ਨਵੀਂ ਦਿੱਲੀ : ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ ਕ੍ਰਮਵਾਰ ਰੂਸ ਤੇ ਅਮਰੀਕਾ ਨੂੰ ਹਰਾ ਕੇ 2020 ਦੀਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਪੁਰਸ਼ ਟੀਮ ਨੇ ਰੂਸ ਨੂੰ 11-3 ਨਾਲ ਹਰਾ ਕੇ ਓਲੰਪਿਕ ਦੀ ਟਿਕਟ ਹਾਸਲ ਕੀਤੀ। ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਪੁਰਸ਼ ਟੀਮ ਨੇ 22ਵੇਂ ਨੰਬਰ ਰੂਸ ਨੂੰ ਪਹਿਲੇ ਮੈਚ ਵਿਚ 4-2 ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ਵਿਚ ਉਸ ਨੇ ਰੂਸ ਨੂੰ 7-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪੁਰਸ਼ ਟੀਮ ਨੇ 21ਵੀਂ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ। ਭਾਰਤ ਸਿਰਫ 2008 ਦੀਆਂ ਬੀਜਿੰਗ ਓਲੰਪਿਕ ਵਿਚ ਨਹੀਂ ਖੇਡ ਸਕਿਆ ਸੀ। ਕੁਆਲੀਫਾਇਰ ਦੇ ਸਵਰੂਪ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ਵਿਚੋਂ ਦੋ ਮੈਚ ਜਿੱਤਣ 'ਤੇ 3 ਅੰਕ ਅਤੇ ਡਰਾਅ ਰਹਿਣ 'ਤੇ 1 ਅੰਕ ਮਿਲਦਾ ਹੈ। ਪੁਰਸ਼ ਵਰਗ ਵਿਚ ਭਾਰਤ ਤੇ ਰੂਸ ਦੇ ਮੁਕਾਬਲੇ ਵਿਚ ਭਾਰਤ ਨੇ ਦੋਵੇਂ ਮੈਚ ਜਿੱਤੇ ਤੇ ਉਸਦੀ ਗੋਲ ਔਸਤ 11-3 ਰਹੀ।

ਪੁਰਸ਼ ਵਰਗ ਵਿਚ ਰਿਕਾਰਡ 8 ਵਾਰ ਦੇ ਚੈਂਪੀਅਨ ਭਾਰਤ ਨੂੰ ਕੱਲ ਪਹਿਲੇ ਮੁਕਾਬਲੇ ਵਿਚ ਰੂਸ ਨੇ ਚੰਗੀ ਚੁਣੌਤੀ ਦਿੱਤੀ ਸੀ ਪਰ ਅੱਜ ਦੂਜੇ ਮੈਚ ਵਿਚ ਭਾਰਤ ਦੀ ਤਾਕਤ ਦੇ ਅੱਗੇ ਰੂਸ ਦੀ ਟੀਮ ਬੇਵੱਸ ਹੋ ਗਈ। ਭਾਰਤ ਨੇ ਮਨਮਾਨੇ ਅੰਦਾਜ਼ ਵਿਚ ਗੋਲ ਕਰਕੇ ਘਰੇਲੂ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ। ਰੂਸ ਨੇ ਹਾਲਾਂਕਿ ਪਹਿਲੇ ਹੀ ਮਿੰਟ ਵਿਚ ਗੋਲ ਕਰਕੇ ਭਾਰਤ ਨੂੰ ਹੈਰਾਨ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਪਹਿਲੇ ਮਿੰਟ ਵਿਚ ਗੋਲ ਖਾਣ ਦਾ ਆਪਣਾ ਸਾਰਾ ਗੁੱਸਾ ਕੱਢ ਦਿੱਤਾ। ਐਲਕੇਸੀ ਸੋਬੋਲੇਵਸਕੀ ਨੇ ਪਹਿਲੇ ਮਿੰਟ ਵਿਚ ਮੈਦਾਨੀ ਗੋਲ ਕੀਤਾ। ਪਹਿਲੇ ਕੁਆਰਟਰ ਵਿਚ ਪਿਛੜਨ ਤੋਂ ਬਾਅਦ ਭਾਰਤ ਨੇ ਦੂਜੇ ਕੁਆਰਟਰ ਵਿਚ 17ਵੇਂ ਮਿੰਟ ਵਿਚ ਜਾ ਕੇ ਬਰਾਬਰੀ ਹਾਸਲ ਕੀਤੀ, ਜਿਸ ਨਾਲ ਭਾਰਤੀ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਕਿ ਕੋਈ ਅਣਹੋਣੀ ਨਾ ਹੋਣ ਜਾਵੇ। ਇਸ ਤੋਂ ਬਾਅਦ ਤਾਂ ਗੋਲ ਹੁੰਦੇ ਰਹੇ ਤੇ ਭਾਰਤੀ ਸਮਰੱਥਕ ਤਾਲੀਆਂ ਵਜਾਉਂਦੇ ਰਹੇ। ਲਲਿਤ ਉਪਾਧਿਆਏ ਨੇ 17ਵੇਂ ਮਿੰਟ ਵਿਚ ਭਾਰਤ ਨੂੰ ਬਰਾਬਰੀ ਦਿਵਾ ਦਿੱਤੀ, ਜਦਕਿ ਆਕਾਸ਼ਦੀਪ ਸਿੰਘ ਨੇ 27ਵੇਂ ਤੇ 29ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਅੱਧੇ ਸਮੇਂ ਤਕ 3-1 ਨਾਲ ਅੱਗੇ ਕਰ ਦਿੱਤਾ। ਨੀਲਕਾਂਤ ਸ਼ਰਮਾ ਨੇ 47ਵੇਂ ਮਿੰਟ ਵਿਚ ਚੌਥਾ, ਰੁਪਿੰਦਰ ਪਾਲ ਸਿੰਘ ਨੇ 48ਵੇਂ ਮਿੰਟ ਵਿਚ 5ਵਾਂ ਤੇ 59ਵੇਂ ਮਿੰਟ ਵਿਚ 6ਵੇਂ ਤੇ ਅਮਿਤ ਰੋਹਿਦਾਸ ਨੇ 60ਵੇਂ ਮਿੰਟ ਵਿਚ 7ਵਾਂ ਗੋਲ ਕਰ ਕੇ ਭਾਰਤ ਨੂੰ ਓਲੰਪਿਕ ਟਿਕਟ ਦਿਵਾ ਦਿੱਤੀ।

ਭਾਰਤੀ ਮਹਿਲਾ ਹਾਕੀ ਟੀਮ ਨੇ ਹਾਸਲ ਕੀਤੀ ਓਲੰਪਿਕ ਟਿਕਟ
NEXT STORY