ਕਾਨਪੁਰ : ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਦੂਜੀ ਪਾਰੀ ਵਿਚ ਦੋ ਵਿਕਟਾਂ ’ਤੇ 26 ਦੌੜਾਂ ਬਣਾ ਲਈਆਂ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਤੋਂ 52 ਦੌੜਾਂ ਨਾਲ ਪੱਛੜਨ ਵਾਲੀ ਬੰਗਲਾਦੇਸ਼ ਦੀ ਟੀਮ ਅਜੇ ਵੀ 26 ਦੌੜਾਂ ਨਾਲ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਸ਼ਾਦਮਾਨ ਇਸਲਾਮ ਸੱਤ ਦੌੜਾਂ ਬਣਾ ਕੇ ਖੇਡ ਰਿਹਾ ਸੀ, ਜਦਕਿ ਮੋਮਿਨੁਲ ਹੱਕ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਪਹਿਲੀ ਪਾਰੀ ਵਿਚ ਬੰਗਲਾਦੇਸ਼ ਦੀਆਂ 233 ਦੌੜਾਂ ਦੇ ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਨੌਂ ਵਿਕਟਾਂ ’ਤੇ 285 ਦੌੜਾਂ ’ਤੇ ਐਲਾਨ ਦਿੱਤੀ।
ਯਸ਼ਸਵੀ ਜਾਇਸਵਾਲ (72) ਅਤੇ ਕੇਐੱਲ ਰਾਹੁਲ (68) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਦੇ ਚੌਥੇ ਦਿਨ 285/9 ਦੇ ਸਕੋਰ 'ਤੇ ਪਹਿਲੀ ਪਾਰੀ ਐਲਾਨ ਕਰ ਦਿੱਤੀ। ਇਸ ਦੌਰਾਨ ਭਾਰਤੀ ਟੀਮ ਨੇ ਟੀਮ ਵੱਲੋਂ ਸਭ ਤੋਂ ਤੇਜ਼ ਸੈਂਕੜਾ ਅਤੇ ਸਭ ਤੋਂ ਤੇਜ਼ 200 ਦੌੜਾਂ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ।
ਚੌਥੇ ਦਿਨ ਮਹਿਮਾਨ ਟੀਮ ਨੇ ਮੋਮਿਨੁਲ ਹੱਕ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 232 ਦੌੜਾਂ ਬਣਾ ਲਈਆਂ ਸਨ। ਮੋਮਿਨੁਲ ਨੇ 194 ਗੇਂਦਾਂ ਵਿਚ 17 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 107 ਦੌੜਾਂ ਦੀ ਦਲੇਰਾਨਾ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ, ਅਸ਼ਵਿਨ ਅਤੇ ਆਕਾਸ਼ਦੀਪ ਨੇ 2-2 ਵਿਕਟਾਂ ਲਈਆਂ, ਜਦਕਿ ਇਕ ਵਿਕਟ ਰਵਿੰਦਰ ਜਡੇਜਾ ਦੇ ਨਾਂ ਰਹੀ।
ਇਸ ਤੋਂ ਪਹਿਲਾਂ ਤੀਸਰੇ ਦਿਨ ਗਿੱਲੇ ਆਊਟਫੀਲਡ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਖੇਡ ਰੱਦ ਕਰ ਦਿੱਤੀ ਗਈ ਸੀ। ਲਗਾਤਾਰ ਮੀਂਹ ਕਾਰਨ ਦੂਜੇ ਦਿਨ ਦੀ ਖੇਡ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤੀ ਗਈ। ਸਵੇਰੇ ਹਲਕੀ ਬਾਰਿਸ਼ ਤੋਂ ਬਾਅਦ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਗ੍ਰੀਨ ਪਾਰਕ ਸਟੇਡੀਅਮ 'ਚ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। 11.15 ਦੇ ਆਸਪਾਸ ਬਾਰਿਸ਼ ਰੁਕਣ 'ਤੇ ਗਰਾਊਂਡਸਮੈਨ ਨੇ ਤਿੰਨ ਸੁਪਰ ਸੋਪਰ ਤਾਇਨਾਤ ਕੀਤੇ। ਰੋਸ਼ਨੀ ਵੀ ਸਾਫ਼ ਨਹੀਂ ਸੀ ਇਸ ਲਈ ਖੇਡ ਨੂੰ ਅਧਿਕਾਰਤ ਤੌਰ 'ਤੇ ਦੁਪਹਿਰ 2:15 ਵਜੇ ਰੱਦ ਕਰਨਾ ਪਿਆ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ ਸਨ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ, ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦਾ ਵਿਕਟ ਲਿਆ ਸੀ। ਭਾਰਤ ਨੇ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿਚ 1.0 ਨਾਲ ਅੱਗੇ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੀਂਹ ਅਤੇ ਖ਼ਰਾਬ ਮੌਸਮ ਕਾਰਨ ਮੈਚ ਤੈਅ ਸਮੇਂ ਤੋਂ ਕਰੀਬ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਗ੍ਰੀਨਪਾਰਕ ਮੈਦਾਨ ਵਿਚ ਬੀਤੀ ਰਾਤ ਮੀਂਹ ਕਾਰਨ ਗਿੱਲੇ ਹੋਏ ਆਊਟਫੀਲਡ ਨੂੰ ਸੁਕਾਉਣ ਲਈ ਗਰਾਊਂਡ ਸਟਾਫ ਨੇ ਸਖ਼ਤ ਮਿਹਨਤ ਕੀਤੀ। ਮੈਦਾਨੀ ਅੰਪਾਇਰ ਨੇ 9.30 ਵਜੇ ਫੀਲਡ ਦਾ ਨਿਰੀਖਣ ਕੀਤਾ ਅਤੇ 10.00 ਵਜੇ ਟਾਸ ਦਾ ਐਲਾਨ ਕੀਤਾ। ਮੈਚ 10:30 ਵਜੇ ਸ਼ੁਰੂ ਹੋਇਆ। ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਪਹਿਲਾ ਟੈਸਟ ਜਿੱਤ ਕੇ ਅਜੇਤੂ ਬੜ੍ਹਤ ਲੈ ਚੁੱਕੇ ਭਾਰਤ ਨੇ ਦੂਜੇ ਟੈਸਟ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਉਥੇ ਮੌਜੂਦ ਨਮੀ ਦਾ ਫਾਇਦਾ ਉਠਾਉਣ ਲਈ ਚੇਨਈ ਟੈਸਟ ਵਾਂਗ 3 ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰਿਆ ਹੈ।
1964 ਤੋਂ ਬਾਅਦ ਪਹਿਲੀ ਵਾਰ ਇੰਝ ਹੋਇਆ
ਬੰਗਲਾਦੇਸ਼ ਨੇ ਨਾਹਿਦ ਰਾਣਾ ਅਤੇ ਤਸਕੀਨ ਅਹਿਮਦ ਦੀ ਜਗ੍ਹਾ ਤਾਇਜੁਲ ਇਸਲਾਮ ਅਤੇ ਖਾਲਿਦ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਟਾਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਮੈਚ ਵਿਚ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਪਰ ਬਾਅਦ ਵਿਚ ਟੀਮ ਨੇ ਵਾਪਸੀ ਕੀਤੀ। ਇੱਥੇ ਦਿਲਚਸਪ ਗੱਲ ਇਹ ਹੈ ਕਿ 1964 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਗ੍ਰੀਨਪਾਰਕ ਪਿੱਚ 'ਤੇ ਚੌਥੀ ਪਾਰੀ ਖੇਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਮੈਦਾਨ ਦਾ ਰਿਕਾਰਡ
ਹੁਣ ਤੱਕ ਇੱਥੇ 23 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਸੱਤ ਮੈਚ ਭਾਰਤ ਦੇ ਹੱਕ 'ਚ ਗਏ ਹਨ, ਜਦਕਿ ਤਿੰਨ 'ਚ ਹਾਰ ਹੋਈ ਹੈ। 13 ਮੈਚਾਂ ਵਿਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ। ਭਾਰਤ ਨੇ ਆਪਣਾ ਆਖਰੀ ਮੈਚ ਇੱਥੇ 2021 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ, ਜਿਸ 'ਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ ਸੀ।
ਦੋਵੇਂ ਟੀਮਾਂ ਦੀ ਪਲੇਇੰਗ 11 :
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ. ਅਸ਼ਵਿਨ, ਆਕਾਸ਼ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਬੰਗਲਾਦੇਸ਼: ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਾਕਿਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜ਼, ਲਿਟਨ ਦਾਸ (ਵਿਕਟਕੀਪਰ), ਹਸਨ ਮਹਿਮੂਦ, ਖਾਲਿਦ ਅਹਿਮਦ ਅਤੇ ਤਾਇਜੁਲ ਇਸਲਾਮ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ, ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬਣੇ ਕ੍ਰਿਕਟਰ
NEXT STORY