ਨਵੀਂ ਦਿੱਲੀ– ਭਾਰਤੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸਵੀਕਾਰ ਕੀਤਾ ਕਿ ਆਪਣੇ ਵਿਅਕਤੀਤਵ ’ਚ ਬਦਲਾਅ ਨੇ ਉਸ ਨੂੰ ਇਕ ਬਿਹਤਰ ਕੌਮਾਂਤਰੀ ਕ੍ਰਿਕਟਰ ਬਣਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸ਼ਨ ਨੇ ਪਿਛਲੇ ਮਹੀਨੇ ਭਾਰਤੀ ਟੀਮ ’ਚ ਵਾਪਸੀ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਉਸ ਨੇ ਸੰਜੂ ਸੈਮਸਨ ਨੂੰ ਪਿੱਛੇ ਛੱਡ ਕੇ ਵਿਕਟਕੀਪਰ ਬੱਲੇਬਾਜ਼ ਦੇ ਰੂਪ ’ਚ ਟੀਮ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਵੀਰਵਾਰ ਰਾਤ ਨੂੰ ਟੀ20 ਵਿਸ਼ਵ ਕੱਪ 2026 ਦੇ ਮੈਚ ਵਿਚ ਨਾਮੀਬੀਆ ਵਿਰੁੱਧ 24 ਗੇਂਦਾਂ ’ਚ 61 ਦੌੜਾਂ ਬਣਾਈਆਂ ਅਤੇ ਪਾਵਰਪਲੇ ’ਚ ਭਾਰਤ ਨੂੰ 1 ਵਿਕਟ ’ਤੇ 86 ਦੌੜਾਂ ਤੱਕ ਪਹੁੰਚਾਇਆ। ਅਭਿਸ਼ੇਕ ਸ਼ਰਮਾ ਦੀ ਗੈਰ-ਮੌਜੂਦਗੀ ’ਚ ਖੇਡੀ ਗਈ ਇਸ ਤੂਫਾਨੀ ਪਾਰੀ ਦੇ ਚੱਲਦੇ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਪਾਵਰਪਲੇ ’ਚ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ।
ਭਾਰਤ ਦੀ ਜਿੱਤ ਤੋਂ ਬਾਅਦ ਕਿਸ਼ਨ ਨੇ ਦੱਸਿਆ ਕਿ ਇਕ ਵਿਅਕਤੀ ਅਤੇ ਕ੍ਰਿਕਟਰ ਦੇ ਰੂਪ ’ਚ ਉਸ ’ਚ ਕੀ ਬਦਲਾਅ ਆਇਆ ਹੈ। ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਹੁਣ ਉਹ ਪਹਿਲਾਂ ਦੀ ਤਰ੍ਹਾਂ ਮਜ਼ਾਕ ਨਹੀਂ ਕਰਦਾ। ਅਤੀਤ ’ਚ ਆਪਣੇ ਰਵੱਈਏ ਕਾਰਨ ਉਸ ਨੂੰ ਕੇਂਦਰੀ ਕਰਾਰ ਤੋਂ ਹੱਥ ਧੋਣਾ ਪਿਆ ਸੀ। ਕਿਸ਼ਨ ਨੇ ਕਿਹਾ, ‘‘ਸੱਚ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਕਾਫੀ ਬਦਲ ਗਿਆ ਹਾਂ। ਮੈਂ ਹੁਣ ਪਹਿਲਾਂ ਦੀ ਤਰ੍ਹਾਂ ਜ਼ਿਆਦਾ ਮਜ਼ਾਕ ਨਹੀਂ ਕਰਦਾ। ਮੈਨੂੰ ਚੁਟਕਲੇ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਹਨ ਪਰ ਹੁਣ ਮੈਂ ਹਰ ਸਮੇਂ ਅਜਿਹਾ ਨਹੀਂ ਕਰਦਾ ਹਾਂ।’’ਕਿਸ਼ਨ ਨੇ ਕਿਹਾ, ‘‘ਮੈਂ ਅਜੇ ਸਿਰਫ ਬੱਲੇਬਾਜ਼ੀ ਅਤੇ ਵਿਕਟਕੀਪਿੰਗ ’ਤੇ ਧਿਆਨ ਦੇ ਰਿਹਾ ਹਾਂ, ਜਿਸ ਨਾਲ ਟੀਮ ਅਤੇ ਮੈਨੂੰ ਦੋਵਾਂ ਨੂੰ ਫਾਇਦਾ ਹੋਵੇਗਾ।’’
ਪਾਕਿਸਤਾਨ ਨਾਲ ਮੁਕਾਬਲਾ ਖੇਡਣ ਕੋਲੰਬੋ ਪੁੱਜੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਗ੍ਰੈਂਡ Welcome
NEXT STORY