ਪੋਰਟ ਆਫ ਸਪੇਨ (ਭਾਸ਼ਾ)– ਲੜੀ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤ ਕੇ ਕਲੀਨ ਸਵੀਪ ਕਰਨ ਦੇ ਟੀਚੇ ਨਾਲ ਮੈਦਾਨ ’ਤੇ ਉਤਰੇਗੀ। ਭਾਰਤ ਨੇ ਐਤਵਾਰ ਨੂੰ ਵੈਸਟਇੰਡੀਜ਼ ਵਿਰੁੱਧ ਵਨ ਡੇ ਸਵਰੂਪ ਵਿਚ ਲਗਾਤਾਰ 12ਵੀਂ ਲੜੀ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਇਹ ਕਿਸੇ ਇਕ ਟੀਮ ਦਾ ਕਿਸੇ ਇਕ ਵਿਰੋਧੀ ਵਿਰੁੱਧ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਭਾਰਤੀ ਕੋਚ ਰਾਹੁਲ ਦ੍ਰਾਵਿੜ ਇਸ ਮੈਚ ਵਿਚ ਕੁਝ ਨਵੇਂ ਖਿਡਾਰੀਆਂ ਨੂੰ ਅਜ਼ਮਾ ਸਕਦਾ ਹੈ ਪਰ ਉਹ ਜਿੱਤ ਦੀ ਲੈਅ ਬਰਕਰਾਰ ਰੱਖਣ ਲਈ ਟੀਮ ਸੰਤੁਲਨ ਬਰਕਰਾਰ ਰੱਖਣ ’ਤੇ ਜ਼ੋਰ ਦੇਵੇਗਾ। ਬੱਲੇਬਾਜ਼ੀ ਵਿਭਾਗ ਵਿਚ ਸ਼ੁਭਮਨ ਗਿੱਲ ’ਤੇ ਰਿਤੂਰਾਜ ਗਾਇਕਵਾੜ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਨਹੀਂ ਹੈ। ਗਿੱਲ ਨੇ ਪਿਛਲੇ 2 ਮੈਚਾਂ ਵਿਚ 64 ਤੇ 43 ਦੌੜਾਂ ਦੀਆਂ ਦੋ ਉਪਯੋਗੀ ਪਰੀਆਂ ਖੇਡੀਆਂ ਸਨ। ਗਾਇਕਵਾੜ ਨੂੰ ਦੱਖਣੀ ਅਫਰੀਕਾ ਵਿਰੁੱਧ ਪੂਰੀ ਲੜੀ ਵਿਚ ਖੇਡਣ ਦਾ ਮੌਕਾ ਮਿਲਿਆ ਸੀ, ਜਿੱਥੇ ਉਹ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੇ ਹੋਏ ਨਜ਼ਰ ਆਇਆ ਸੀ। ਸ਼੍ਰੇਅਸ ਅਈਅਰ ਤੇ ਸੰਜੂ ਸੈਮਸਨ ਨੇ ਵੀ ਪਿਛਲੇ ਮੈਚ ਵਿਚ ਅਰਧ ਸੈਂਕੜੇ ਲਾਏ ਸਨ ਜਦਕਿ ਸੂਰਯਕੁਮਾਰ ਯਾਦਵ ਨੂੰ ਪਹਿਲੇ ਦੋ ਮੈਚਾਂ ਵਿਚ ਅਸਫਲਤਾ ਦੇ ਬਾਵਜੂਦ ਇਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ। ਅਜਿਹੇ ਵਿਚ ਇਸ਼ਾਨ ਕਿਸ਼ਨ ਨੂੰ ਬਾਹਰ ਹੀ ਬੈਠਣਾ ਪਵੇਗਾ।
ਰਵਿੰਦਰ ਜਡੇਜਾ ਨੂੰ ਇਸ ਲੜੀ ਲਈ ਸ਼ਿਖਰ ਧਵਨ ਦੇ ਨਾਲ ਉਪ ਕਪਤਾਨ ਬਣਾਇਆ ਗਿਆ ਸੀ ਤੇ ਆਲਰਾਊਂਡਰ ਦੇ ਰੂਪ ਵਿਚ ਉਹ ਪਹਿਲੀ ਪਸੰਦ ਸੀ ਪਰ ਗੋਡੇ ਦੀ ਸੱਟ ਦੇ ਕਾਰਨ ਉਹ ਪਹਿਲੇ ਦੋ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਇਹ ਵੀ ਤੈਅ ਨਹੀਂ ਹੈ ਕਿ ਜਡੇਜਾ ਤੀਜੇ ਮੈਚ ਵਿਚ ਖੇਡਣ ਲਈ ਉਪਲਬੱਧ ਰਹੇਗਾ ਜਾਂ ਨਹੀਂ, ਕਿਉਂਕਿ ਉਸਦੀ ਗੈਰ-ਹਾਜ਼ਰੀ ਵਿਚ ਅਕਸ਼ਰ ਪਟੇਲ ਨੇ ਦੂਜੇ ਮੈਚ ਵਿਚ 64 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਪਟੇਲ ਦੇ ਇਸ ਪ੍ਰਦਰਸ਼ਨ ਨੂੰ ਟੀਮ ਮੈਨੇਜਮੈਂਟ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਜੇਕਰ ਧਵਨ ਖੱਬੇ ਹੱਥ ਦੇ ਦੋ ਸਪਿਨਰਾਂ ਨੂੰ ਉਤਾਰਨਾ ਦੀ ਯੋਜਨਾ ਬਣਾਉਂਦਾ ਹੈ ਤਾਂ ਫਿਰ ਯੁਜਵੇਂਦਰ ਚਾਹਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਪਰ ਇਸ ਨਾਲ ਭਾਰਤੀ ਗੇਂਦਬਾਜ਼ਾਂ ’ਚ ਵਿਲੱਖਣਤਾ ਦੀ ਘਾਟ ਦੇਖਣ ਨੂੰ ਮਿਲ ਸਕਦੀ ਹੈ।
ਤੇਜ਼ ਗੇਂਦਬਾਜ਼ ਅਰਸ਼ਦੀਪ ਨੂੰ ਇੰਗਲੈਂਡ ਵਿਚ ਵਨ ਡੇ ਦੌਰਾਨ ਪੱਟ ਦੀਆਂ ਮਾਸਪੇਸ਼ੀਆਂ ਵਿਚ ਪ੍ਰੇਸ਼ਾਨੀ ਹੋਈ ਸੀ ਪਰ ਹੁਣ ਉਹ ਫਿੱਟ ਹੈ ਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੋਣ ਕਾਰਨ ਉਸ ਨੂੰ ਆਵੇਸ਼ ਖਾਨ ਦੀ ਜਗ੍ਹਾ ਟੀਮ ਵਿਚ ਲਿਆ ਜਾ ਸਕਦਾ ਹੈ। ਆਵੇਸ਼ ਨੇ ਦੂਜੇ ਵਨ ਡੇ ਵਿਚ 6 ਓਵਰਾਂ ਵਿਚ 54 ਦੌੜਾਂ ਦਿੱਤੀਆਂ ਸਨ ਤੇ ਉਸ ਨੂੰ ਕੋਈ ਵਿਕਟ ਨਹੀਂ ਮਿਲੀ ਸੀ। ਆਵੇਸ਼ ਤੇ ਪ੍ਰਸਿੱਧ ਕ੍ਰਿਸ਼ਣਾ ਦੀ ਗੇਂਦਬਾਜ਼ੀ ਸ਼ੈਲੀ ਇਕੋ ਤਰ੍ਹਾਂ ਦੀ ਹੈ ਤੇ ਅਜਿਹੇ ਵਿਚ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਹੀ ਆਖਰੀ-11 ਵਿਚ ਰੱਖਿਆ ਜਾ ਸਕਦਾ ਹੈ। ਜਿੱਥੋਂ ਤਕ ਵੈਸਟਇੰਡੀਜ਼ ਦਾ ਸਵਾਲ ਹੈ ਤਾਂ ਉਸ ਕੋਲ ਸਮਰੱਥ ਖਿਡਾਰੀ ਹਨ ਪਰ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਿਚ ਅਸਫ਼ਲ ਰਹੇ ਹਨ। ਉਹ ਅਜੇ ਤਕ ਸ਼ਾਈ ਹੋਪ, ਨਿਕੋਲਸ ਪੂਰਨ, ਰੋਵਮੈਨ ਪਾਵੈੱਲ ਜਾਂ ਰੋਮੇਰੀਓ ਸ਼ੈਫਰਡ ’ਤੇ ਨਿਰਭਰ ਰਹੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਨੇ ਅਜੇ ਤਕ ਅਹਿਮ ਮੌਕਿਆਂ ’ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਲੜੀ ਦੇ ਆਖਰੀ ਮੈਚ ਵਿਚ ਵੈਸਟਇੰਡੀਜ਼ ਜੈਸਨ ਹੋਲਡਰ ਨੂੰ ਆਖਰੀ-11 ਵਿਚ ਸ਼ਾਮਲ ਕਰ ਸਕਦੀ ਹੈ। ਵੈਸਟਇੰਡੀਜ਼ ਦਾ ਟੀਚਾ ਵਨ ਡੇ ਵਿਚ ਆਪਣੀ ਹਾਰ ਦਾ ਕ੍ਰਮ ਤੋੜਨਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਉਸ ਨੂੰ ਬੰਗਲਾਦੇਸ਼ ਹੱਥੋਂ ਵੀ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੁੰਬਈ ਸਿਟੀ ਐਫ. ਸੀ. ਨੇ ਡਿਫੈਂਡਰ ਸੰਜੀਵ ਸਟਾਲਿਨ ਨਾਲ ਕਰਾਰ ਕੀਤਾ
NEXT STORY