ਜੈਪੁਰ- ਗੁਜਰਾਤ ਟਾਈਟਨਜ਼ (GT) ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਆਈਪੀਐਲ 2026 ਵਿੱਚ ਆਪਣੀ ਪੁਰਾਣੀ ਲੈਅ ਹਾਸਲ ਕਰ ਲਈ ਹੈ। ਰਾਜਸਥਾਨ ਰਾਇਲਜ਼ (RR) ਵਿਰੁੱਧ ਜੈਪੁਰ ਵਿੱਚ ਖੇਡੇ ਗਏ ਮੈਚ ਵਿੱਚ 4 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਰਾਸ਼ਿਦ ਨੇ ਆਪਣੇ ਸੰਘਰਸ਼ ਅਤੇ ਵਾਪਸੀ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਸਰਜਰੀ ਤੋਂ ਬਾਅਦ ਜਲਦਬਾਜ਼ੀ ਪਈ ਭਾਰੀ
ਰਾਸ਼ਿਦ ਖਾਨ ਨੇ ਮੰਨਿਆ ਕਿ ਪਿਛਲੇ ਸਾਲ ਪਿੱਠ ਦੀ ਸਰਜਰੀ ਤੋਂ ਬਾਅਦ ਮੈਦਾਨ 'ਤੇ ਜਲਦੀ ਵਾਪਸੀ ਕਰਨਾ ਉਨ੍ਹਾਂ ਦੀ 'ਬਹੁਤ ਵੱਡੀ ਗਲਤੀ' ਸੀ। ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਉਹ ਸਿਰਫ ਦੋ ਮਹੀਨਿਆਂ ਵਿੱਚ ਹੀ ਮੈਦਾਨ 'ਤੇ ਪਰਤ ਆਏ ਸਨ ਕਿਉਂਕਿ ਉਹ ਅਫਗਾਨਿਸਤਾਨ ਲਈ ਖੇਡਣਾ ਚਾਹੁੰਦੇ ਸਨ। ਇਸ ਜਲਦਬਾਜ਼ੀ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਵੀ ਦਿਖਿਆ, ਜਿੱਥੇ ਆਈਪੀਐਲ 2025 ਦੇ 15 ਮੈਚਾਂ ਵਿੱਚ ਉਹ ਸਿਰਫ਼ 9 ਵਿਕਟਾਂ ਹੀ ਲੈ ਸਕੇ ਸਨ।
ਫਿਟਨੈੱਸ 'ਤੇ ਕੰਮ ਅਤੇ ਨਵੀਂ ਲੈਅ
ਪਿਛਲੇ ਸੀਜ਼ਨ ਤੋਂ ਬਾਅਦ ਰਾਸ਼ਿਦ ਨੇ ਦੋ-ਤਿੰਨ ਮਹੀਨਿਆਂ ਦਾ ਪੂਰਾ ਬ੍ਰੇਕ ਲਿਆ ਅਤੇ ਆਪਣੀ ਫਿਟਨੈੱਸ ਅਤੇ ਪਿੱਠ ਦੀ ਮਜ਼ਬੂਤੀ 'ਤੇ ਧਿਆਨ ਦਿੱਤਾ। ਉਨ੍ਹਾਂ ਅਨੁਸਾਰ, ਪਹਿਲਾਂ ਉਨ੍ਹਾਂ ਦੀ ਗੇਂਦਬਾਜ਼ੀ ਵਿੱਚ ਉਹ ਲੈਅ (rhythm) ਗਾਇਬ ਸੀ ਜੋ ਕ੍ਰੀਜ਼ ਤੋਂ ਲੰਘਣ ਵੇਲੇ ਹੁੰਦੀ ਹੈ, ਪਰ ਹੁਣ ਉਹ ਪੂਰੀ ਤਰ੍ਹਾਂ ਲੈਅ ਵਿੱਚ ਹਨ। ਇਸ ਦਾ ਸਬੂਤ ਉਨ੍ਹਾਂ ਦੇ ਇਸ ਸੀਜ਼ਨ ਦੇ ਅੰਕੜੇ ਹਨ, ਜਿੱਥੇ ਉਹ ਹੁਣ ਤੱਕ 11 ਮੈਚਾਂ ਵਿੱਚ 15 ਵਿਕਟਾਂ ਲੈ ਚੁੱਕੇ ਹਨ।
ਰਾਜਸਥਾਨ ਵਿਰੁੱਧ ਘਾਤਕ ਗੇਂਦਬਾਜ਼ੀ
ਜੈਪੁਰ ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ 230 ਦੌੜਾਂ ਦੇ ਵਿਸ਼ਾਲ ਟੀਚੇ ਦਾ ਬਚਾਅ ਕਰਦੇ ਹੋਏ ਰਾਸ਼ਿਦ ਨੇ ਆਪਣੀ ਗੇਂਦਬਾਜ਼ੀ ਨਾਲ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਧਰੁਵ ਜੁਰੇਲ ਅਤੇ ਡੋਨੋਵਨ ਫਰੇਰਾ ਨੂੰ ਬੋਲਡ ਕਰਕੇ ਰਾਜਸਥਾਨ ਦੀ ਕਮਰ ਤੋੜ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੁਭਮ ਦੂਬੇ ਅਤੇ ਰਵਿੰਦਰ ਜਡੇਜਾ ਦੀਆਂ ਵਿਕਟਾਂ ਵੀ ਹਾਸਲ ਕੀਤੀਆਂ। ਰਾਸ਼ਿਦ ਨੇ ਆਪਣਾ ਸਪੈੱਲ 33 ਦੌੜਾਂ ਦੇ ਕੇ 4 ਵਿਕਟਾਂ ਨਾਲ ਖ਼ਤਮ ਕੀਤਾ, ਜਿਸ ਸਦਕਾ ਗੁਜਰਾਤ ਨੇ 77 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।
ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਨੈਸ਼ਨਲ ਕੋਚਿੰਗ ਕੈਂਪ ਦਾ ਕੀਤਾ ਐਲਾਨ
NEXT STORY