ਨੋਵੀ ਸਾਦ (ਸਰਬੀਆ) (ਨਿਕਲੇਸ਼ ਜੈਨ)- ਭਾਰਤ ਦੇ 12 ਸਾਲਾ ਸ਼ਤਰੰਜ ਖਿਡਾਰੀ ਲਿਆਨ ਲਿਊਕ ਮੇਂਡੋਂਕਾ ਨੇ ਸਰਬੀਆ ਵਿਚ ਹੋਏ 3 ਇੰਟਰਨੈਸ਼ਨਲ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ 17 ਦਿਨਾਂ ਵਿਚ ਆਪਣੇ ਤਿੰਨੇ ਇੰਟਰਨੈਸ਼ਨਲ ਮਾਸਟਰ ਨਾਰਮ ਪੂਰੇ ਕਰਦੇ ਹੋਏ ਤੇ ਆਪਣੀ ਰੇਟਿੰਗ ਨੂੰ ਜ਼ਰੂਰੀ 2400 ਅੰਕਾਂ ਦੇ ਪਾਰ ਪਹੁੰਚਾਉਂਦਿਆਂ ਇੰਟਰਨੈਸ਼ਨਲ ਮਾਸਟਰ ਦੀ ਟਾਈਟਲ ਹਾਸਲ ਕਰ ਲਈ।
ਅਜਿਹਾ ਕਰਨ ਵਾਲਾ ਉਹ ਗੋਆ ਦਾ ਪਹਿਲਾ ਖਿਡਾਰੀ ਹੈ ਤੇ ਸਭ ਤੋਂ ਜਲਦੀ ਇੰਟਰਨੈਸ਼ਨਲ ਮਾਸਟਰ ਬਣਨ ਵਿਚ ਵੀ ਉਹ ਭਾਰਤ ਦੇ ਬੇਹੱਦ ਚੋਣਵੇਂ ਖਿਡਾਰੀਆਂ ਵਿਚ ਸ਼ਾਮਲ ਹੋ ਗਿਆ ਹੈ। ਸਭ ਤੋਂ ਪਹਿਲਾਂ ਉਸ ਨੇ ਪਰਾਸਿਨ ਗ੍ਰੈਂਡ ਮਾਸਟਰ ਰਾਊਂਡ ਰੌਬਿਨ ਪ੍ਰਤੀਯੋਗਤਾ ਖੇਡੀ ਜਿੱਥੇ ਉਸ ਨੇ 9 ਰਾਊਂਡਾਂ 'ਚ 3 ਜਿੱਤਾਂ, 5 ਡਰਾਅ ਤੇ 1 ਹਾਰ ਦੇ ਨਾਲ 5.5 ਅੰਕ ਬਣਾਏ ਤੇ ਵੱਡੇ ਧਾਕੜਾਂ ਵਿਰੁੱਧ 2480 ਰੇਟਿੰਗ ਅੰਕਾਂ ਦਾ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕੀਤਾ।
ਉਸ ਤੋਂ ਬਾਅਦ ਲਿਆਨ ਨੇ 105ਵੇਂ ਥਰਡ ਸੈਟਰਡੇ ਮਾਸਟਰਸ 'ਚ ਹਿੱਸਾ ਲਿਆ। ਇੱਥੇ ਉਸ ਦਾ ਪ੍ਰਦਰਸ਼ਨ ਹੋਰ ਨਿਖਰ ਕੇ ਸਾਹਮਣੇ ਆਇਆ ਤੇ ਉਸ ਨੇ 9 ਰਾਊਂਡਾਂ 'ਚੋਂ 6 ਜਿੱਤਾਂ, 2 ਡਰਾਅ ਤੇ 1 ਹਾਰ ਦੇ ਨਾਲ 7 ਅੰਕ ਬਣਾਉਂਦਿਆਂ 2455 ਦੇ ਪ੍ਰਦਰਸ਼ਨ ਨਾਲ ਦੂਜਾ ਨਾਰਮ ਹਾਸਲ ਕੀਤਾ। ਤੀਜਾ ਤੇ ਆਖਰੀ ਨਾਰਮ ਹਾਸਲ ਕੀਤਾ ਉਸ ਨੇ ਮਿਕਸਡ ਇੰਟਰਨੈਸ਼ਨਲ ਨੋਵੀ ਸਾਦ ਵਿਚ, ਜਿੱਥੇ ਉਸ 'ਤੇ 9 ਰਾਊਂਡਾਂ 'ਚ ਅਜੇਤੂ ਰਹਿੰਦਿਆਂ 3 ਜਿੱਤਾਂ ਤੇ 6 ਡਰਾਅ ਨਾਲ 6 ਅੰਕ ਹਾਸਲ ਕੀਤੇ ਤੇ 2453 ਰੇਟਿੰਗ ਅੰਕਾਂ ਦਾ ਪ੍ਰਦਰਸ਼ਨ ਕਰਦਿਆਂ ਆਪਣਾ ਤੀਜਾ ਤੇ ਫੈਸਲਾਕੁੰਨ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰ ਲਿਆ। ਉਸ ਨੇ ਇਸ ਦੇ ਨਾਲ ਹੀ ਆਪਣੀ ਲਾਈਵ ਰੇਟਿੰਗ 2446 ਪਹੁੰਚਾ ਦਿੱਤੀ ਤੇ ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਹੁਣ ਉਸ ਨੂੰ ਸਿਰਫ 54 ਅੰਕ ਤੇ 3 ਗ੍ਰੈਂਡ ਮਾਸਟਰ ਨਾਰਮ ਦੀ ਲੋੜ ਹੈ ਗ੍ਰੈਂਡ ਮਾਸਟਰ ਬਣਨ ਲਈ।
ਆਈ-ਲੀਗ : ਅਦਾਲਤ ਦੀ ਸ਼ਰਨ 'ਚ ਮਿਨਰਵਾ ਪੰਜਾਬ
NEXT STORY