ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਦਾਨਿਸ਼ ਕਨੇਰੀਆ ਨੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਦਾਨਿਸ਼ ਕਨੇਰੀਆ ਨੇ ਆਪਣੇ ਯੂ-ਟਿਊਬ ਚੈਨਲ ’ਤੇ ਆਮਿਰ ’ਤੇ ਜੰਮ ਕੇ ਦੋਸ਼ ਲਾਏ ਹਨ। ਦੱਸ ਦੇਈਏ ਕਿ ਮੁਹੰਮਦ ਆਮਿਰ ਨੇ ਆਪਣੇ ਹਾਲ ਹੀ ਦੇ ਇੰਟਰਵਿਊ ’ਚ ਕਿਹਾ ਕਿ ਪੀ. ਸੀ. ਬੀ. ਦੇ ਅਪਮਾਨਜਨਕ ਰਵੱਈਏ ਕਾਰਨ ਹੀ ਉਨ੍ਹਾਂ ਨੂੰ ਜਲਦੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰਨਾ ਪਿਆ। ਆਮਿਰ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਮਾਣ ਨਹੀਂ ਮਿਲ ਰਿਹਾ, ਜਿਸ ਦੇ ਉਹ ਹੱਕਦਾਰ ਸਨ।
ਦਾਨਿਸ਼ ਕਨੇਰੀਆ ਨੇ ਕਿਹਾ ਕਿ ਮੈਂ ਆਮਿਰ ਦੀ ਗੱਲ ’ਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਰ ਕੋਈ ਆਪਣੀ ਰਾਏ ਰੱਖਣ ਲਈ ਆਜ਼ਾਦ ਹੈ। ਮੈਨੂੰ ਲੱਗਦਾ ਹੈ ਕਿ ਉਹ ਦੂਜਿਆਂ ਨੂੰ ਆਪਣੇ ਬਿਆਨਾਂ ਨਾਲ ਬਲੈਕਮੇਲ ਕਰਨਾ ਚਾਹੁੰਦੇ ਹਨ ਤਾਂ ਕਿ ਟੀਮ ’ਚ ਉਨ੍ਹਾਂ ਦੀ ਵਾਪਸੀ ਹੋ ਸਕੇ। ਉਨ੍ਹਾਂ ਦੇ ਬਿਆਨ ਨਾਲ, ਜਿਸ ’ਚ ਉਨ੍ਹਾਂ ਕਿਹਾ ਕਿ ਉਹ ਇੰਗਲੈਂਡ ’ਚ ਰਹਿਣਗੇ, ਨਾਗਰਿਕਤਾ ਹਾਸਲ ਕਰਨਗੇ ਤੇ ਫਿਰ ਆਈ. ਪੀ. ਐੱਲ. ਖੇਡਣਗੇ। ਇਸ ਦੇ ਨਾਲ ਤੁਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਸਮਝ ਸਕਦੇ ਹੋ।
ਕਨੇਰੀਆ ਨੇ ਕਿਹਾ ਕਿ ਆਮਿਰ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਪਾਟ ਫਿਕਸਿੰਗ ਕਾਂਡ ਤੋਂ ਬਾਅਦ ਉਨ੍ਹਾਂ ਨੂੰ ਟੀਮ ’ਚ ਵਾਪਸ ਲਿਆ ਕੇ ਪਾਕਿਸਤਾਨ ਨੇ ਕਾਫ਼ੀ ਉਦਾਰਤਾ ਦਿਖਾਈ ਸੀ ਪਰ ਉਨ੍ਹਾਂ ਦਾ ਪ੍ਰਦਰਸ਼ਨ ਪਿਛਲੇ ਤਕਰੀਬਨ ਡੇਢ ਸਾਲ ਤੋਂ ਜ਼ੀਰੋ ਰਿਹਾ ਹੈ। ਦੱਸ ਦੇਈਏ ਕਿ ਮੁਹੰਮਦ ਆਮਿਰ ਨੇ ਦਸੰਬਰ 2020 ’ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਮਿਸਬਾਹ ਉਲ ਹੱਕ ਤੇ ਵਕਾਰ ਯੂਨਸ ਨੂੰ ਦੋਸ਼ੀ ਠਹਿਰਾਇਆ ਸੀ। ਆਮਿਰ ਨੇ 28 ਸਾਲ ਦੀ ਉਮਰ ’ਚ ਸੰਨਿਆਸ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਜਲਦ ਸੰਨਿਆਸ ਲੈਣ ਦਾ ਮੁੱਖ ਕਾਰਨ ਟੀਮ ਮੈਨੇਜਮੈਂਟ ’ਚ ਸਨਮਾਨ ਦੀ ਕਮੀ ਦਾ ਹਵਾਲਾ ਦਿੱਤਾ। ਆਮਿਰ ਨੇ ਕਿਹਾ ਕਿ ਪਾਕਿਸਤਾਨ ਲਈ ਕ੍ਰਿਕਟ ਨਾ ਖੇਡਣ ਦਾ ਫੈਸਲਾ ਔਖਾ ਸੀ ਪਰ ਕੋਈ ਹੋਰ ਬਦਲ ਨਹੀਂ ਸੀ। ਆਮਿਰ ਹੁਣ ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਵਿਚ ਹੈ। ਆਮਿਰ ਨੇ ਇਕ ਇੰਟਰਵਿਊ ’ਚ ਕਿਹਾ ਕਿ ਮੈਂ ਹੁਣ ਲੰਮੇ ਸਮੇਂ ਤਕ ਇੰਗਲੈਂਡ ’ਚ ਰਹਿਣ ਵਾਲਾ ਹਾਂ। ਮੈਂ ਇਥੇ ਕ੍ਰਿਕਟ ਦਾ ਮਜ਼ਾ ਲੈ ਰਿਹਾ ਹਾਂ ਤੇ ਅਗਲੇ 6-7 ਸਾਲ ਹੋਰ ਖੇਡਣਾ ਚਾਹੁੰਦਾ ਹਾਂ। ਦੇਖਦੇ ਹਾਂ ਕਿ ਚੀਜ਼ਾਂ ਕਿਵੇਂ ਅੱਗੇ ਵਧਦੀਆਂ ਨੇ। ਆਈ. ਪੀ. ਐੱਲ. ਖੇਡਣ ਦੇ ਸਵਾਲ ’ਤੇ ਮੁਹੰਮਦ ਆਮਿਰ ਨੇ ਕਿਹਾ ਕਿ ਮੈਂ ਭਵਿੱਖ ਲਈ ਯੋਜਨਾਵਾਂ ਬਾਰੇ ਨਹੀਂ ਸੋਚ ਰਿਹਾ। ਇਕ ਵਾਰ ਜਦੋਂ ਮੈਨੂੰ ਇਥੋਂ ਦੀ ਨਾਗਰਿਕਤਾ ਮਿਲ ਗਈ ਤਾਂ ਚੀਜ਼ਾਂ ਬਦਲ ਜਾਣਗੀਆਂ।
ਭਾਰਤ ਦੀ ਆਲੋਚਨਾ ਕਰਨ ਵਾਲਿਆਂ ’ਤੇ ਵਰ੍ਹਿਆ ਮੈਥਿਊ ਹੇਡਨ, ਦਿੱਤਾ ਵੱਡਾ ਬਿਆਨ
NEXT STORY