ਗਾਲੇ– ਆਫ ਸਪਿਨਰ ਡੋਮਿਨਿਕ ਬੇਸ ਤੇ ਲੈਫਟ ਆਰਮ ਸਪਿਨਰ ਜੈਕ ਲੀਚ ਨੇ 4-4 ਵਿਕਟਾਂ ਤੇ ਡੋਮਿਨਿਕ ਸਿਬਲੇ (ਅਜੇਤੂ 56) ਤੇ ਜੋਸ ਬਟਲਰ (ਅਜੇਤੂ 46) ਦੀ ਟਰਨ ਲੈਂਦੀ ਪਿੱਚ ’ਤੇ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਸ਼੍ਰੀਲੰਕਾ ਨੂੰ ਦੂਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕਰ ਲਿਆ। ਇੰਗਲੈਂਡ ਨੂੰ ਇਸ ਸੀਰੀਜ਼ ਜਿੱਤ ਤੋਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 120 ਅੰਕ ਹਾਸਲ ਹੋਏ।
ਇੰਗਲੈਂਡ ਨੇ ਸ਼੍ਰੀਲੰਕਾ ਨੂੰ ਅੱਜ ਦੂਜੀ ਪਾਰੀ ਵਿਚ ਸਿਰਫ 126 ਦੌੜਾਂ ’ਤੇ ਢੇਰ ਕਰ ਦਿੱਤਾ, ਜਿਸ ਨਾਲ ਉਸ ਨੂੰ ਜਿੱਤ ਲਈ 164 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਆਪਣੀਆਂ 4 ਵਿਕਟਾਂ 89 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਸਿਬਲੇ ਤੇ ਬਟਲਰ ਨੇ 5ਵੀਂ ਵਿਕਟ ਲਈ 75 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਚੌਥੇ ਦਿਨ ਹੀ ਜਿੱਤ ਦਿਵਾ ਦਿੱਤੀ। ਇੰਗਲੈਂਡ ਨੇ 43.3 ਓਵਰਾਂ ਵਿਚ 4 ਵਿਕਟਾਂ ’ਤੇ 164 ਦੌੜਾਂ ਬਣਾ ਕੇ ਸੀਰੀਜ਼ ਆਪਣੇ ਨਾਂ ਕੀਤੀ।
ਇੰਗਲੈਂਡ ਨੇ ਸਵੇਰੇ ਕੱਲ ਦੀਆਂ 9 ਵਿਕਟਾਂ ’ਤੇ 339 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ 344 ਦੌੜਾਂ ’ਤੇ ਖਤਮ ਹੋਈ। ਲੈਫਟ ਆਰਮ ਸਪਿਨਰ ਲਸਿਤ ਐਂਬੂਲਡੇਨੀਆਂ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 42 ਓਵਰਾਂ ਵਿਚ 137 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 37 ਦੌੜਾਂ ਦੀ ਬੜ੍ਹਤ ਮਿਲੀ। ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 381 ਦੌੜਾਂ ਬਣਾਈਆਂ ਸਨ।
ਮੇਜ਼ਬਾਨ ਟੀਮ ਨੇ ਦੂਜੀ ਪਾਰੀ ਵਿਚ ਟਰਨ ਲੈਂਦੀ ਪਿੱਚ ’ਤੇ ਇੰਗਲੈਂਡ ਦੇ ਆਫ ਸਪਿਨਰ ਡੋਮਿਨਿਕ ਬੇਸ ਤੇ ਲੈਫਟ ਆਰਮ ਸਪਿਨਰ ਜੈਕ ਲੀਚ ਦੇ ਕਹਿਰ ਦੇ ਸਾਹਮਣੇ ਗੋਢੇ ਟੇਕ ਦਿੱਤੇ। ਸ਼੍ਰੀਲੰਕਾ ਦੀਆਂ 8 ਵਿਕਟਾਂ ਤਾਂ ਸਿਰਫ 78 ਦੌੜਾਂ ’ਤੇ ਡਿੱਗ ਗਈਆਂ ਸਨ। ਇਹ ਤਾਂ ਭਲਾ ਹੋਵੇ ਐਂਬੂਲਡੇਨੀਆ ਦਾ ਜਿਸ ਨੇ 40 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ 126 ਦੌੜਾਂ ਤਕ ਪਹੁੰਚਾਇਆ। ਬੇਸ ਨੇ 16 ਓਵਰਾਂ ਵਿਚ 49 ਦੌੜਾਂ ਦੇ ਕੇ 4 ਵਿਕਟਾਂ, ਲੀਚ ਨੇ 14 ਓਵਰਾਂ ਵਿਚ 59 ਦੌੜਾਂ ’ਤੇ 4 ਵਿਕਟਾਂ ਤੇ ਕਪਤਾਨ ਤੇ ਪਾਰਟ ਟਾਈਮ ਆਫ ਸਪਿਨਰ ਜੋ ਰੂਟ ਨੇ 1.5 ਓਵਰਾਂ ਵਿਚ ਬਿਨਾਂ ਕੋਈ ਦੌੜ ਦਿੱਤੇ 2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਬੀਬੀਆਂ ਦੀ ਹਾਕੀ ਟੀਮ ਅਰਜਨਟੀਨਾ-ਬੀ ਟੀਮ ਤੋਂ ਹਾਰੀ
NEXT STORY