ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨਜ਼ 'ਚ ਖੇਡੇ ਗਏ ਆਈ.ਪੀ.ਐੱਲ. ਦੇ ਆਖ਼ਰੀ ਗੇਂਦ ਤੱਕ ਚੱਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਰਾਜਸਥਾਨ ਨੇ ਜਾਸ ਬਟਲਰ ਦੇ ਚਮਤਕਾਰੀ ਸੈਂਕੜੇ ਦੀ ਬਦੌਲਤ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ ਓਪਨਿੰਗ ਕਰਨ ਆਏ ਸੁਨੀਲ ਨਾਰਾਇਣ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ।

ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਵੱਲੋਂ ਯਸ਼ਸਵੀ ਜਾਇਸਵਾਲ (19), ਕਪਤਾਨ ਸੈਮਸਨ (12), ਧਰੁਵ ਜੁਰੇਲ (2) ਤੇ ਅਸ਼ਵਿਨ (8) ਕੁਝ ਖ਼ਾਸ ਨਾ ਕਰ ਸਕੇ ਤੇ ਸਸਤੇ 'ਚ ਪੈਵੇਲੀਅਨ ਪਰਤ ਗਏ।

ਇਸ ਦੌਰਾਨ ਜਾਸ ਬਟਲਰ ਅਤੇ ਰਿਆਨ ਪਰਾਗ ਨੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਦੋਵਾਂ ਨੇ ਤੀਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਆਨ ਪਰਾਗ ਨੇ 14 ਗੇਂਦਾਂ 'ਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਤਾਬੜਤੋੜ 34 ਦੌੜਾਂ ਬਣਾਈਆਂ।

ਹੈਟਮਾਇਰ ਵੀ ਬਿਨਾਂ ਖਾਤਾ ਖੋਲ੍ਹੇ ਪਹਿਲੀ ਹੀ ਗੇਂਦ 'ਤੇ ਵਰੁਣ ਚਕਰਵਰਤੀ ਹੱਥੋਂ ਆਊਟ ਹੋ ਗਿਆ। ਰੋਵਮੈਨ ਪਾਵੇਲ ਨੇ ਵੀ 13 ਗੇਂਦਾਂ 'ਚ 1 ਚੌਕਾ ਅਤੇ 3 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਤੇ ਉਹ ਵੀ ਚਕਰਵਰਤੀ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।

ਪਰ ਜਾਸ ਬਟਲਰ ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਟੀਮ ਨੂੰ ਮੁਕਾਬਲੇ ਤੋਂ ਬਾਹਰ ਨਹੀਂ ਹੋਣ ਦਿੱਤਾ। ਆਖ਼ਰੀ ਓਵਰਾਂ 'ਚ ਉਸ ਨੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਤੇ 55 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਉਸ ਦੇ ਸੈਂਕੜੇ ਨੇ ਕੋਲਕਾਤਾ ਦੇ ਸੁਨੀਲ ਨਾਰਾਇਣ ਦੇ ਆਲ-ਰਾਊਂਡ ਪ੍ਰਦਰਸ਼ਨ 'ਤੇ ਪਾਣੀ ਫੇਰ ਦਿੱਤਾ। ਬਟਲਰ ਨੇ 60 ਗੇਂਦਾ 'ਚ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ।

ਇਸ ਜਿੱਤ ਦੇ ਨਾਲ ਰਾਜਸਥਾਨ ਦੇ 7 ਮੈਚਾਂ 'ਚ 6 ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਚੋਟੀ 'ਤੇ ਬਣੀ ਹੋਈ ਹੈ, ਉੱਥੇ ਹੀ ਕੋਲਕਾਤਾ ਨੂੰ ਆਪਣੇ 6 ਮੁਕਾਬਲਿਆਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ ਉਹ 8 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੈਚ ਬੱਲੇਬਾਜ਼ੀ ਦਾ ਨਹੀਂ, ਛੱਕਿਆਂ ਦਾ ਮੁਕਾਬਲਾ ਸੀ : ਫਿੰਚ
NEXT STORY