ਚੇਨਈ- ਭਾਰਤ ਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ ਚੇਨਈ ਦੇ ਐੱਮ ਏ ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੇ ਦੋ ਮੈਚਾਂ ’ਚ ਧਮਾਕੇਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਅਫਗਾਨਿਸਤਾਨ ਵਿਰੁੱਧ ਤੀਜੇ ਮੈਚ ’ਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ ਜਿਸ ਵਿਚ ਕੇ.ਐੱਲ. ਰਾਹੁਲ ਅਤੇ ਯਸ਼ਸਵੀ ਜਾਇਸਵਾਲ ਦੇ ਪ੍ਰਦਰਸ਼ਨ ’ਤੇ ਨਜ਼ਰ ਰਹੇਗੀ। ਰਾਹੁਲ ਦੀ ਵਨ ਡੇ ਟੀਮ ’ਚ ਜਗ੍ਹਾ ਨੂੰ ਲੈ ਕੇ ਕਦੇ ਕੋਈ ਸ਼ੱਕ ਨਹੀਂ ਰਿਹਾ ਹੈ ਪਰ ਜਾਇਸਵਾਲ ਚੋਟੀਕ੍ਰਮ ’ਚ ਸਖ਼ਤ ਮੁਕਾਬਲੇ ਨੂੰ ਦੇਖਦੇ ਹੋਏ ਆਪਣੀ ਜਗ੍ਹਾ ਪੱਕੀ ਕਰਨ ਲਈ ਵੱਡੀ ਪਾਰੀ ਖੇਡਣਾ ਚਾਹੇਗਾ।
ਜਾਇਸਵਾਲ ਨੇ 2025 ਤੋਂ ਬਾਅਦ ਵਨ ਡੇ ਟੀਮ ’ਚ ਵਾਪਸੀ ਕੀਤੀ ਹੈ ਪਰ ਉਹ ਲਖਨਊ ’ਚ ਅਫਗਾਨਿਸਤਾਨ ਵਿਰੁੱਧ ਦੂਜੇ ਮੈਚ ’ਚ ਸਿਰਫ 4 ਦੌੜਾਂ ਹੀ ਬਣਾ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਇਸ ਤੋਂ ਪਹਿਲਾਂ ਜਿਹੜਾ ਆਖਰੀ ਵਨ ਡੇ ਖੇਡਿਆ ਸੀ, ਉਸ ਵਿਚ ਉਸ ਨੇ ਵਿਸ਼ਾਖਾਪਟਨਮ ’ਚ ਦੱਖਣੀ ਅਫਰੀਕਾ ਵਿਰੁੱਧ ਅਜੇਤੂ 116 ਦੌੜਾਂ ਬਣਾਈਆਂ ਸਨ ਪਰ ਉਸ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਹੈ ਅਤੇ ਹੁਣ ਈਸ਼ਾਨ ਕਿਸ਼ਨ ਦੀ ਵਾਪਸੀ ਨੇ ਚੋਟੀਕ੍ਰਮ ’ਚ ਇਕ ਹੋਰ ਦਾਅਵੇਦਾਰ ਨੂੰ ਜੋੜ ਦਿੱਤਾ ਹੈ। ਕਿਸ਼ਨ ਨੇ ਲਖਨਊ ’ਚ ਸੈਂਕੜਾ ਲਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਕਪਤਾਨ ਸ਼ੁਭਮਨ ਗਿੱਲ ਨੇ ਜਾਇਸਵਾਲ ਨੂੰ ਜਗ੍ਹਾ ਦੇਣ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਲਾਇਆ ਪਰ ਜਦੋਂ ਵਿਰਾਟ ਕੋਹਲੀ ਮਾਸਪੇਸ਼ੀਆਂ ਦੇ ਖਿਚਾਅ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰੇਗਾ ਤਾਂ ਉਸ ਦਾ ਤੀਜੇ ਨੰਬਰ ’ਤੇ ਖੇਡਣਾ ਪੱਕਾ ਹੈ। ਇਸ ਨਾਲ ਗਿੱਲ ਕੋਲ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਦਾ।
ਕਿਸ਼ਨ ਅਤੇ ਸ਼੍ਰੇਅਸ ਅਈਅਰ ਕ੍ਰਮਵਾਰ ਚੌਥੇ ਤੇ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰ ਰਹੇ ਹਨ। ਅਜਿਹੀ ਸਥਿਤੀ ’ਚ ਜਾਇਸਵਾਲ ਨੂੰ ਸੀਮਤ ਮੌਕਿਆਂ ਦਾ ਪੂਰਾ ਫਾਇਦਾ ਚੁੱਕਣਾ ਪਵੇਗਾ। ਜਾਇਸਵਾਲ ਲਈ ਇਸ ਮੈਚ ’ਚ ਵੱਡਾ ਸਕੋਰ ਬਣਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇੰਗਲੈਂਡ ਦੌਰੇ ਲਈ ਭਾਰਤ ਦੀ ਵਨ ਡੇ ਟੀਮ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਇਕ ਹੋਰ ਅਸਫਲਤਾ ਨੂੰ ਸ਼ਾਇਦ ਹੀ ਬਰਦਾਸ਼ਤ ਕਰੇਗੀ। ਜੇਕਰ ਚੋਣਕਾਰ ਸੂਰਯਕੁਮਾਰ ਯਾਦਵ ਨੂੰ ਟੀ-20 ਵਿਸ਼ਵ ਕੱਪ ’ਚ ਟੀਮ ਨੂੰ ਜਿੱਤ ਦਿਵਾਉਣ ਦੇ ਬਾਵਜੂਦ ਟੀਮ ਤੋਂ ਬਾਹਰ ਕਰ ਸਕਦੇ ਹਨ ਤਾਂ ਹੋਰ ਖਿਡਾਰੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਸਕਦਾ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਾਇਸਵਾਲ ਦੀ ਵਨ ਡੇ ’ਚ ਕਿਸਮਤ ਉਸ ਦੇ ਹੱਥ ’ਚ ਹੀ ਹੈ।
ਰਾਹੁਲ ਦਾ ਮਾਮਲਾ ਬਿਲਕੁਲ ਵੱਖਰਾ ਹੈ। ਲੰਬੇ ਫਰਕ ਤੋਂ ਬਾਅਦ ਭਾਰਤੀ ਟੀਮ ’ਚ ਅਈਅਰ ਦੀ ਵਾਪਸੀ ਦਾ ਮਤਲਬ ਹੈ ਕਿ 34 ਸਾਲਾ ਰਾਹੁਲ ਨੂੰ ਹੁਣ ਜ਼ਿਆਦਾਤਰ ਮੌਕਿਆਂ ’ਤੇ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨੀ ਪਵੇਗੀ। ਰਾਹੁਲ ਲੰਬੇ ਸਮੇਂ ਤੱਕ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਉਸ ਨੇ ਇਸ ਪੋਜ਼ੀਸ਼ਨ ’ਚ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਉਸ ਨੇ 5ਵੇਂ ਨੰਬਰ ’ਤੇ ਖੇਡਦੇ ਹੋਏ 38 ਮੈਚਾਂ ’ਚ 63.2 ਦੀ ਔਸਤ ਨਾਲ 1517 ਦੌੜਾਂ ਬਣਾਈਆਂ ਹਨ, ਜਿਸ ਵਿਚ 3 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਇਸਦੇ ਉਲਟ 6ਵੇਂ ਨੰਬਰ ’ਤੇ ਉਸ ਨੇ 15 ਮੈਚਾਂ ’ਚ 41.5 ਦੀ ਔਸਤ ਨਾਲ 332 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ ਇਕ ਅਰਧ ਸੈਂਕੜਾ ਸ਼ਾਮਲ ਹੈ।
ਬੀ. ਸੀ. ਸੀ. ਆਈ. ਨੇ ਸੈਂਟਰ ਆਫ ਐਕਸੀਲੈਂਸ (ਸੀ.ਓ.ਈ.) ’ਚ ਰਿਹੈਬਿਲੀਟੇਸ਼ਨ ਪੂਰਾ ਕਰਨ ਤੋਂ ਬਾਅਦ ਇਸ ਮੈਚ ਦੇ ਲਈ ਹਰਸ਼ਿਤ ਰਾਣਾ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਇਹ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਜਗ੍ਹਾ ਲੈ ਸਕਦਾ ਹੈ, ਜਿਸ ਨੇ ਇਸ ਲੜੀ ’ਚ ਅਜੇ ਤੱਕ ਦੋਵੇਂ ਮੈਚ ਖੇਡੇ ਹਨ। ਇਸ ਨਾਲ ਭਾਰਤ ਨੂੰ ਜ਼ਖ਼ਮੀ ਨਿਤੀਸ਼ ਕੁਮਾਰ ਰੈੱਡੀ ਦੀ ਗੈਰ-ਮੌਜੂਦਗੀ ’ਚ ਹੇਠਲੇ ਕ੍ਰਮ ’ਚ ਇਕ ਉਪਯੋਗੀ ਬੱਲੇਬਾਜ਼ ਦਾ ਬਦਲ ਵੀ ਮਿਲੇਗਾ। ਇਸ ਨਾਲ ਟੀਮ ਪ੍ਰਬੰਧਨ ਨੂੰ ਬ੍ਰਿਟੇਨ ਦੇ ਦੌਰੇ ਤੋਂ ਪਹਿਲਾਂ ਉਸ ਦੀ ਫਾਰਮ ਅਤੇ ਫਿਟਨੈੱਸ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ।
ਜਿੱਥੋਂ ਤੱਕ ਅਫਗਾਨਿਸਤਾਨ ਦਾ ਸਵਾਲ ਹੈ ਤਾਂ ਉਸ ਨੇ ਇਸ ਲੜੀ ’ਚ ਇਕਲੌਤੇ ਟੈਸਟ ਮੈਚ ਅਤੇ ਪਹਿਲੇ ਦੋ ਵਨ ਡੇ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਹੈ। ਉਸਦੀ ਟੀਮ ਹਾਲਾਂਕਿ ਜਿੱਤ ਦੇ ਨਾਲ ਲੜੀ ਦਾ ਸਮਾਪਤੀ ਕਰਨ ਲਈ ਵਚਨਬੱਧ ਹੋਵੇਗੀ। ਇਸਦੇ ਲਈ ਉਸ ਨੂੰ ਖੇਡ ਦੇ ਤਿੰਨਾਂ ਵਿਭਾਗਾਂ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇ.ਐੱਲ. ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਣਾ, ਪ੍ਰਿੰਸ ਯਾਦਵ, ਗੁਰਨੂਰ ਬਰਾੜ, ਹਰਸ਼ ਦੂਬੇ, ਯਸ਼ਸਵੀ ਜਾਇਸਵਾਲ, ਹਰਸ਼ਿਤ ਰਾਣਾ।
ਅਫਗਾਨਿਸਤਾਨ : ਹਸ਼ਮਤੁੱਲਾ ਸ਼ਾਹੀਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਸੇਦਿਕਉੱਲ੍ਹਾ ਅਟਲ, ਦਰਵਿਸ਼ ਰਸੂਲੀ, ਰਹਿਮਤ ਸ਼ਾਹ, ਇਕਰਾਮ ਅਲੀਖਿਲ (ਵਿਕਟਕੀਪਰ), ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਨਾਂਗਿਆਲ ਖਾਰੋਤਾਈ, ਏ.ਐੱਮ. ਗਜ਼ਨਫਰ, ਜ਼ੀਆ ਉਰ ਰਹਿਮਾਨ ਸ਼ਰੀਫੀ, ਫਰੀਦ ਮਲਿਕ, ਬਿਲਾਸ ਸਾਮੀ।
ਡੋਪਿੰਗ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗਾ ਚੋਪੜਾ
NEXT STORY