ਕੋਲਕਾਤਾ- ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਮੁਕਾਬਲੇ ’ਚ ਆਈ. ਪੀ. ਐੱਲ. ਦੇ ਦੋ ਸਭ ਤੋਂ ਮਹਿੰਗੇ ਖਿਡਾਰੀਆਂ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ ਤੇ ਪੈਟ ਕਮਿੰਸ ਤੋਂ ਇਲਾਵਾ ਸੱਟ ਕਾਰਨ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਸ਼੍ਰੇਅਸ ਅਈਅਰ ਦੇ ਪ੍ਰਦਰਸ਼ਨ ’ਤੇ ਵੀ ਫੋਕਸ ਰਹੇਗਾ। ਕਮਰ ਦੀ ਸੱਟ ਕਾਰਨ ਪਿਛਲੇ ਸਾਲ ਪੂਰੇ ਸੈਸ਼ਨ ’ਚੋਂ ਬਾਹਰ ਰਿਹਾ ਸ਼੍ਰੇਅਸ ਅਈਅਰ ਕੇ. ਕੇ. ਆਰ. ਦੀ ਕਮਾਨ ਸੰਭਾਲੇਗਾ। ਉਸ ਨੇ ਹਾਲ ਹੀ ਵਿਚ ਰਣਜੀ ਟਰਾਫੀ ਵਿਚ ਮੁੰਬਈ ਲਈ 95 ਦੌੜਾਂ ਬਣਾਈਆਂ ਪਰ ਫਿਟਨੈੱਸ ਨੂੰ ਦੇਖਦੇ ਹੋਏ ਇਹ ਤੈਅ ਨਹੀਂ ਹੈ ਕਿ ਉਹ ਸਾਰੇ ਮੈਚ ਖੇਡ ਸਕੇਗਾ ਜਾਂ ਨਹੀਂ।
ਕੇ. ਕੇ. ਆਰ ਦਾ ਸਭ ਤੋਂ ਕਾਮਯਾਬ ਕਪਤਾਨ ਗੌਤਮ ਗੰਭੀਰ ਹੁਣ ਮੈਂਟੋਰ ਦੇ ਰੂਪ ਵਿਚ ਦੂਜੀ ਪਾਰੀ ਵਿਚ ਪਰਤਿਆ ਹੈ। ਘਰੇਲੂ ਸਰਕਟ ’ਤੇ ਚਲਾਕ ਰਣਨੀਤੀਕਾਰ ਮੁੱਖ ਕੋਚ ਚੰਦਰਕਾਂਤ ਪੰਡਿਤ ਦੇ ਨਾਲ ਉਸਦੀ ਸਾਂਝੇਦਾਰੀ ਦਿਲਚਸਪ ਹੋਵੇਗੀ। ਟੀਮ ਦੇ ਮਾਲਕ ਸ਼ਾਹਰੁਖ ਖਾਨ ਨੇ ਗੰਭੀਰ ਨਾਲ ਕਿਹਾ ਹੈ, ‘‘ਇਹ ਤੁਹਾਡੀ ਟੀਮ ਹੈ। ਬਣਾਓ ਜਾਂ ਵਿਗਾੜੋ।’’
ਗੰਭੀਰ ਦੀ ਕਪਤਾਨੀ ’ਚ ਕੇ. ਕੇ. ਆਰ. ਨੇ 2011 ਤੋਂ 2017 ਤੋਂ ਬਾਅਦ ਆਈ. ਪੀ. ਐੱਲ. ਖਿਤਾਬ ਜਿੱਤੇ, ਪੰਜ ਪਲੇਅ ਆਫ ਖੇਡੇ ਤੇ ਇਕ ਵਾਰ ਹੁਣ ਬੰਦ ਹੋ ਚੁੱਕੀ ਚੈਂਪੀਅਨਸ ਲੀਗ ਵਿਚ ਉਪ ਜੇਤੂ ਰਹੀ। ਕੇ. ਕੇ. ਆਰ. ਨੇ ਸਟਾਰਕ ਨੂੰ 24 ਕਰੋੜ 75 ਲੱਖ ਰੁਪਏ ’ਚ ਖਰੀਦਿਆ ਹੈ ਤੇ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ’ਤੇ ਚੰਗੇ ਪ੍ਰਦਰਸ਼ਨ ਦਾ ਕਾਫੀ ਦਬਾਅ ਹੋਵੇਗਾ। ਪਾਵਰਪਲੇਅ ਤੇ ਡੈੱਥ ਓਵਰਾਂ ’ਚ ਉਸ ਦੇ ਸਪੈੱਲ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਕੇ. ਕੇ. ਆਰ. ਕੋਲ ਸਟਾਰਕ ਤੇ ਆਂਦ੍ਰੇ ਰਸੇਲ ਵਰਗੇ ਦੋ ਤਜਰਬੇਕਾਰ ਤੇਜ਼ ਗੇਂਦਬਾਜ਼ ਹਨ ਤੇ ਉਨ੍ਹਾਂ ਦੀ ਜਗ੍ਹਾ ਲੈਣ ਲਈ ਉਨ੍ਹਾਂ ਵਰਗਾ ਕੋਈ ਬਦਲ ਨਹੀਂ ਹੈ, ਲਿਹਾਜਾ ਕਾਰਜਭਾਰ ਪ੍ਰਬੰਧਨ ਵਿਚ ਸਾਵਧਾਨੀ ਵਰਤਣੀ ਪਵੇਗੀ। ਕੇ. ਕੇ. ਆਰ. ਕੋਲ ਬੱਲੇਬਾਜ਼ੀ ’ਚ ਅਈਅਰ ਤੋਂ ਇਲਾਵਾ ਰਿੰਕੂ ਸਿੰਘ, ਰਸੇਲ, ਰਹਿਮਾਨਉੱਲ੍ਹਾ ਗੁਰਬਾਜ, ਫਿਲ ਸਾਲਟ ਤੇ ਵੈਂਕਟੇਸ਼ ਅਈਅਰ ਹਨ। ਸਪਿਨ ਗੇਂਦਬਾਜ਼ੀ ਵਿਚ ਸੁਨੀਲ ਨਾਰਾਇਣ, ਵਰੁਣ ਚਕਰਵਰਤੀ ਤੇ ਸੁਯਸ਼ ਸ਼ਰਮਾ ’ਤੇ ਜ਼ਿੰਮੇਵਾਰੀ ਹੋਵੇਗੀ।
ਸਨਰਾਈਜ਼ਰਜ਼ ਦੀ ਕਮਾਨ ਆਸਟ੍ਰੇਲੀਅਨ ਟੀਮ ਦੇ ਕਪਤਾਨ ਕਮਿੰਸ ਦੇ ਹੱਥਾਂ ਵਿਚ ਹੋਵੇਗੀ, ਜਿਸ ਨੂੰ 20 ਕਰੋੜ 50 ਲੱਖ ਰੁਪਏ ’ਚ ਖਰੀਦਿਆ ਗਿਆ ਹੈ। ਉਹ ਆਈ. ਪੀ. ਐੱਲ. ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਹੈ ਤੇ ਪਿਛਲੇ ਤਿੰਨ ਸੈਸ਼ਨਾਂ ’ਚ ਆਖਰੀ ਸਥਾਨ ’ਤੇ ਰਹੀ ਸਨਰਾਈਜ਼ਰਜ਼ ਦੀ ਤਕਦੀਰ ਬਦਲਣ ਦੀ ਜ਼ਿੰਮੇਵਾਰੀ ਉਸ ’ਤੇ ਹੋਵੇਗੀ।
ਸਨਰਾਈਜ਼ਰਜ਼ ਦੇ ਕੋਲ ਟ੍ਰੈਵਿਸ ਹੈੱਡ ਤੇ ਹੈਨਰਿਕ ਕਲਾਸੇਨ ਵਰਗੇ ਬੱਲੇਬਾਜ਼ ਹਨ ਜਦਕਿ ਗੇਂਦਬਾਜ਼ੀ ਵਿਚ ਕਮਿੰਸ ਤੇ ਭਾਰਤ ਦੇ ਡੈੱਥ ਓਵਰਾਂ ਦੇ ਮਾਹਿਰ ਭੁਵਨੇਸ਼ਵਰ ਕੁਮਾਰ ਹਨ। ਸਪਿਨ ਵਿਚ ਵਾਨਿੰਦੂ ਹਸਰੰਗਾ ਤੇ ਵਾਸ਼ਿੰਗਟਨ ਸੁੰਦਰ ਜ਼ਿੰਮੇਵਾਰੀ ਸੰਭਾਲਣਗੇ। ਇਹ ਦੇਖਣਾ ਹੋਵੇਗਾ ਕਿ ਹਸਰੰਗਾ ਪਹਿਲਾ ਮੈਚ ਖੇਡ ਸਕੇਗਾ ਜਾਂ ਨਹੀਂ, ਕਿਉਂਕਿ ਬੰਗਲਾਦੇਸ਼ ਵਿਰੁੱਧ ਟੈਸਟ ਲਈ ਆਈ. ਸੀ. ਸੀ. ਨੇ ਉਸ ’ਤੇ ਪਾਬੰਦੀ ਲਗਾਈ ਹੈ।
IPL 2024: ਬੈਂਗਲੁਰੂ ਨੇ ਚੇਨਈ ਨੂੰ ਦਿੱਤਾ 174 ਦੌੜਾਂ ਦਾ ਟੀਚਾ
NEXT STORY