ਆਬੂ ਧਾਬੀ– ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਅਜੇਤੂ ਅਰਧ ਸੈਂਕੜੇ ਤੇ ਪੈਟ ਕਮਿੰਸ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੀ ਅਨੁਸ਼ਾਸਿਤ ਗੇਂਦਬਾਜ਼ ਦੀ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ 'ਤੇ 142 ਦੌੜਾਂ ਹੀ ਬਣਾ ਸਕੇ ਸਨ। ਮੁੰਬਈ ਇੰਡੀਅਨਜ਼ ਵਿਰੁੱਧ ਸ਼ਾਰਟ ਗੇਂਦਬਾਜ਼ੀ ਲਈ ਆਲੋਚਨਾ ਝੱਲਣ ਵਾਲੇ ਆਈ. ਪੀ. ਐੱਲ. ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਕਮਿੰਸ ਨੇ 4 ਓਵਰਾਂ ਵਿਚ 19 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। ਉਥੇ ਹੀ ਸਪਿਨਰ ਵਰੁਣ ਚਕਰਵਰਤੀ ਨੇ 25 ਦੌੜਾਂ ਦੇ ਕੇ ਡੇਵਿਡ ਵਾਰਨਰ ਦੀ ਬੇਸ਼ਕੀਮਤੀ ਵਿਕਟ ਲਈ। ਜਵਾਬ ਵਿਚ ਕੇ. ਕੇ. ਆਰ. ਨੇ 2 ਓਵਰ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ। ਗਿੱਲ ਤੇ ਇਯੋਨ ਮੋਰਗਨ ਨੇ ਚੌਥੀ ਵਿਕਟ ਲਈ 92 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਗਿੱਲ 62 ਗੇਂਦਾਂ 'ਤੇ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਮੋਰਗਨ ਨੇ 29 ਗੇਂਦਾਂ 'ਤੇ 42 ਦੌੜਾਂ ਬਣਾਈਆਂ, ਜਿਸ ਵਿਚ 3 ਚੌਕੇ ਤੇ 2 ਛੱਕੇ ਸ਼ਾਮਲ ਸਨ।
ਇਸ ਤੋਂ ਪਹਿਲਾਂ ਕੇ. ਕੇ. ਆਰ. ਦੀ ਸ਼ੁਰੂਆਤ ਖਰਾਬ ਰਹੀ ਤੇ ਦੂਜੇ ਹੀ ਓਵਰ ਵਿਚ ਸੁਨੀਲ ਨਾਰਾਇਣ (0) ਨੂੰ ਖਲੀਲ ਅਹਿਮਦ ਨੇ ਵਾਰਨਰ ਹੱਥੋਂ ਕੈਚ ਕਰਵਾਇਆ। ਉਥੇ ਹੀ ਨਤੀਸ਼ ਰਾਣਾ (26) ਪੰਜਵੇਂ ਤੇ ਕਪਤਾਨ ਦਿਨੇਸ਼ ਕਾਰਤਿਕ (0) ਸੱਤਵੇਂ ਓਵਰ ਵਿਚ ਆਊਟ ਹੋ ਗਏ। ਇਸ ਤੋਂ ਬਾਅਦ ਮੋਰਗਨ ਤੇ ਗਿਲ ਨੇ ਪਾਰੀ ਸੰਭਾਲੀ ਤੇ ਟੀਮ ਨੂੰ ਜਿੱਤ ਤਕ ਲੈ ਗਏ।
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਲਈ ਬੱਲੇਬਾਜ਼ੀ ਵਿਚ ਤੀਜੇ ਨੰਬਰ 'ਤੇ ਫਾਰਮ ਵਿਚ ਪਰਤੇ ਮਨੀਸ਼ ਪਾਂਡੇ ਨੇ 38 ਗੇਂਦਾਂ ਵਿਚ 51 ਦੌੜਾਂ ਬਣਾਈਆਂ ਜਦਕਿ ਰਿਧੀਮਾਨ ਸਾਹਾ ਨੇ 31 ਗੇਂਦਾਂ ਵਿਚ 30 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਪਰ ਡੈੱਥ ਓਵਰਾਂ ਵਿਚ ਵਿਕਟਾਂ ਗੁਆ ਬੈਠੇ। ਸਨਰਾਈਜ਼ਰਜ਼ ਦੇ ਬੱਲੇਬਾਜ਼ ਆਖਰੀ ਓਵਰਾਂ ਵਿਚ ਧਮਾਕੇਦਾਰ ਪ੍ਰਦਰਸ਼ਨ ਨਹੀਂ ਕਰ ਸਕੇ। ਮੁੰਬਈ ਇੰਡੀਅਨਜ਼ ਵਿਰੁੱਧ ਔਸਤ ਪ੍ਰਦਰਸ਼ਨ ਕਰਨ ਵਾਲੀ ਕੇ. ਕੇ.ਆਰ. ਅੱਜ ਕਾਫੀ ਹਮਲਾਵਰ ਦਿਸੀ। ਸੁਨੀਲ ਨਾਰਾਇਣ ਤੇ ਕਮਿੰਸ ਨੇ ਨਵੀਂ ਗੇਂਦ ਸੰਭਾਲੀ। ਕਮਿੰਸ ਨੇ ਲੈਂਥ ਵਿਚ ਬਦਲਾਅ ਕਰਦੇ ਹੋਏ ਜਾਨੀ ਬੇਅਰਸਟੋ ਨੂੰ ਆਊਟ ਕਰਕੇ ਕੇ. ਕੇ.ਆਰ. ਨੂੰ ਪਹਿਲੀ ਸਫਲਤਾ ਦਿਵਾਈ। ਰਹੱਸਮਈ ਫਿਰਕੀ ਸੁੱਟਣ ਵਾਲੇ ਚਕਰਵਰਤੀ ਨੇ ਵਾਰਨਰ ਦੇ ਰੂਪ ਵਿਚ ਆਈ. ਪੀ. ਐੱਲ. ਵਿਚ ਆਪਣੀ ਪਹਿਲੀ ਵਿਕਟ ਲਈ। ਵਾਰਨਰ ਨੇ 30 ਗੇਂਦਾਂ ਵਿਚ 36 ਦੌੜਾਂ ਬਣਾਈਆਂ। ਉਹ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਵੀ ਸਸਤੇ 'ਚ ਆਊਟ ਹੋਇਆ ਸੀ। ਉੱਚੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਉਹ ਖੁੰਝ ਗਿਆ ਤੇ ਚਕਰਵਰਤੀ ਨੂੰ ਰਿਟਰਨ ਕੈਚ ਦੇ ਬੈਠਾ। ਇਸ ਤੋਂ ਬਾਅਦ ਸਨਰਾਈਜ਼ਰਜ਼ ਦੀ ਦੌੜ ਗਤੀ ਵਧ ਨਹੀਂ ਸਕੀ। ਇਸ ਓਵਰ ਤੋਂ ਬਾਅਦ ਸਕੋਰ 2 ਵਿਕਟਾਂ 'ਤੇ 61 ਦੌੜਾਂ ਸੀ। ਆਖਰੀ 10 ਓਵਰਾਂ ਵਿਚ 81 ਦੌੜਾਂ ਬਣੀਆਂ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।
ਹਾਲੇਪ ਦੀ ਫਰੈਂਚ ਓਪਨ ਲਈ ਤਿਆਰੀ ਸ਼ਾਨਦਾਰ, ਪਹਿਲੇ ਦੌਰ 'ਚ ਤੋਰਮੋ ਨਾਲ ਭਿੜੇਗੀ
NEXT STORY