ਲੰਡਨ : ਸੱਤ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਅਲੈਕਸੀ ਪੋਪੀਰਿਨ ਨੂੰ ਚਾਰ ਸੈੱਟਾਂ ਵਿਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਦਕਿ ਮਹਿਲਾ ਸਿੰਗਲਜ਼ ਦੁਨੀਆ ਦੀ ਨੰਬਰ ਇਕ ਨੰਬਰ ਇਕ ਖਿਡਾਰਨ ਇਗਾ ਸਵਿਆਤੇਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸਰਬੀਆ ਦੇ ਜੋਕੋਵਿਚ ਨੇ ਪੋਪੀਰਿਨ ਨੂੰ 4-6, 6-3, 6-4, 7-6 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਦੂਜੇ ਪਾਸੇ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਸਵਿਆਤੇਕ ਨੂੰ ਆਲ ਇੰਗਲੈਂਡ ਕਲੱਬ 'ਚ ਤੀਜੇ ਦੌਰ ਦੇ ਮੈਚ 'ਚ ਗੈਰ ਦਰਜਾ ਪ੍ਰਾਪਤ ਯੂਲੀਆ ਪੁਤਿੰਤਸੇਵਾ ਨੇ 3-6, 6-1, 6-2 ਨਾਲ ਹਰਾਇਆ। ਇਸ ਦੇ ਨਾਲ ਹੀ ਸਵਿਆਤੇਕ ਦੀ ਲਗਾਤਾਰ 21 ਮੈਚ ਜਿੱਤਣ ਦੀ ਮੁਹਿੰਮ ਦਾ ਵੀ ਅੰਤ ਹੋ ਗਿਆ। ਪੰਜ ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਆਤੇਕ ਨੂੰ ਵਿੰਬਲਡਨ ਦੇ ਗ੍ਰਾਸ ਕੋਰਟ ਪਸੰਦ ਨਹੀਂ ਹਨ। 2022 ਵਿੱਚ ਵੀ, ਏਲਿਜ਼ ਕਾਰਨੇਟ ਨੇ ਤੀਜੇ ਦੌਰ ਵਿੱਚ ਉਨ੍ਹਾਂ ਨੂੰ ਹਰਾ ਕੇ ਲਗਾਤਾਰ 37 ਮੈਚ ਜਿੱਤਣ ਦੀ ਮੁਹਿੰਮ ਦਾ ਅੰਤ ਕੀਤਾ।
ਪੁਤਿੰਤਸੇਵਾ ਦਾ ਅਗਲਾ ਮੁਕਾਬਲਾ 2017 ਦੀ ਫਰੈਂਚ ਓਪਨ ਚੈਂਪੀਅਨ ਅਤੇ 13ਵੀਂ ਸੀਡ ਜੇਲੇਨਾ ਓਸਟਾਪੇਂਕਾ ਨਾਲ ਹੋਵੇਗਾ। ਮਹਿਲਾ ਸਿੰਗਲਜ਼ 'ਚ 21ਵਾਂ ਦਰਜਾ ਪ੍ਰਾਪਤ ਏਲੇਨਾ ਸਵਿਤੋਲਿਨਾ ਨੇ 10ਵੀਂ ਰੈਂਕਿੰਗ ਦੀ ਓਨਸ ਜੇਬਊਰ ਨੂੰ 6-1, 7-6 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਚੌਥਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜਵੇਰੇਵ ਨੇ ਕੈਮਰੂਨ ਨੋਰੀ ਨੂੰ ਸਿੱਧੇ ਸੈੱਟਾਂ ਵਿੱਚ 6-4, 6-4, 7-6 ਨਾਲ ਹਰਾਇਆ।
ਅਮਰੀਕਾ ਦੇ 14ਵਾਂ ਦਰਜਾ ਪ੍ਰਾਪਤ ਬੇਨ ਸ਼ੈਲਟਨ ਨੇ ਸ਼ੁੱਕਰਵਾਰ ਨੂੰ ਮੁਲਤਵੀ ਹੋਏ ਮੈਚ ਵਿੱਚ ਡੇਨਿਸ ਸ਼ਾਪੋਵਾਲੋਵ ਨੂੰ 6-7, 6-2, 6-4, 4-6, 6-2 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਐਤਵਾਰ ਨੂੰ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਨੰਬਰ ਇਕ ਯਾਨਿਕ ਸਿੰਨਰ ਨਾਲ ਹੋਵੇਗਾ।
ਤੁਹਾਨੂੰ ਸਖ਼ਤ ਮਿਹਨਤ ਤੇ ਇਮਾਨਦਾਰੀ ਦਾ ਨਤੀਜਾ ਮਿਲਿਆ ਹੈ: ਹਾਰਦਿਕ ਪੰਡਯਾ ਤੇ ਬੋਲੇ ਈਸ਼ਾਨ
NEXT STORY