ਭੁਵਨੇਸ਼ਵਰ— ਵਿਸ਼ਵ ਕੱਪ 'ਚ ਸ਼ਾਨਦਾਰ ਸ਼ੁਰੂਆਤ ਦੇ ਬਾਅਦ ਭਾਰਤੀ ਹਾਕੀ ਟੀਮ ਦੇ ਸਾਹਮਣੇ ਐਤਵਾਰ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਦੇ ਰੂਪ 'ਚ ਮੁਸ਼ਕਲ ਚੁਣੌਤੀ ਹੋਵੇਗੀ ਜਿਸ ਨੂੰ ਹਰਾਉਣ 'ਤੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੈ। ਪਿਛਲੇ 43 ਸਾਲਾਂ 'ਚ ਪਹਿਲੀ ਵਾਰ ਵਿਸ਼ਵ ਕੱਪ 'ਚ ਤਮਗਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਹਾਕੀ ਟੀਮ ਨੇ 16 ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 5-0 ਨਾਲ ਹਰਾਇਆ।
ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਬੈਲਜੀਅਮ ਟੀਮ ਨੇ ਕੈਨੇਡਾ ਨੂੰ 2-1 ਨਾਲ ਹਰਾਇਆ ਪਰ ਉਸ ਦਾ ਪ੍ਰਦਰਸ਼ਨ ਓਨਾ ਪ੍ਰਭਾਵੀ ਨਹੀਂ ਰਿਹਾ। 8 ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਅਜੇ ਤੱਕ ਸਿਰਫ ਇਕ ਵਾਰ 1975 'ਚ ਵਿਸ਼ਵ ਕੱਪ ਜਿੱਤ ਸਕੀ ਹੈ। ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ ਹਮਲਾਵਰ ਹਾਕੀ ਖੇਡੀ ਅਤੇ ਉਹ ਇਸ ਲੈਅ ਨੂੰ ਕਾਇਮ ਰਖਣਾ ਚਾਹੇਗਾ। ਪਰ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਭਾਰਤੀ ਹਾਕੀ ਟੀਮ ਦੀ ਪੁਰਾਣੀ ਸਮੱਸਿਆ ਰਹੀ ਹੈ। ਉਸ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਬੈਲਜੀਅਮ ਦੀ ਟੀਮ ਨੂੰ ਹਰਾਉਣ ਲਈ ਹਰ ਵਿਭਾਗ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਦੱਖਣੀ ਅਫਰੀਕਾ ਦੇ ਖਿਲਾਫ ਮਨਦੀਪ ਸਿੰਘ, ਸਿਮਰਨਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਲਲਿਤ ਉਪਾਧਿਆਏ ਨੇ ਫਾਰਵਰਡ ਲਾਈਨ 'ਚ ਚੰਗਾ ਪ੍ਰਦਰਸ਼ਨ ਕੀਤਾ। ਸਿਮਰਨਜੀਤ ਨੇ ਦੋ ਗੋਲ ਕੀਤੇ ਜਦਕਿ ਬਾਕੀ ਤਿੰਨ ਸਟ੍ਰਾਈਕਰਾਂ ਨੇ ਇਕ-ਇਕ ਗੋਲ ਦਾਗਿਆ।
ਮਨਪ੍ਰੀਤ ਸਿੰਘ ਦੀ ਅਗਵਾਈ 'ਚ ਮਿਡਫੀਲਡ ਅਤੇ ਡਿਫੈਂਸ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਡਿਫੈਂਡਰ ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਸੁਰਿੰਦਰ ਕੁਮਾਰ ਅਤੇ ਗੋਲਕੀਪਰ ਪੀ. ਆਰ ਸ਼੍ਰੀਜੇਸ਼ ਨੂੰ ਹਮਲਾਵਰ ਬੈਲਜੀਅਮ ਖਿਲਾਫ ਹਰ ਪਲ ਸਾਵਧਾਨ ਰਹਿਣਾ ਹੋਵੇਗਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਬੈਲਜੀਅਮ ਦੇ ਖਿਲਾਫ ਆਪਣਾ ਰਿਕਾਰਡ ਵੀ ਬਿਹਤਰ ਕਰਨਾ ਚਾਹੇਗਾ। ਪਿਛਲੇ 5 ਸਾਲਾਂ 'ਚ ਦੋਹਾਂ ਟੀਮਾਂ ਵਿਚਾਲੇ ਹੋਏ 19 ਮੁਕਾਬਲਿਆ 'ਚੋਂ 13 ਬੈਲਜੀਅਮ ਨੇ ਜਿੱਤੇ ਹਨ ਅਤੇ ਇਕ ਡਰਾਅ ਰਿਹਾ। ਦੋਹਾਂ ਟੀਮਾਂ ਲਈ ਪੈਨਲਟੀ ਕਾਰਨਰ ਸਮੱਸਿਆ ਬਣਿਆ ਹੋਇਆ ਹੈ।
ਦੱਖਣੀ ਅਫਰੀਕਾ ਦੇ ਖਿਲਾਫ ਭਾਰਤ ਪੰਜ 'ਚੋਂ ਇਕ ਹੀ ਪੈਨਲਟੀ ਨੂੰ ਤਬਦੀਲ ਕਰ ਸਕਿਆ ਜਦਕਿ ਬੈਲਜੀਅਮ ਨੇ ਕੈਨੇਡਾ ਦੇ ਸਾਹਮਣੇ ਦੋ ਪੈਨਲਟੀ ਕਾਰਨਰ ਗੁਆਏ। ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਪੈਨਲਟੀ ਕਾਰਨਰ ਤੋਂ ਸਿੱਧੇ ਗੋਲ ਨਾ ਕਰ ਸਕਣ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ- ਅਸੀਂ ਖੂਬਸੂਰਤ ਫੀਲਡ ਗੋਲ ਅਤੇ ਪੈਨਲਟੀ ਕਾਰਨਰ 'ਤੇ ਗੋਲ ਕੀਤੇ। ਪੈਨਲਟੀ ਕਾਰਨਰ 'ਤੇ ਸਿੱਧੇ ਗੋਲ ਨਹੀਂ ਕਰ ਸਕੇ ਪਰ ਗੋਲ ਕਰਨਾ ਅਹਿਮ ਹੈ, ਕਿਵੇਂ ਹੋਏ ਉਸ ਨਾਲ ਕੋਈ ਫਰਕ ਨਹੀਂ ਪੈਂਦਾ।
ਬੈਲਜੀਅਮ ਨੇ ਪਿਛਲੇ ਇਕ ਦਹਾਕੇ 'ਚ ਵਿਸ਼ਵ ਕੱਪ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਬਿਨਾ ਕੋਈ ਵੱਡਾ ਖਿਤਾਬ ਜਿੱਤੇ ਉਹ ਚੋਟੀ ਦੀਆਂ ਟੀਮਾਂ 'ਚ ਸ਼ਾਮਲ ਹੈ। ਬੈਲਜੀਅਮ ਦੇ ਕੋਚ ਸ਼ੇਨ ਮੈਕਲੀਓਡ ਨੇ ਕਿਹਾ- ਭਾਰਤ ਖਿਲਾਫ ਇਹ ਮੈਚ ਸਾਨੂੰ ਹਰ ਹਾਲਾਤ 'ਚ ਜਿੱਤਣਾ ਹੈ ਅਤੇ ਪੂਰੇ ਅੰਕ ਲੈਣੇ ਹਨ। ਸਾਡਾ ਗੋਲ ਔਸਤ ਓਨਾ ਨਹੀਂ ਸੀ ਜਿੰਨਾ ਅਸੀਂ ਚਾਹੁੰਦੇ ਸੀ ਤਾਂ ਸਾਨੂੰ ਜਿੱਤਣਾ ਹੀ ਹੋਵੇਗਾ। ਪੂਲ ਸੀ ਦੇ ਦੂਜੇ ਮੈਚ 'ਚ ਕੈਨੇਡਾ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।
ਮਾਈਕਲ ਵਾਨ ਨੇ ਰੋਹਿਤ ਸ਼ਰਮਾ ਨੂੰ ਦਿੱਤਾ ਇਹ ਸੁਝਾਅ
NEXT STORY