ਸਪੋਰਟਸ ਡੈਸਕ- ਅੱਜ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਟੀ-20 ਲੜੀ ਦਾ ਤੀਜਾ ਤੇ ਆਖ਼ਰੀ ਮੁਕਾਬਲਾ ਬੈਂਗਲੋਰ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਿਛਲੇ ਦੋਵਾਂ ਮੈਚਾਂ 'ਚ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਸੀ, ਪਰ ਇਸ ਵਾਰ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਓਪਨਿੰਗ ਕਰਨ ਆਏ ਰੋਹਿਤ ਸ਼ਰਮਾ ਤੇ ਯਸ਼ਸਵੀ ਜਾਇਸਵਾਲ ਨੂੰ ਅਫ਼ਗਾਨੀ ਗੇਂਦਬਾਜ਼ਾਂ ਨੇ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਇਸੇ ਦੌਰਾਨ ਵੱਡਾ ਸ਼ਾਟ ਖੇਡਣ ਦੇ ਚੱਕਰ 'ਚ ਗੇਂਦ ਹਵਾ 'ਚ ਮਾਰ ਬੈਠਾ ਤੇ 4 ਦੇ ਸਕੋਰ 'ਤੇ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਵਿਰਾਟ ਕੋਹਲੀ ਵੀ ਕੁਝ ਖ਼ਾਸ ਨਹੀਂ ਕਰ ਸਕੇ ਤੇ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਏ।
ਪਿਛਲੇ ਦੋਵਾਂ ਮੈਚਾਂ ਦੇ ਹੀਰੋ ਰਹੇ ਸ਼ਿਵਮ ਦੁਬੇ ਵੀ ਇਸ ਵਾਰ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਲੜੀ ਦਾ ਪਹਿਲਾ ਮੁਕਾਬਲਾ ਖੇਡ ਰਹੇ ਸੰਜੂ ਸੈਮਸਨ ਵੀ ਕੋਹਲੀ ਵਾਂਗ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਏ।
ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡੀ ਤੇ ਰਿੰਕੂ ਸਿੰਘ ਨਾਲ ਮਿਲ ਕੇ ਟੀਮ ਦੀ ਬੇੜੀ ਪਾਰ ਲਗਾਈ। ਪਿਛਲੇ ਦੋਵਾਂ ਮੈਚਾਂ 'ਚ 0 'ਤੇ ਆਊਟ ਹੋਣ ਵਾਲੇ ਰੋਹਿਤ ਸ਼ਰਮਾ ਨੇ ਟੀਮ ਦੀ ਮੁਸ਼ਕਲ ਸਥਿਤੀ ਨੂੰ ਸਮਝਿਆ ਅਤੇ ਸੂਝਬੂਝ ਨਾਲ ਬੱਲੇਬਾਜ਼ੀ ਕੀਤੀ। ਇਕ ਵਾਰ ਸੈੱਟ ਹੋਣ ਤੋਂ ਬਾਅਦ ਉਸ ਨੇ ਅਗ੍ਰੈੱਸਿਵ ਰੁਖ਼ ਅਪਣਾਉਂਦੇ ਹੋਏ ਤੇਜ਼ੀ ਨਾਲ ਸਕੋਰ ਬਣਾਉਣੇ ਸ਼ੁਰੂ ਕਰ ਦਿੱਤੇ। ਰੋਹਿਤ ਸ਼ਰਮਾ ਨੇ ਸਿਰਫ਼ 64 ਗੇਂਦਾਂ 'ਚ ਆਪਣੇ ਟੀ-20 ਕਰੀਅਰ ਦਾ 5ਵਾਂ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਦੀ ਬਦੌਲਤ ਉਹ ਇਕ ਵਾਰ ਫਿਰ ਟੀ-20 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ।
ਉਸ ਨੇ ਸਿਰਫ਼ 69 ਗੇਂਦਾਂ 'ਚ 11 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 121 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਫਿਨਿਸ਼ਰ ਦੀ ਭੂਮਿਕਾ ਨਿਭਾ ਰਹੇ ਰਿੰਕੂ ਸਿੰਘ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ ਸਿਰਫ਼ 39 ਗੇਂਦਾਂ 'ਚ 69 ਦੌੜਾਂ ਬਣਾਈਆਂ। ਉਸ ਨੇ ਪਾਰੀ ਦੌਰਾਨ 2 ਚੌਕੇ ਤੇ 6 ਛੱਕੇ ਲਗਾਏ। ਭਾਰਤ ਨੇ ਆਖ਼ਰੀ ਓਵਰ 'ਚ ਅਜ਼ਮਤੁੱਲਾ ਓਮਰਜ਼ਾਈ ਨੂੰ ਰੋਹਿਤ ਤੇ ਰਿੰਕੂ ਨੇ 5 ਛੱਕਿਆਂ ਤੇ 1 ਚੌਕੇ ਦੀ ਮਦਦ ਨਾਲ 36 ਦੌੜਾਂ ਜੜੀਆਂ। ਇਸ ਤਰ੍ਹਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 4 ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਅਫ਼ਗਾਨਿਸਤਾਨ ਨੂੰ ਜਿੱਤਣ ਲਈ 213 ਦੌੜਾਂ ਦਾ ਟੀਚਾ ਦਿੱਤਾ।
ICC ਰੈਂਕਿੰਗ : ਅਕਸ਼ਰ ਪਟੇਲ ਤੇ ਯਸ਼ਸਵੀ ਜਾਇਸਵਾਲ ਦੀ ਟਾਪ-10 ’ਚ ਐਂਟਰੀ
NEXT STORY