ਨਵੀਂ ਦਿੱਲੀ– ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਤੇ ਸਹਿਯੋਗੀ ਸਟਾਫ ਦੇ ਦੋ ਹੋਰਨਾਂ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਹਾਕੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ। ਰੀਡ ਨੂੰ ਅਪ੍ਰੈਲ 2019 ਵਿਚ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਉਸਦੇ ਕੋਚ ਰਹਿੰਦੇ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਓਡੀਸ਼ਾ ਵਿਚ ਹੋਏ ਵਿਸ਼ਵ ਕੱਪ ਵਿਚ ਕੁਆਰਟਰ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ ਤੇ 9ਵੇਂ ਸਥਾਨ ’ਤੇ ਰਹੀ।
ਆਸਟਰੇਲੀਆ ਦੇ 58 ਸਾਲ ਦੇ ਰੀਡ ਤੋਂ ਇਲਾਵਾ ਵਿਸ਼ਲੇਸ਼ਣ ਕੋਚ ਗ੍ਰੇਗ ਕਲਾਰਕ ਤੇ ਵਿਗਿਆਨਕ ਸਲਾਹਕਾਰ ਮਿਸ਼ੇਲ ਡੇਵਿਡ ਪੇਮਬਰਟਨ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਕੀ ਇੰਡੀਆ ਵਲੋਂ ਜਾਰੀ ਬਿਆਨ ਅਨੁਸਾਰ ਰੀਡ ਨੇ ਹਾਕੀ ਇੰਡੀਆਦੇ ਮੁਖੀ ਦਿਲੀਪ ਟਿਰਕੀ ਨੂੰ ਵਿਸ਼ਵ ਕੱਪ ਖਤਮ ਹੋਣ ਤੋਂ ਇਕ ਦਿਨ ਬਾਅਦ ਅਸਤੀਫਾ ਸੌਂਪਿਆ। ਟਿਰਕੀ ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਟੀਮ ਦੇ ਪ੍ਰਦਰਸ਼ਨ ’ਤੇ ਚਰਚਾ ਲਈ ਰੀਡ ਤੇ ਹੋਰਨਾਂ ਸਹਿਯੋਗੀ ਸਟਾਫ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਅੰਡਰ-19 ਵਿਸ਼ਵ ਕੱਪ ਚੈਂਪੀਅਨਾਂ ਦੀ ਕਹਾਣੀ: ਕੋਈ ਖੇਡਦੀ ਰਹੀ ਥਾਪੀ ਨਾਲ ਤੇ ਕਿਸੇ ਨੇ ਖੇਡੀ ਗਲੀ ਕ੍ਰਿਕਟ
ਰੀਡ, ਗ੍ਰੇਗ ਕਲਾਰਕ ਤੇ ਮਿਸ਼ੇਲ ਡੇਵਿਡ ਤਿੰਨੇ ਅਗਲੇ ਮਹੀਨੇ ਨੋਟਿਸ ਪੀਰੀਅਰਡ ’ਚ ਰਹਿਣਗੇ। ਰੀਡ ਨੇ ਕਿਹਾ, ‘‘ਹੁਣ ਮੇਰੇ ਲਈ ਵੱਖਰਾ ਹੋਣ ਤੇ ਨਵੀਂ ਮੈਨੇਜਮੈਂਟ ਨੂੰ ਕਮਾਨ ਸੌਂਪਣ ਦਾ ਸਮਾਂ ਹੈ। ਇਸ ਟੀਮ ਤੇ ਹਾਕੀ ਇੰਡੀਆ ਦੇ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਇਆ। ਇਸ ਸ਼ਾਨਦਾਰ ਸਫਰ ਦੇ ਹਰ ਪਲ ਦਾ ਮੈਂ ਆਨੰਦ ਮਾਣਿਆ। ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।’’ ਭਾਰਤੀ ਟੀਮ ਦੇ ਨਾਲ ਰੀਡ ਦਾ ਕਾਰਜਕਾਲ ਪੈਰਿਸ ਓਲੰਪਿਕ (2024) ਤਕ ਦਾ ਸੀ।
ਰੀਡ ਤੇ ਉਸਦੀ ਟੀਮ ਦੇ ਨਾਲ ਭਾਰਤ ਨੇ 41 ਸਾਲ ਬਾਅਦ ਓਲੰਪਿਕ ਕਾਂਸੀ ਤਮਗਾ ਜਿੱਤਿੱਆ ਸੀ। ਇਸ ਤੋਂ ਇਲਾਵਾ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤੇ ਐੱਫ. ਆਈ. ਐੱਚ. ਪ੍ਰੋ ਲੀਗ 2021-22 ਸੈਸ਼ਨ ਵਿਚ ਤੀਜਾ ਸਥਾਨ ਹਾਸਲ ਕੀਤਾ। ਰੀਡ ਦੇ ਕੋਚ ਰਹਿੰਦੇ ਭਾਰਤੀ ਟੀਮ ਨੇ 2019 ਵਿਚ ਐੱਫ. ਆਈ. ਐੱਚ. ਵਿਸ਼ਵ ਸੀਰੀਜ਼ ਫਾਈਨਲਸ ਜਿੱਤਿਆ ਸੀ। ਇਸ ਤੋਂ ਬਾਅਦ ਭੁਵਨੇਸ਼ਵਰ ਵਿਚ ਓਲੰਪਿਕ ਕੁਆਲੀਫਾਇਰ ਜਿੱਤ ਕੇ ਟੋਕੀਓ ਖੇਡਾਂ ਲਈ ਕੁਆਲੀਫਾਈ ਕੀਤਾ। ਰੀਡ ਸਮੇਤ ਤਿੰਨਾਂ ਦੇ ਅਸਤੀਫੇ ਸਵੀਕਾਰ ਕਰਦੇ ਹੋਏ ਹਾਕੀ ਇੰਡੀਆ ਮੁਖੀ ਟਿਰਕੀ ਨੇ ਕਿਹਾ,‘‘ਗ੍ਰਾਹਮ ਰੀਡ ਤੇ ਉਸਦੀ ਟੀਮ ਦਾ ਭਾਰਤ ਹਮੇਸ਼ਾ ਅਹਿਸਾਨਮੰਦ ਰਹੇਗਾ, ਜਿਨ੍ਹਾਂ ਨੇ ਸਾਨੂੰ ਚੰਗੇ ਨਤੀਜੇ ਦਿੱਤੇ। ਖਾਸ ਤੌਰ ’ਤੇ ਓਲੰਪਿਕ ਖੇਡਾਂ ਵਿਚ। ਹਰ ਯਾਤਰਾ ਵਿਚ ਨਵੇਂ ਪੜਾਅ ਆਉਂਦੇ ਹਨ ਤੇ ਹੁਣ ਸਾਨੂੰ ਵੀ ਟੀਮ ਲਈ ਨਵੀਂ ਸੋਚ ਦੇ ਨਾਲ ਅੱਗੇ ਵਧਣਾ ਪਵੇਗਾ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਡਰ-19 ਵਿਸ਼ਵ ਕੱਪ ਚੈਂਪੀਅਨਾਂ ਦੀ ਕਹਾਣੀ: ਕੋਈ ਖੇਡਦੀ ਰਹੀ ਥਾਪੀ ਨਾਲ ਤੇ ਕਿਸੇ ਨੇ ਖੇਡੀ ਗਲੀ ਕ੍ਰਿਕਟ
NEXT STORY