ਪੂਰਨ, ਜੇਸਨ ਹੋਲਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਫੈਬੀਅਨ ਐਲਨ, ਸ਼ੇਲਡਨ ਕੋਟਰੇਲ, ਓਸ਼ਾਨੇ ਥਾਮਸ, ਕੇਮਾਰ ਰੋਚ।
ਅਫਗਾਨਿਸਤਾਨ : ਰਹਿਮਤ ਸ਼ਾਹ, ਗੁਲਬਦੀਨ ਨਾਇਬ (ਕਪਤਾਨ), ਅਸਗਰ ਅਫਗਾਨ, ਮੁਹੰਮਦ ਨਬੀ, ਸਮਿਉਲ੍ਹਾ ਸ਼ਿਨਵਾਰੀ, ਨਜੀਬੁੱਲਾ ਜ਼ਾਦਰਨ, ਇਕਰਾਮ ਅਲੀ ਖਿਲ, ਰਾਸ਼ਿਦ ਖਾਨ, ਦੌਲਤ ਜ਼ਾਦਰਾਨ, ਸਈਅਦ ਸ਼ਿਰਜ਼ਾਦ, ਮੁਜੀਬ ਉਰ ਰਹਿਮਾਨ।
ਸੈਮੀਫਾਈਨਲ ਐਜਬੈਸਟਨ ਵਿਚ ਖੇਡਣ ਨਾਲ ਖੁਸ਼ ਹਨ ਇੰਗਲੈਂਡ ਦੇ ਕਪਤਾਨ ਮਾਰਗਨ
NEXT STORY