ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਵਨਡੇ ਲੜੀ ਦਾ ਦੂਜਾ ਮੁਕਾਬਲਾ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਸ਼੍ਰੀਲੰਕਾ ਨੇ ਜੈਫਰੀ ਵੈਂਡਰਸੇ ਤੇ ਚਰਿਥ ਅਸਾਲੰਕਾ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੂੰ 32 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਲੜੀ ਦਾ ਪਹਿਲਾ ਮੁਕਾਬਲਾ ਟਾਈ ਹੋ ਗਿਆ ਸੀ।
ਇਸ ਮੁਕਾਬਲੇ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੇ ਅਵਿਸ਼ਕਾ ਫਰਨਾਂਡੋ (40), ਕਮਿੰਦੂ ਮੈਂਡਿਸ (40), ਦੁਨਿਥ ਵੇਲਾਲਾਗੇ (39) ਤੇ ਕੁਸਲ ਮੈਂਡਿਸ (30) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ ਸਨ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਤੇ ਸ਼ੁੱਭਮਨ ਗਿੱਲ ਨੇ ਇਕ ਵਾਰ ਫ਼ਿਰ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 13.3 ਓਵਰਾਂ 'ਚ 97 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਰੋਹਿਤ ਸ਼ਰਮਾ ਨੇ ਇਕ ਵਾਰ ਫ਼ਿਰ ਤੋਂ ਹਮਲਾਵਰ ਰੁਖ਼ ਅਪਣਾਇਆ ਤੇ 44 ਗੇਂਦਾਂ 'ਚ 5 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 64 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਲੜੀ 'ਚ ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਸੀ। ਉਹ ਜੈਫਰੀ ਵੈਂਡਰਸੇ ਦੀ ਗੇਂਦ 'ਤੇ ਪਥੁਮ ਨਿਸਾਂਕਾ ਹਥੋਂ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ ਸ਼ੁੱਭਮਨ ਗਿੱਲ 35, ਵਿਰਾਟ ਕੋਹਲੀ 14 ਤੇ ਸ਼ਿਵਮ ਦੁਬੇ 0 ਦੇ ਨਿੱਜੀ ਸਕੋਰ 'ਤੇ ਜੈਫਰੀ ਵੈਂਡਰਸੇ ਨੇ ਆਊਟ ਕੀਤਾ। ਵੈਂਡਰਸੇ ਦੀ ਗੇਂਦਬਾਜ਼ੀ ਇੰਨੀ ਘਾਤਕ ਸੀ ਕਿ ਭਾਰਤ ਦੀਆਂ ਪਹਿਲੀਆਂ 5 ਵਿਕਟਾਂ ਉਸ ਨੇ ਹੀ ਝਟਕਾਈਆਂ ਸਨ। ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਅਕਸ਼ਰ ਪਟੇਲ ਨੇ 44 ਗੇਂਦਾਂ 'ਚ 44 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀਆਂ ਉਮੀਦਾਂ ਜਗਾਈਆਂ, ਪਰ ਉਹ ਅਸਾਲੰਕਾ ਦੀ ਗੇਂਦ 'ਤੇ ਆਊਟ ਹੋ ਗਿਆ, ਜਿਸ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ।
ਕੇ.ਐੱਲ. ਰਾਹੁਲ ਵੀ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਿਆ, ਜਿਸ ਤੋਂ ਬਾਅਦ ਭਾਰਤ ਦੀ ਹਾਰ ਲਗਭਗ ਤੈਅ ਹੋ ਗਈ। ਭਾਰਤ ਦਾ ਕੋਈ ਵੀ ਬੱਲੇਬਾਜ਼ ਸ਼੍ਰੀਲੰਕਾ ਦੀ ਸਪਿਨ ਗੇਂਦਬਾਜ਼ੀ ਦਾ ਸਾਹਮਣਾ ਨਾ ਕਰ ਸਕੇ ਤੇ ਭਾਰਤੀ ਟੀਮ ਅੰਤ 42.2 ਓਵਰਾਂ 'ਚ 208 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਸ਼੍ਰੀਲੰਕਾ ਨੇ ਇਹ ਮੁਕਾਬਲਾ 32 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ ਲੜੀ 'ਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ।
ਇਸ ਲੜੀ ਦਾ ਪਹਿਲਾ ਮੁਕਾਬਲਾ ਟਾਈ ਹੋ ਗਿਆ ਸੀ। ਹੁਣ ਇਹ ਲੜੀ ਦਾ ਦੂਜਾ ਮੁਕਾਬਲਾ ਸ਼੍ਰੀਲੰਕਾ ਨੇ ਜਿੱਤ ਕੇ ਲੜੀ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਲੜੀ ਦਾ ਤੀਜਾ ਤੇ ਆਖ਼ਰੀ ਮੁਕਾਬਲਾ 7 ਅਗਸਤ ਨੂੰ ਇਸੇ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IND vs SL : ਰੋਹਿਤ ਸ਼ਰਮਾ ਨੇ ਤੋੜੇ ਦ੍ਰਾਵਿੜ-ਤੇਂਦੁਲਕਰ ਦੇ ਰਿਕਾਰਡ, ਹੁਣ ਸਿਰਫ਼ ਇਸ ਉਪਲੱਬਧੀ 'ਤੇ ਨਜ਼ਰਾਂ
NEXT STORY