ਜਲੰਧਰ (ਜ. ਬ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਫਾਈਨਲ ਮੁੱਖ ਸਪਾਂਸਰ ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਐਂਡ ਸਿੰਧ ਬੈਂਕ ਵਿਚਾਲੇ ਖੇਡਿਆ ਜਾਵੇਗਾ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਉਕਤ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਸਿੰਧ ਬੈਂਕ ਦੀ ਟੀਮ ਨੇ ਆਰਮੀ ਇਲੈਵਨ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ। ਸ਼ੂਟਆਊਟ ਤੋਂ ਪਹਿਲਾਂ ਦੋਵੇਂ ਟੀਮਾਂ ਨਿਰਧਾਰਤ ਸਮੇਂ ਤਕ 1-1 'ਤੇ ਬਰਾਬਰੀ 'ਤੇ ਰਹੀਆਂ ਸਨ।
ਮੈਚ ਦੌਰਾਨ ਬੈਂਕ ਵਲੋਂ ਗਗਨਦੀਪ ਸਿੰਘ ਨੇ 6ਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਇਕ ਗੋਲ ਦੀ ਬੜ੍ਹਤ ਹਾਸਲ ਕਰ ਲਈ ਸੀ, ਜਿਹੜੀ ਹਾਫ ਸਮੇਂ ਤਕ ਜਾਰੀ ਰਹੀ। 31ਵੇਂ ਮਿੰਟ (ਤੀਜੇ ਕੁਆਰਟਰ) ਵਿਚ ਆਰਮੀ ਇਲੈਵਨ ਦੇ ਰਾਹੁਲ ਰਾਠੀ ਨੇ ਮੈਦਾਨੀ ਗੋਲ ਕਰ ਦਿੱਤਾ, ਜਿਸ ਨਾਲ ਸਕੋਰ 1-1 ਹੋ ਗਿਆ। ਬੈਂਕ ਟੀਮ ਦਾ ਕਪਤਾਨ ਤੇ ਕੌਮਾਂਤਰੀ ਖਿਡਾਰੀ ਸੰਤਾ ਸਿੰਘ 33ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਨੂੰ ਗੋਲ ਕਰਨ ਤੋਂ ਖੁੰਝ ਗਿਆ, ਜਿਸ ਕਾਰਣ ਦੋਵੇਂ ਟੀਮਾਂ ਨਿਰਧਾਰਤ ਸਮੇਂ ਤਕ ਬਰਾਬਰੀ 'ਤੇ ਰਹੀਆਂ। ਫਿਰ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਇਸ ਦੌਰਾਨ ਬੈਂਕ ਟੀਮ ਵਲੋਂ ਗਗਨਪ੍ਰੀਤ ਸਿੰਘ, ਹਰਮਨਜੀਤ ਸਿੰਘ, ਜਸਕਰਨ ਸਿੰਘ ਤੇ ਸੰਤਾ ਸਿੰਘ ਨੇ ਗੋਲ ਕੀਤੇ, ਉਥੇ ਹੀ ਆਰਮੀ ਇਲੈਵਨ ਵਲੋਂ ਰਜਤ ਰਾਜਪੂਤ, ਸੰਜੇ ਟੋਪੋ ਤੇ ਰਾਹੁਲ ਰਾਠੀ ਨੇ ਗੋਲ ਕੀਤੇ ਪਰ ਉਹ ਆਪਣੀ ਟੀਮ ਲਈ ਲੋੜੀਂਦੇ ਗੋਲ ਨਹੀਂ ਹਾਸਲ ਕਰ ਸਕੇ, ਜਿਸ ਕਾਰਣ ਉਨ੍ਹਾਂ ਨੂੰ ਸੈਮੀਫਾਈਨਲਿਸਟ ਰਹਿ ਕੇ ਸਬਰ ਕਰਨਾ ਪਿਆ।
ਦੂਜੇ ਸੈਮੀਫਾਈਨਲ 'ਚ ਇੰਡੀਅਨ ਆਇਲ ਦੀ ਟੀਮ ਨੇ ਪੰਜਾਬ ਪੁਲਸ ਜਲੰਧਰ ਦੀ ਟੀਮ ਨੂੰ ਦਰਸ਼ਕਾਂ ਦੇ ਭਾਰੀ ਸਮਰਥਨ ਦੇ ਬਾਵਜੂਦ 4-2 ਨਾਲ ਹਰਾ ਦਿੱਤਾ। ਇੰਡੀਅਨ ਆਇਲ ਟੀਮ ਹਾਫ ਤਕ (2 ਕੁਆਰਟਰਾਂ ਤੋਂ ਬਾਅਦ) ਪੰਜਾਬ ਪੁਲਸ ਜਲੰਧਰ ਤੋਂ 2-1 ਨਾਲ ਅੱਗੇ ਚੱਲ ਰਹੀ ਸੀ। ਇਸ ਤੋਂ ਪਹਿਲਾਂ ਪਹਿਲੇ ਕੁਆਰਟਰ ਦੇ ਅੰਤ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਚੱਲ ਰਹੀਆਂ ਸਨ। ਤੀਜੇ ਕੁਆਰਟਰ ਤਕ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਸਨ। ਚੌਥੇ ਤੇ ਆਖਰੀ ਕੁਆਰਟਰ ਵਿਚ ਇੰਡੀਅਨ ਆਇਲ ਦੀ ਟੀਮ ਨੇ ਪੰਜਾਬ ਪੁਲਸ ਜਲੰਧਰ ਨੂੰ ਚਾਰੋਂ ਖਾਨੇ ਚਿੱਤ ਕਰ ਕੇ ਫਾਈਨਲ ਦੀ ਟਿਕਟ ਹਾਸਲ ਕਰ ਲਈ। ਜੇਤੂ ਆਇਲ ਟੀਮ ਵਲੋਂ ਗੁਰਜਿੰਦਰ ਸਿੰਘ (7ਵੇਂ ਤੇ 53ਵੇਂ ਮਿੰਟ) ਦੋ ਅਤੇ ਮਨਪ੍ਰੀਤ ਸਿੰਘ (17ਵੇਂ ਮਿੰਟ) ਤੇ ਰੌਸ਼ਨ ਮਿੰਜ (56ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ, ਜਦਕਿ ਪੰਜਾਬ ਪੁਲਸ ਲਈ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ (17ਵੇਂ ਮਿੰਟ ਵਿਚ) ਤੇ ਪਵਨਦੀਪ ਸਿੰਘ (41ਵੇਂ ਮਿੰਟ ਵਿਚ) ਨੇ ਗੋਲ ਕੀਤੇ। ਖਿਤਾਬੀ ਮੁਕਾਬਲਾ 19 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਤੋਂ ਖੇਡਿਆ ਜਾਵੇਗਾ।
ਅੱਜ ਦੇ ਮਹਿਮਾਨ
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਜਲੰਧਰ ਮੰਡਲ ਦੇ ਕਮਿਸ਼ਨਰ ਬੀ. ਪੁਰਸ਼ਾਰਥਾ ਅਤੇ ਬਾਬਾ ਤਲਵਿੰਦਰ ਸਿੰਘ ਸਿੰਘ ਢੇਸੀ ਕਾਹਨਾ ਢੇਸੀਆਂ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੀ ਐਸਟਰੋਟਰਫ ਮੈਦਾਨ ਦੀ ਟਰਫ ਜਲਦੀ ਹੀ ਬਦਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਆਈ. ਐੱਸ. ਐੱਲ. 'ਚ ਨਿਰੰਤਰਤਾ ਦਾ ਨਾਂ ਹੈ ਬੈਂਗਲੁਰੂ ਐੱਫ. ਸੀ.
NEXT STORY