ਸਪੋਰਟਸ ਡੈਸਕ- ਚੇਨਈ ਦੇ ਚੇਪਾਕ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਚੇਨਈ ਸੁਪਰਕਿੰਗਜ਼ ਨੇ ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਬਦੌਲਤ ਸ਼ਾਨਦਾਰ ਫਾਰਮ 'ਚ ਚੱਲ ਰਹੀ ਸਨਰਾਈਜ਼ਰਜ਼ ਹੈਦਰਾਬਾਦ ਨੂੰ 78 ਦੌੜਾਂ ਨਾਲ ਹਰਾ ਦਿੱਤਾ ਹੈ।

ਟਾਸ ਜਿੱਤ ਕੇ ਹੈਦਰਾਬਾਦ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਤੇ ਚੇਨਈ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਚੇਨਈ ਨੇ ਕਪਤਾਨ ਰੁਤੂਰਾਜ ਗਾਇਕਵਾੜ (98) ਤੇ ਡੈਰਿਲ ਮਿਚੇਲ (52) ਦੇ ਤੂਫ਼ਾਨੀ ਅਰਧ ਸੈਂਕੜਿਆਂ ਤੋਂ ਬਾਅਦ ਸ਼ਿਵਮ ਦੁਬੇ (39) ਦੀ ਤਾਬੜਤੋੜ ਪਾਰੀ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 212 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।

ਹੈਦਰਾਬਾਦ ਨੇ ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪਿਛਲੇ ਮੁਕਾਬਲਿਆਂ ਦੇ ਹੀਰੋ ਟ੍ਰੈਵਿਸ ਹੈੱਡ (13) ਤੇ ਅਭਿਸ਼ੇਕ ਸ਼ਰਮਾ (15) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ। ਇਸ ਤੋਂ ਬਾਅਦ ਆਏ ਅਨਮੋਲਪ੍ਰੀਤ ਵੀ ਕੁਝ ਖ਼ਾਸ ਨਾ ਕਰ ਸਕੇ ਤੇ ਪਹਿਲੀ ਹੀ ਗੇਂਦ 'ਤੇ ਪੈਵੇਲੀਅਨ ਪਰਤ ਗਏ।

ਏਡਨ ਮਾਰਕ੍ਰਮ 26 ਗੇਂਦਾਂ 'ਚ 4 ਚੌਕਿਆਂ ਦੀ ਬਦੌਲਤ 32 ਦੌੜਾਂ ਬਣਾ ਕੇ ਪਥਿਰਾਣਾ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। ਨਿਤੀਸ਼ ਕੁਮਾਰ ਰੈੱਡੀ ਨੇ ਵੀ 15 ਗੇਂਦਾਂ 'ਚ 15 ਦੌੜਾਂ ਦਾ ਯੋਗਦਾਨ ਦਿੱਤਾ ਤੇ ਉਹ ਜਡੇਜਾ ਦੀ ਗੇਂਦ 'ਤੇ ਆਊਟ ਹੋ ਗਿਆ।

ਹੈਨਰਿਕ ਕਲਾਸੇਨ ਵੀ 21 ਗੇਂਦਾਂ 'ਚ ਸਿਰਫ਼ 20 ਦੌੜਾਂ ਹੀ ਬਣਾ ਸਕਿਆ ਤੇ ਪਥਿਰਾਣਾ ਦਾ ਅਗਲਾ ਸ਼ਿਕਾਰ ਬਣਿਆ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਵੀ 7 ਗੇਂਦਾਂ 'ਚ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਅਬਦੁਲ ਸਮਦ ਨੇ 18 ਗੇਂਦਾਂ 'ਚ 19 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦਾ ਸ਼ਿਕਾਰ ਬਣਿਆ।

ਇਸ ਤੋਂ ਬਾਅਦ ਕੋਈ ਬੱਲੇਬਾਜ਼ ਟਿਕ ਨਾ ਸਕਿਆ ਤੇ ਟੀਮ ਪੂਰੇ 20 ਓਵਰ ਵੀ ਨਾ ਖੇਡ ਸਕੀ ਤੇ 18.5 ਓਵਰਾਂ 'ਚ ਹੀ 134 ਦੇ ਸਕੋਰ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਚੇਨਈ ਹੱਥੋਂ ਇਹ ਮੁਕਾਬਲਾ 78 ਦੌੜਾਂ ਦੇ ਵੱਡੇ ਫ਼ਰਕ ਨਾਲ ਹਾਰ ਗਈ।

ਚੇਨਈ ਦੀ ਜਿੱਤ 'ਚ ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਟੀਮ ਲਈ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ 3 ਓਵਰਾਂ 'ਚ 27 ਦੌੜਾਂ ਦੇ ਕੇ ਹੈਦਰਾਬਾਦ ਦੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਤੋਂ ਇਲਾਵਾ ਮੁਸਤਾਫਿਜ਼ੁਰ ਰਹਿਮਾਨ ਤੇ ਮਥੀਸ਼ਾ ਪਥਿਰਾਣਾ ਨੂੰ 2-2 ਜਦਕਿ ਸ਼ਾਰਦੁਲ ਠਾਕੁਰ ਤੇ ਰਵਿੰਦਰ ਜਡੇਜਾ ਨੂੰ 1-1 ਵਿਕਟ ਮਿਲੀ।

ਇਸ ਤੋਂ ਇਲਾਵਾ ਸ਼ਾਨਦਾਰ ਅਰਧ ਸੈਂਕੜਾ ਮਾਰਨ ਵਾਲੇ ਡੈਰਿਲ ਮਿਚੇਲ ਨੇ ਫੀਲਡਿੰਗ 'ਚ ਚੰਗਾ ਕੰਮ ਕੀਤਾ। ਉਸ ਨੇ ਹੈਦਰਾਬਾਦ ਦੇ 5 ਬੱਲੇਬਾਜ਼ਾਂ ਦੇ ਕੈਚ ਫੜ ਕੇ ਉਨ੍ਹਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ ਤੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ।

ਇਸ ਜਿੱਤ ਨਾਲ ਚੇਨਈ ਨੇ ਪੁਆਇੰਟ ਟੇਬਲ 'ਚ ਵੱਡੀ ਛਲਾਂਗ ਮਾਰੀ ਹੈ। ਟੀਮ ਦੇ ਹੁਣ 9 ਮੈਚਾਂ 'ਚ 5 ਜਿੱਤਾਂ ਨਾਲ 10 ਅੰਕ ਹੋ ਗਏ ਹਨ ਤੇ ਉਹ ਤੀਜੇ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਹੈਦਰਾਬਾਦ ਇੰਨੇ ਹੀ ਮੈਚਾਂ 'ਚ ਇੰਨੇ ਹੀ ਅੰਕਾਂ ਨਾਲ ਨੈੱਟ-ਰਨ ਰੇਟ ਦੇ ਆਧਾਰ 'ਤੇ ਚੌਥੇ ਸਥਾਨ 'ਤੇ ਖਿਸਕ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੌਕਬਾਲ ਦੀ ਪ੍ਰਮੋਸ਼ਨ ਦੇ ਲਈ ਯਤਨਸ਼ੀਲ ਮੁਨੀਸ਼ ਬਹਿਲ, ਕਿਹਾ- 'ਪੰਜਾਬ ਤੋਂ ਨਿਕਲਣਗੇ ਇੰਟਰਨੈਸ਼ਨਲ ਪਲੇਅਰਜ਼'
NEXT STORY