ਕੋਲਕਾਤਾ (ਭਾਸ਼ਾ)– ਆਪਣੇ ਚੋਟੀ ਦੇ 3 ਬੱਲੇਬਾਜ਼ਾਂ ਦੀ ਸ਼ਾਨਦਾਰ ਫਾਰਮ ਤੋਂ ਉਤਸ਼ਾਹਿਤ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਵੀਰਵਾਰ ਨੂੰ 2-0 ਨਾਲ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਸਤੰਬਰ ਵਿਚ ਏਸ਼ੀਆ ਕੱਪ ਵਿਚ ਅਫਗਾਨਿਸਤਾਨ ਵਿਰੁੱਧ ਸੈਂਕੜਾ ਲਾ ਕੇ ਟੀ-20 ਕ੍ਰਿਕਟ ਵਿਚ 3 ਸਾਲ ਦਾ ਇੰਤਜ਼ਾਰ ਖਤਮ ਕਰਨ ਵਾਲੇ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਗੁਹਾਟੀ ਵਿਚ ਪਹਿਲੇ ਮੈਚ ਵਿਚ 73ਵਾਂ ਕੌਮਾਂਤਰੀ ਸੈਂਕੜਾ ਲਾਇਆ, ਜਿਸ ਦੀ ਮਦਦ ਨਾਲ ਭਾਰਤ ਨੇ 67 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲੇ ਵਨ ਡੇ ਵਿਚ ਉਸ ਨੂੰ ਦੋ ਜੀਵਨਦਾਨ ਦੇਣ ਦਾ ਖਾਮਿਆਜ਼ਾ ਸ਼੍ਰੀਲੰਕਾ ਨੂੰ ਭੁਗਤਣਾ ਪਿਆ ਸੀ ਤੇ ਭਾਰਤ ਨੇ 7 ਵਿਕਟਾਂ ’ਤੇ 373 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਦਾ ਕੋਈ ਵੀ ਗੇਂਦਬਾਜ਼ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਿਆ। ਸੱਟ ਤੋਂ ਉੱਭਰ ਕੇ ਵਾਪਸੀ ਕਰਨ ਵਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਸ਼੍ਰੀਲੰਕਾਈ ਹਮਲੇ ਦੀਆਂ ਬੱਖੀਆਂ ਉਧੇੜਦੇ ਹੋਏ 67 ਗੇਂਦਾਂ ’ਚ 83 ਦੌੜਾਂ ਬਣਾਈਆਂ। ਆਪਣੇ ਪਸੰਦੀਦਾ ਈਡਨ ਗਾਰਡਨ ’ਤੇ ਆਉਣ ਤੋਂ ਪਹਿਲਾਂ ਰੋਹਿਤ ਦਾ ਫਾਰਮ ਵਿਚ ਆਉਣਾ ਭਾਰਤੀ ਟੀਮ ਲਈ ਚੰਗਾ ਸੰਕੇਤ ਹੈ। ਦੋਵਾਂ ਟੀਮਾਂ ਦਾ ਜਦੋਂ 8 ਸਾਲ ਪਹਿਲਾਂ ਇੱਥੇ ਪਿਛਲੀ ਵਾਰ ਵਨ ਡੇ ਕ੍ਰਿਕਟ ਵਿਚ ਸਾਹਮਣਾ ਹੋਇਆ ਸੀ, ਉਦੋਂ ਰੋਹਿਤ ਨੇ 264 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਇਕ ਵਾਰ ਫਿਰ ਉਹ ਇੱਥੇ ਵੱਡਾ ਸਕੋਰ ਬਣਾਉਣ ਦੀ ਫਿਰਾਕ ਵਿਚ ਹੋਵੇਗਾ। ਉਸ ਨੇ ਆਖਰੀ ਵਨ ਡੇ ਸੈਂਕੜਾ ਜਨਵਰੀ 2020 ਵਿਚ ਆਸਟਰੇਲੀਆ ਵਿਰੁੱਧ ਬਣਾਇਆ ਤੇ ਇਸ ਇੰਤਜ਼ਾਰ ਨੂੰ ਵੀ ਉਹ ਖਤਮ ਕਰਨਾ ਚਾਹੇਗਾ।
ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ 60 ਗੇਂਦਾਂ ਵਿਚ 70 ਦੌੜਾਂ ਬਣਾ ਕੇ ਉਸ ਦੀ ਚੋਣ ਦੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਉਸ ਨੂੰ ਇਸ਼ਾਨ ਕਿਸ਼ਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੇ ਜਾਣ ਦੀ ਕਾਫੀ ਆਲੋਚਨਾ ਹੋਈ ਸੀ ਪਰ ਗਿੱਲ ਆਪਣੇ ਕਪਤਾਨ ਦੇ ਭਰੋਸੇ ’ਤੇ ਖਰਾ ਉਤਰਿਆ। ਪਿਛਲੇ ਸਾਲ ਵਨ ਡੇ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਅਸ ਅਈਅਰ ਨੇ ਵੀ ਚੌਥੇ ਨੰਬਰ ’ਤੇ ਨਿਰਾਸ਼ ਨਹੀਂ ਕੀਤਾ ਹੈ। ਭਾਰਤੀ ਬੱਲੇਬਾਜ਼ੀ ਵਿਚ ਚਿੰਤਾ ਦਾ ਇਕਲੌਤਾ ਸਬੱਬ ਕੇ. ਐੱਲ. ਰਾਹੁਲ ਦੀ ਖਰਾਬ ਫਾਰਮ ਹੈ। ਵਿਕਟਕੀਪਰ ਦੀ ਵੀ ਭੂਮਿਕਾ ਨਿਭਾ ਰਿਹਾ ਰਾਹੁਲ ਲਗਾਤਾਰ ਅਸਫਲ ਹੁੰਦਾ ਆਇਆ ਹੈ। ਮੁਹੰਮਦ ਸਿਰਾਜ ਨੇ ਤੇਜ਼ ਗੇਂਦਬਾਜ਼ੀ ਦੀ ਕਲਾ ਦਿਖਾਉਂਦੇ ਹੋਏ 5 ਓਵਰਾਂ ਵਿਚ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਈਡਨ ਦੀ ਸਪਾਟ ਪਿੱਚ ’ਤੇ ਉਹ ਮੁਹੰਮਦ ਸ਼ੰਮੀ ਦੇ ਨਾਲ ਭਾਰਤੀ ਹਮਲੇ ਦੀ ਜ਼ਿੰਮੇਵਾਰੀ ਸੰਭਾਲੇਗਾ। ਉਮਰਾਨ ਮਲਿਕ ਨੇ ਵਿਚਾਲੇ ਦੇ ਓਵਰਾਂ ਵਿਚ ਚੰਗੀ ਗੇਂਦਬਾਜ਼ੀ ਕੀਤੀ ਪਰ ਦਾਸੁਨ ਸ਼ਨਾਕਾ ਨੇ ਉਸ ਨੂੰ ਨਸੀਹਤ ਦੇ ਕੇ ਸੈਂਕੜਾ ਪੂਰਾ ਕੀਤਾ। ਮਲਿਕ ਦੇ ਪ੍ਰਦਰਸ਼ਨ ਵਿਚ ਹਾਲਾਂਕਿ ਮੈਚ ਦਰ ਮੈਚ ਨਿਖਾਰ ਆ ਰਿਹਾ ਹੈ। ਸ਼੍ਰੀਲੰਕਾ ਲਈ ਇਕਲੌਤੀ ਹਾਂ-ਪੱਖੀ ਗੱਲ ਕਪਤਾਨ ਸ਼ਨਾਕਾ ਦਾ ਸੈਂਕੜਾ ਰਹੀ ਹੈ। ਇਕ ਸਮੇਂ ’ਤੇ 7 ਵਿਕਟਾਂ 179 ਦੌੜਾਂ ’ਤੇ ਗਵਾਉਣ ਤੋਂ ਬਾਅਦ ਸ਼ਨਾਕਾ ਦੀਆਂ ਅਜੇਤੂ 108 ਦੌੜਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ 306 ਦੌੜਾਂ ਬਣਾ ਦਿੱਤੀਆਂ। ਸ਼ਨਾਕਾ ਇਸ ਫਾਰਮ ਨੂੰ ਜਾਰੀ ਰੱਖਣਾ ਚਾਹੇਗਾ ਪਰ ਉਸ ਨੂੰ ਦੂਜੇ ਪਾਸੇ ਤੋਂ ਵੀ ਸਹਿਯੋਗ ਦੀ ਲੋੜ ਪਵੇਗੀ। ਸ਼੍ਰੀਲੰਕਾ ਨੂੰ ਆਪਣੀ ਫੀਲਡਿੰਗ ਵਿਚ ਵੀ ਸੁਧਾਰ ਕਰਨਾ ਪਵੇਗਾ ਕਿਉਂਕਿ ਉਸ ਨੇ ਕੋਹਲੀ ਦਾ ਕੈਚ ਦੋ ਵਾਰ ਛੱਡਿਆ ਸੀ।
ਟੀਮਾਂ:
ਭਾਰਤ: ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ।
ਸ਼੍ਰੀਲੰਕਾ: ਦਾਸੁਨ ਸ਼ਨਾਕਾ, ਕੁਸਾਲ ਮੇਂਡਿਸ, ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਸਦੀਰਾ ਸਮਰਵਿਕਰਮ, ਚਰਿਤ ਅਸਲੰਕਾ, ਧਨੰਜਯਾ ਡੀਸਿਲਵਾ, ਵਾਨਿੰਦੁ ਹਸਰੰਗਾ, ਅਸ਼ੇਨ ਬੰਦਾਰਾ, ਮਹੇਸ਼ ਤੀਕਸ਼ਾਨਾ, ਚਮਿਕਾ ਕਰੁਣਾਰਤਨੇ, ਦਿਲਸ਼ਾਨ ਮਦੁਸ਼ੰਕਾ, ਕਾਸੁਨ ਰਾਜਿਤਾ, ਨੁਵਾਨੀਡੂ ਫਰਨਾਂਡੋ, ਦੁਨੀਥ ਵੇਲਾਲਾਗੇ, ਪ੍ਰਮੋਦ ਮਦੁਸ਼ਨ ਅਤੇ ਲਾਹਿਰੂ ਕੁਮਾਰਾ।
ਸਮਾਂ: ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਹਾਕੀ ਵਿਸ਼ਵ ਕੱਪ 2023 ਦਾ ਹੋਇਆ ਸ਼ਾਨਦਾਰ ਆਗਾਜ਼, ਬਾਲੀਵੁੱਡ ਸਿਤਾਰਿਆਂ ਨੇ ਬੰਨ੍ਹਿਆ ਸਮਾਂ (ਤਸਵੀਰਾਂ)
NEXT STORY