ਸਪੋਰਟਸ ਡੈਸਕ- ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਐਡੀਲੇਡ ਓਵਲ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਮਿਚੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਕਪਤਾਨ ਸ਼ੁਭਮਨ ਗਿੱਲ ਸਿਰਫ਼ 9 ਦੌੜਾਂ ਬਣਾ ਕੇ ਆਊਟ ਹੋ ਗਏ, ਜਦੋਂ ਕਿ ਵਿਰਾਟ ਕੋਹਲੀ ਲਗਾਤਾਰ ਦੂਜੇ ਮੁਕਾਬਲੇ 'ਚ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਸ਼੍ਰੇਅਸ ਅਈਅਰ ਨਾਲ ਮਿਲ ਕੇ ਟੀਮ ਨੂੰ ਸੰਭਾਲਿਆ ਤੇ 118 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਰੋਹਿਤ ਨੇ 97 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਅਤੇ 2 ਛੱਕਿਆਂ ਦੀ ਬਦੌਲਤ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਸ਼੍ਰੇਅਸ ਅਈਅਰ 77 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਐਡਮ ਜ਼ੈਂਪਾ ਦੀ ਗੇਂਦ 'ਤੇ ਬੋਲਡ ਹੋ ਗਿਆ।
ਇਸ ਮਗਰੋਂ ਕੇ.ਐੱਲ. ਰਾਹੁਲ ਵੀ 11 ਦੌੜਾਂ ਬਣਾ ਕੇ ਜ਼ੈਂਪਾ ਦਾ ਅਗਲਾ ਸ਼ਿਕਾਰ ਬਣੇ। ਵਾਸ਼ਿੰਗਟਨ ਸੁੰਦਰ ਵੀ ਸਿਰਫ਼ 12 ਦੌੜਾਂ ਹੀ ਜੋੜ ਸਕਿਆ। ਉਹ ਜ਼ੇਵੀਅਰ ਬ੍ਰੈਟਲੇਟ ਦਾ ਸ਼ਿਕਾਰ ਬਣਿਆ। ਇਸ ਮਗਰੋਂ ਨਿਤੀਸ਼ ਰੈੱਡੀ ਵੀ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਅੰਤ 'ਚ ਹਰਸ਼ਿਤ ਰਾਣਾ (24*) ਤੇ ਅਰਸ਼ਦੀਪ ਸਿੰਘ (13) ਨੇ ਕੁਝ ਚੰਗੇ ਸ਼ਾਟਸ ਖੇਡੇ ਤੇ ਟੀਮ ਦਾ ਸਕੋਰ 50 ਓਵਰਾਂ 'ਚ 9 ਵਿਕਟਾਂ 'ਤੇ 264 ਤੱਕ ਪਹੁੰਚਾਇਆ।
ਆਸਟ੍ਰੇਲੀਆ ਵੱਲੋਂ ਐਡਮ ਜ਼ੈਂਪਾ ਨੇ ਸਭ ਤੋਂ ਵੱਧ 4 ਭਾਰਤੀ ਬੱਲਾਬਾਜ਼ਾਂ ਨੂੰ ਆਊਟ ਕੀਤਾ, ਜਦਕਿ ਜ਼ੇਵੀਅਰ ਬ੍ਰੈਟਲੇਟ ਨੇ 3 ਤੇ ਮਿਚੇਲ ਸਟਾਰਕ ਨੇ 2 ਵਿਕਟਾਂ ਲਈਆਂ। ਇਸ ਤਰ੍ਹਾਂ ਹੁਣ ਆਸਟ੍ਰੇਲੀਆ ਨੂੰ 50 ਓਵਰਾਂ 'ਚ 265 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਉਹ ਅਜਿਹਾ ਕਰਨ 'ਚ ਸਫਲ ਹੋ ਜਾਂਦੇ ਹਨ ਤਾਂ ਉਹ 3 ਮੈਚਾਂ ਦੀ ਲੜੀ ਨੂੰ 2-0 ਨਾਲ ਆਪਣੇ ਨਾਂ ਕਰ ਲੈਣਗੇ, ਜਦਕਿ ਭਾਰਤ ਨੂੰ ਲੜੀ 'ਚ ਬਣੇ ਰਹਿਣ ਲਈ ਹਰ ਹਾਲ 'ਚ ਇਹ ਮੁਕਾਬਲਾ ਜਿੱਤਣਾ ਪਵੇਗਾ।
AUS vs IND, 2nd ODI Live: ਆਸਟ੍ਰੇਲੀਆ ਨੇ ਜਿੱਤੀ ਟਾਸ, ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
NEXT STORY