ਦੁਬਈ – ਆਸਟਰੇਲੀਆ ਵਿਰੁੱਧ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਕਪਤਾਨ ਵਿਰਾਟ ਕੋਹਲੀ ਐਡੀਲੇਡ ਵਿਚ ਪਹਿਲੀ ਪਾਰੀ ਦੌਰਾਨ 74 ਦੌੜਾਂ ਦੀ ਪਾਰੀ ਦੇ ਦਮ ’ਤੇ ਆਈ. ਸੀ. ਸੀ. ਟੈਸਟ ਬੱਲੇਬਾਜ਼ਾਂ ਦੀ ਨਵੀਂ ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ਸਟੀਵ ਸਮਿਥ ਦੇ ਨੇੜੇ ਪਹੁੰਚ ਗਿਆ ਹੈ। ਰੈਂਕਿੰਗ ਵਿਚ ਦੂਜੇ ਸਥਾਨ ’ਤੇ ਕਾਬਜ਼ ਭਾਰਤੀ ਕਪਤਾਨ ਨੂੰ ਦੋ ਰੇਟਿੰਗ ਅੰਕਾਂ ਦਾ ਫਾਇਦਾ ਹੋਇਆਂ ਹੈ, ਜਿਸ ਨਾਲ ਉਸਦੇ ਨਾਂ 888 ਰੇਟਿੰਗ ਅੰਕ ਹੋ ਗਏ ਹਨ। ਇਸ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ ਇਕ-ਇਕ ਦੌੜ ਬਣਾਉਣ ਵਾਲੇ ਆਸਟਰੇਲੀਆ ਦੇ ਸਾਬਕਾ ਕਪਤਾਨ ਸਮਿਥ ਨੂੰ 10 ਅੰਕਾਂ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਉਸਦੇ ਨਾਂ 901 ਰੇਟਿੰਗ ਅੰਕ ਰਹਿ ਗਏ ਹਨ।
ਮੈਚ ਵਿਚ 46 ਤੇ 6 ਦੌੜਾਂ ਦੀਆਂ ਪਾਰੀਆਂ ਖੇਡਣ ਵਾਲਾ ਮਾਰਨਸ ਲਾਬੂਸ਼ੇਨ ਕਰੀਅਰ ਦੇ ਸਰਵਸ੍ਰੇਸ਼ਠ 839 ਰੇਟਿੰਗ ਅੰਕਾਂ ’ਤੇ ਪਹੁੰਚ ਗਿਆ ਹੈ। ਉਹ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੋਂ ਬਾਅਦ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ। ਮੈਨ ਆਫ ਦਿ ਮੈਚ ਆਸਟਰੇਲੀਆਈ ਕਪਤਾਨ ਟਿਮ ਪੇਨ 73 ਦੌੜਾਂ ਦੀ ਅਜੇਤੂ ਪਾਰੀ ਨਾਲ ਕਰੀਅਰ ਦੇ ਸਰਵਸ੍ਰੇਸ਼ਠ 33ਵੇਂ ਸਥਾਨ (592 ਰੇਟਿੰਗ ਅੰਕ) ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਉਸਦੀ ਸਰਵਸ੍ਰੇਸ਼ਠ ਰੈਂਕਿੰਗ 45ਵਾਂ ਸਥਾਨ ਸੀ, ਜਿਹੜਾ ਉਸ ਨੇ 2018 ਵਿਚ ਹਾਸਲ ਕੀਤਾ ਸੀ। ਦੂਜੀ ਪਾਰੀ ਵਿਚ ਅਜੇਤੂ 51 ਦੌੜਾਂ ਬਣਾਉਣ ਵਾਲਾ ਜੋ ਬਰਨਸ ਵੀ 2016 ਤੋਂ ਬਾਅਦ ਪਹਿਲੀ ਵਾਰੀ ਟਾਪ-50 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਉਹ 48ਵੇਂ ਸਥਾਨ ’ਤੇ ਹੈ।
ਕੋਹਲੀ ਤੋਂ ਇਲਾਵਾ ਹੋਰ ਭਾਰਤੀ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅਸਰ ਵੀ ਇਸ ਰੈਂਕਿੰਗ ਵਿਚ ਦਿਸ ਰਿਹਾ ਹੈ। ਚੇਤੇਸ਼ਵਰ ਪੁਜਾਰਾ 7ਵੇਂ ਤੋਂ 8ਵੇਂ ਸਥਾਨ ’ਤੇ ਖਿਸਕ ਗਿਆ ਜਦਕਿ ਅਜਿੰਕਯ ਰਹਾਨੇ ਟਾਪ-10 ਵਿਚੋਂ ਬਾਹਰ ਹੋ ਕੇ 11ਵੇਂ ਸਥਾਨ ’ਤੇ ਆ ਗਿਆ ਹੈ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਵੀ 14ਵੇਂ ਸਥਾਨ ’ਤੇ ਖਿਸਕ ਗਿਆ ਹੈ ਜਦਕਿ ਹਨੁਮਾ ਵਿਹਾਰੀ ਟਾਪ-50 ਵਿਚੋਂ ਬਾਹਰ ਨਿਕਲ ਕੇ 53ਵੇਂ ਸਥਾਨ ’ਤੇ ਖਿਸਕ ਗਿਆ ਹੈ।
ਐਡੀਲੇਡ ਵਿਚ 4 ਵਿਕਟਾਂ ਲੈਣ ਵਾਲਾ ਤਜਰਬੇਕਾਰ ਭਾਰਤੀ ਸਪਿਨਰ ਆਰ. ਅਸ਼ਵਿਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ 9ਵੇਂ ਸਥਾਨ ’ਤੇ ਚੋਟੀ ਦਾ ਭਾਰਤੀ ਬਣ ਗਿਆ ਹੈ। ਬੁਮਰਾਹ 10ਵੇਂ ਸਥਾਨ ’ਤੇ ਖਿਸਕ ਗਿਆ ਹੈ। ਮੈਚ ਵਿਚ 7 ਵਿਕਟਾਂ ਲੈਣ ਵਾਲਾ ਆਸਟਰੇਲੀਆ ਦਾ ਪੈਟ ਕਮਿੰਸ ਰੈਂਕਿੰਗ ਵਿਚ ਚੋਟੀ ਦਾ ਗੇਂਦਬਾਜ਼ ਬਣਿਆ ਹੋਇਆ ਹੈ। ਉਸ ਨੇ ਦੂਜੇ ਸਥਾਨ ’ਤੇ ਕਾਬਜ਼ ਸਟੂਅਰਟ ਬ੍ਰਾਡ ’ਤੇ ਆਪਣੀ ਬੜਤ੍ਹ ਹੋਰ ਮਜ਼ਬੂਤ ਕਰ ਲਈ ਹੈ। ਦੂਜੀ ਪਾਰੀ ਵਿਚ 8 ਦੌੜਾਂ ਦੇ ਕੇ 5 ਵਿਕਟਾਂ ਲੈਣ ਵਾਲਾ ਜੋਸ਼ ਹੇਜ਼ਲਵੁਡ 4 ਸਥਾਨਾਂ ਦੇ ਸੁਧਾਰ ਨਾਲ ਟਾਪ-5 ਵਿਚ ਪਹੁੰਚ ਗਿਆ ਹੈ। ਪੰਜਵੇਂ ਸਥਾਨ ’ਤੇ ਕਾਬਜ਼ ਇਸ ਗੇਂਦਬਾਜ਼ ਦੇ ਨਾਂ 805 ਰੇਟਿੰਗ ਅੰਕ ਹਨ।
ਨੋਟ- ਕੋਹਲੀ ICC ਰੈਂਕਿੰਗ ’ਚ ਚੋਟੀ ’ਤੇ ਕਾਬਜ਼ ਸਮਿਥ ਦੇ ਨੇੜੇ ਪਹੁੰਚਿਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਟੀਮ ਇੰਡੀਆ ਲਈ ਇਹ ਖਿਡਾਰੀ ਹੈ ਜ਼ਰੂਰੀ, ਗਾਵਸਕਰ-ਪੋਂਟਿੰਗ ਨੇ ਜਲਦ ਸ਼ਾਮਲ ਕਰਨ ਲਈ ਕਿਹਾ
NEXT STORY