ਡਬਲਿਨ-ਓਪਨਰ ਲੋਕੇਸ਼ ਰਾਹੁਲ (70) ਤੇ ਸੁਰੇਸ਼ ਰੈਨਾ (69) ਦੇ ਤੂਫਾਨੀ ਅਰਧ ਸੈਂਕੜਿਆਂ ਤੋਂ ਬਾਅਦ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀਆਂ 3-3 ਵਿਕਟਾਂ ਦੀ ਬਦੌਲਤ ਭਾਰਤ ਨੇ ਦੂਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਆਇਰਲੈਂਡ ਨੂੰ 143 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ਵਿਚ ਮੇਜ਼ਬਾਨ ਟੀਮ ਦਾ ਸਫਾਇਆ ਕਰ ਦਿੱਤਾ।
ਭਾਰਤ ਨੇ ਪਹਿਲਾ ਮੈਚ 76 ਦੌੜਾਂ ਨਾਲ ਜਿੱਤਿਆ ਸੀ ਤੇ ਦੂਜਾ ਮੈਚ ਵੀ ਉਸ ਨੇ ਵੱਡੇ ਫਰਕ ਨਾਲ 143 ਦੌੜਾਂ ਨਾਲ ਜਿੱਤ ਲਿਆ। ਭਾਰਤ ਦਾ ਇੰਗਲੈਂਡ ਵਿਰੁੱਧ ਮੁਸ਼ਕਿਲ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਖਰੀ ਕੌਮਾਂਤਰੀ ਮੈਚ ਸੀ। ਭਾਰਤ ਨੂੰ ਇੰਗਲੈਂਡ ਨਾਲ ਪਹਿਲਾ ਟੀ-20 ਮੈਚ 3 ਜੁਲਾਈ ਨੂੰ ਮਾਨਚੈਸਟਰ ਵਿਚ ਖੇਡਣਾ ਹੈ।
ਭਾਰਤ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਤਾਕਤ ਦੇ ਸਾਹਮਣੇ ਆਇਰਲੈਂਡ ਦੀ ਟੀਮ ਬੌਣੀ ਨਜ਼ਰ ਆਈ ਤੇ ਪੂਰੀ ਤਰ੍ਹਾਂ ਸਮਰਪਣ ਕਰ ਗਈ। ਭਾਰਤ ਨੇ ਚਾਰ ਵਿਕਟਾਂ 'ਤੇ 213 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਆਇਰਲੈਂਡ ਨੂੰ 12.3 ਓਵਰਾਂ ਵਿਚ 70 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਲਗਾਤਾਰ ਦੂਜੇ ਮੈਚ ਵਿਚ 200 ਤੋਂ ਉੱਪਰ ਦਾ ਸਕੋਰ ਬਣਾਇਆ।
ਭਾਰਤ ਨੇ ਇਸ ਮੈਚ ਵਿਚ ਓਪਨਰ ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ, ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇ ਕੇ ਲੋਕੇਸ਼ ਰਾਹੁਲ, ਦਿਨੇਸ਼ ਕਾਰਤਿਕ, ਉਮੇਸ਼ ਯਾਦਵ ਤੇ ਸਿਧਾਰਥ ਕੌਲ ਨੂੰ ਮੌਕਾ ਦਿੱਤਾ। ਭਾਰਤ ਦੇ ਚਾਰ ਬਦਲਾਅ ਆਇਰਲੈਂਡ 'ਤੇ ਭਾਰੀ ਪਏ।
ਆਇਰਲੈਂਡ ਦੇ ਬੱਲੇਬਾਜ਼ਾਂ ਕੋਲ ਭਾਰਤੀ ਸਪਿਨਰਾਂ ਚਾਹਲ ਤੇ ਕੁਲਦੀਪ ਦਾ ਕੋਈ ਜਵਾਬ ਨਹੀਂ ਸੀ। ਪਹਿਲੇ ਮੈਚ ਵਿਚ ਚਾਰ ਵਿਕਟਾਂ ਲੈਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਨੇ 2.3 ਓਵਰਾਂ ਵਿਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਪਹਿਲੇ ਮੈਚ ਵਿਚ ਤਿੰਨ ਵਿਕਟਾਂ ਲੈਣ ਵਾਲੇ ਲੈੱਗ ਸਨਿਪਰ ਚਾਹਲ ਨੇ ਚਾਰ ਓਵਰਾਂ ਵਿਚ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ 19 ਦੌੜਾਂ 'ਤੇ 2 ਵਿਕਟਾਂ, ਸਿਧਾਰਥ ਨੇ ਚਾਰ ਦੌੜਾਂ ਇਕ ਵਿਕਟ ਤੇ ਹਾਰਦਿਕ ਪੰਡਯਾ ਨੇ 10 ਦੌੜਾਂ ਦੇ ਕੇ ਇਕ ਵਿਕਟ ਲਈ।
ਆਇਰਲੈਂਡ ਦੇ ਚਾਰ ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹ ਸਕੇ ਤੇ ਕਪਤਾਨ ਗੈਰੀ ਵਿਲਸਨ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ। ਆਇਰਲੈਂਡ ਨੇ ਆਪਣੀਆਂ ਆਖਰੀ 8 ਵਿਕਟਾਂ ਸਿਰਫ 40 ਦੌੜਾਂ ਜੋੜ ਕੇ ਗੁਆ ਦਿੱਤੀਆਂ ਤੇ ਉਸਦੀ ਪਾਰੀ 70 ਦੌੜਾਂ 'ਤੇ ਸਿਮਟ ਗਈ।
ਸਹਿਵਾਗ ਨੇ ਕਿਹਾ, ਰਾਹੁਲ ਨੂੰ ਮੌਕਾ ਦਿਓ ਅਤੇ ਇਸ ਖਿਡਾਰੀ ਨੂੰ ਕਰੋ ਬਾਹਰ
NEXT STORY