ਭੁਵਨੇਸ਼ਵਰ– ਮੇਜ਼ਬਾਨ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪੋਲੈਂਡ ਨੂੰ ਸ਼ਨੀਵਾਰ ਨੂੰ 8-2 ਨਾਲ ਹਰਾ ਕੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ-ਬੀ ਤੋਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦੀ ਇਹ ਤਿੰਨ ਮੈਚਾਂ ਵਿਚੋਂ ਦੂਜੀ ਜਿੱਤ ਰਹੀ ਤੇ ਉਸ ਨੇ ਗਰੁੱਪ ਵਿਚ ਫਰਾਂਸ ਤੋਂ ਬਾਅਦ ਦੂਜੇ ਸਥਾਨ ’ਤੇ ਰਹਿੰਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦਾ ਕੁਆਰਟਰ ਫਾਈਨਲ ਵਿਚ ਮੁਕਾਬਲਾ ਪੂਲ-ਏ ਦੀ ਨੰਬਰ ਇਕ ਟੀਮ ਬੈਲਜੀਅਮ ਨਾਲ 1 ਦਸੰਬਰ ਨੂੰ ਹੋਵੇਗਾ।
ਭਾਰਤ ਨੂੰ ਆਪਣੇ ਪਹਿਲੇ ਮੈਚ ਵਿਚ ਫਰਾਂਸ ਹੱਥੋਂ 4-5 ਨਾਲ ਨੇੜਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਸਾਬਕਾ ਚੈਂਪੀਅਨ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਕੈਨੇਡਾ ਨੂੰ 13-1 ਨਾਲ ਅਤੇ ਪੋਲੈਂਡ ਨੂੰ ਅੱਜ 8-2 ਨਾਲ ਹਰਾ ਕੇ ਆਖ਼ਰੀ-8 ਵਿਚ ਸਥਾਨ ਬਣਾ ਲਿਆ। ਭਾਰਤ ਦੀ ਪੋਲੈਂਡ ਵਿਰੁੱਧ ਜਿੱਤ ਵਿਚ ਸੰਜੇ, ਸੁਦੀਪ ਚਿਰਮਾਕੋ ਤੇ ਹੁੰਦਲ ਅਰਿਜੀਤ ਸਿੰਘ ਨੇ 2-2 ਗੋਲ ਕੀਤੇ। ਸੰਜੇ ਨੇ ਚੌਥੇ ਮਿੰਟ ਵਿਚ ਭਾਰਤ ਦੀ ਸਕੋਰਿੰਗ ਦੀ ਸ਼ੁਰੂਆਤ ਕੀਤੀ ਤੇ 58ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕੀਤਾ।
ਅਰਿਜੀਤ ਨੇ 8ਵੇਂ ਮਿੰਟ ਵਿਚ ਭਾਰਤ ਦਾ ਦੂਜਾ ਤੇ 60ਵੇਂ ਮਿੰਟ ਵਿਚ ਅੱਠਵਾਂ ਗੋਲ ਕੀਤਾ। ਸੁਦੀਪ ਨੇ 24ਵੇਂ ਤੇ 40ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ 40ਵੇਂ ਮਿੰਟ ਤਕ 6-0 ਦੀ ਬੜ੍ਹਤ ਬਣਾ ਕੇ ਮੈਚ ਆਪਣੇ ਪੱਖ ਵਿਚ ਕਰ ਲਿਆ ਸੀ। ਸੁਦੀਪ ਚਿਰਮਾਕੋ ਨੇ 24ਵੇਂ ਮਿੰਟ ਵਿਚ ਭਾਰਤ ਦਾ ਤੀਜਾ, ਉੱਤਮ ਸਿੰਘ ਨੇ 34ਵੇਂ ਮਿੰਟ ਵਿਚ ਚੌਥਾ, ਸ਼ਾਰਦਾਨੰਦ ਤਿਵਾੜੀ ਨੇ 38ਵੇਂ ਮਿੰਟ ਵਿਚ 5ਵਾਂ ਤੇ ਸੁਦੀਪ ਚਿਰਮਾਕੋ ਨੇ 40ਵੇਂ ਮਿੰਟ ਵਿਚ 6ਵਾਂ ਗੋਲ ਕੀਤਾ।
ਰੰਗਭੇਦ ਨਾਲ ਨਜਿੱਠਣ ਲਈ ਈ. ਸੀ. ਬੀ. ਨੇ 12 ਸੂਤਰੀ ਯੋਜਨਾ ਕੀਤੀ ਸ਼ੁਰੂ
NEXT STORY