ਨਵੀਂ ਦਿੱਲੀ– ਗ੍ਰੈਂਡ ਮਾਸਟਰ ਅਰਜੁਨ ਐਰਗਾਸੀ ਐਤਵਾਰ ਨੂੰ ਗੋਲਡ ਪੱਧਰ ਦੀ 2800 ਈ. ਐੱਲ. ਓ. ਰੇਟਿੰਗ ਹਾਸਲ ਕਰਨ ਵਾਲੇ ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਤੋਂ ਬਾਅਦ ਦੂਜਾ ਭਾਰਤੀ ਤੇ ਦੁਨੀਆ ਦਾ 16ਵਾਂ ਖਿਡਾਰੀ ਬਣ ਗਿਆ ਹੈ। ਉਹ ਤਾਜ਼ਾ ਸ਼ਤਰੰਜ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਹੈ।
ਇਸ ਸਾਲ ਬਿਹਤਰੀਨ ਫਾਰਮ ਵਿਚ ਚੱਲ ਰਹੇ 21 ਸਾਲਾ ਐਰਗਾਸੀ ਨੇ ਹਾਲ ਹੀ ਵਿਚ ਸ਼ਤਰੰਜ ਓਲੰਪਿਆਡ ਵਿਚ ਭਾਰਤ ਦੇ ਇਤਿਹਾਸਕ ਪ੍ਰਦਰਸ਼ਨ ਦੌਰਾਨ ਵਿਅਕਤੀਗਤ ਸੋਨ ਤਮਗਾ ਜਿੱਤਣ ਤੋਂ ਇਲਾਵਾ ਟੀਮ ਨੂੰ ਖਿਤਾਬ ਦਿਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਸ਼ਤਰੰਜ ਦੀ ਵਿਸ਼ਵ ਪੱਧਰੀ ਸੰਸਥਾ ਫਿਡੇ ਨੇ ‘ਐਕਸ’ ਉੱਪਰ ਲਿਖਿਆ,‘‘ਅਰਜੁਨ ਐਰਗਾਸੀ ਕਲਾਸੀਕਲ ਸ਼ਤਰੰਜ ਰੇਟਿੰਗ ਵਿਚ 2800 ਈ. ਐੱਲ. ਓ. ਰੇਟਿੰਗ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਇਤਿਹਾਸ ਦਾ 16ਵਾਂ ਖਿਡਾਰੀ ਬਣ ਗਿਆ ਹੈ।’’
ਫਿਡੇ ਨੇ ਕਿਹਾ,‘‘ਅਰਜੁਨ ਐਰਗਾਸੀ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੂਜਾ ਭਾਰਤੀ ਹੈ। ਦਸੰਬਰ 2024 ਦੀ ਫਿਡੇ ਰੇਟਿੰਗ ਸੂਚੀ ਵਿਚ ਉਸਦੀ ਰੇਟਿੰਗ 2801 ਹੈ ਤੇ ਉਹ ਮੌਜੂਦਾ ਸਮੇਂ ਵਿਚ ਦੁਨੀਆ ਦਾ ਚੌਥੇ ਨੰਬਰ ਦਾ ਖਿਡਾਰੀ ਹੈ। ਇਸ 21 ਸਾਲਾ ਖਿਡਾਰੀ ਨੇ ਇਸ ਸਾਲ 45ਵੇਂ ਸ਼ਤਰੰਜ ਓਲੰਪਿਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਤੇ ਵਿਅਕਤੀਗਤ ਸੋਨ ਤਮਗਾ ਜਿੱਤਿਆ ਸੀ।’’
ਤੇਲੰਗਾਨਾ ਦੇ ਵਾਰੰਗਲ ਵਿਚ ਜਨਮੇ ਐਰਗਾਸੀ ਨੇ 14 ਸਾਲ 11 ਮਹੀਨੇ 13 ਦਿਨ ਦੀ ਉਮਰ ਵਿਚ ਗ੍ਰੈਂਡਮਾਸਟਰ ਖਿਤਾਬ ਹਾਸਲ ਕੀਤਾ ਸੀ। ਸਤੰਬਰ 2024 ਵਿਚ ਉਹ ਭਾਰਤ ਦੀ ਚੋਟੀ ਦੀ ਰੈਂਕਿੰਗ ਵਾਲਾ ਖਿਡਾਰੀ ਬਣਿਆ ਸੀ। ਵਿਸ਼ਵ ਰੈਂਕਿੰਗ ਵਿਚ ਹੁਣ ਐਰਗਾਸੀ ਤੋਂ ਅੱਗੇ ਸਿਰਫ ਨਾਰਵੇ ਦਾ ਧਾਕੜ ਮੈਗਨਸ ਕਾਰਲਸਨ (2831), ਅਮਰੀਕਾ ਦਾ ਫਾਬਿਆਨੋ ਕਰੂਆਨਾ (2805) ਤੇ ਅਮਰੀਕਾ ਦਾ ਹੀ ਨਾਕਾਮੁਰਾ (2802) ਹਨ। ਸਿੰਗਾਪੁਰ ਵਿਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਮੁਕਾਬਲੇ ਵਿਚ ਚੀਨ ਦੇ ਡਿੰਗ ਲਿਰੇਨ ਨੂੰ ਚੁਣੌਤੀ ਦੇ ਰਿਹਾ ਭਾਰਤ ਦਾ 18 ਸਾਲਾ ਡੀ. ਗੁਕੇਸ਼ 2783 ਰੇਟਿੰਗ ਦੇ ਨਾਲ 5ਵੇਂ ਸਥਾਨ ’ਤੇ ਹੈ। ਲਿਰੇਨ (2728) 22ਵੇਂ ਸਥਾਨ ’ਤੇ ਹੈ।
ਭਾਰਤ ਨੂੰ ICC ਤੋਂ ਹੋਣ ਵਾਲੀ ਕਮਾਈ ਤੋਂ ਸੜਦਾ ਹੈ ਪਾਕਿ.. ਚਾਹੁੰਦੈ ਬਦਲਾਅ, ਜਾਣੋ ICC ਦਾ ਮਾਲੀਆ ਮਾਡਲ
NEXT STORY