ਸਪੋਰਟਸ ਡੈਸਕ– ਅਮੇਲੀਆ ਕੇਰ ਦੇ ਆਲਰਾਊਂਡ ਪ੍ਰਦਰਸ਼ਨ ਤੇ ਕਪਤਾਨ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਗੁਜਰਾਤ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਕੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 9 ਵਿਕਟਾਂ ’ਤੇ 126 ਦੌੜਾਂ ਬਣਾਈਆਂ। ਆਪਣੇ ਪਹਿਲੇ ਮੈਚ ਵਿਚ ਦਿੱਲੀ ਕੈਪੀਟਲਸ ਨੂੰ ਹਰਾਉਣ ਵਾਲੀ ਮੁੰਬਈ ਦੀ ਟੀਮ ਨੇ 18.1 ਓਵਰਾਂ ਵਿਚ 5 ਵਿਕਟਾਂ ’ਤੇ 129 ਦੌੜਾਂ ਬਣਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।

127 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਵੀ ਚੰਗੀ ਨਹੀਂ ਤੇ ਇਕ ਸਮੇਂ ਉਸਦਾ ਸਕੋਰ 3 ਵਿਕਟਾਂ ’ਤੇ 49 ਦੌੜਾਂ ਸੀ। ਹਰਮਨਪ੍ਰੀਤ ਕੌਰ (41 ਗੇਂਦਾਂ ’ਤੇ ਅਜੇਤੂ 46) ਤੇ ਕੇਰ (25 ਗੇਂਦਾਂ ’ਤੇ 31 ਦੌੜਾਂ) ਨੇ ਇੱਥੋਂ ਚੌਥੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਦਿੱਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਨੈਟ ਸਾਈਵਰ ਬ੍ਰੰਟ ਨੇ 22 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਸ਼ਬਰੀਨ ਇਸਮਾਇਲ ਨੇ ਗੁਜਰਾਤ ਦੇ ਚੋਟੀਕ੍ਰਮ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਨੇ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਲੈੱਗ ਸਪਿਨਰ ਕੇਰ ਨੇ ਮੱਧਕ੍ਰਮ ਤੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੂੰ ਚੱਲਣ ਨਹੀਂ ਦਿੱਤਾ ਤੇ ਆਪਣੇ ਕੋਟੇ ਦੇ ਚਾਰ ਓਵਰਾਂ 'ਚ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਗੁਜਰਾਤ ਦੇ ਸਿਰਫ਼ 4 ਬੱਲੇਬਾਜ਼ ਹੀ ਦੋਹਰੇ ਅੰਕ ਵਿਚ ਪੁਹੰਚੇ, ਜਿਨ੍ਹਾਂ 'ਚੋਂ 9ਵੇਂ ਨੰਬਰ ਦੀ ਬੱਲੇਬਾਜ਼ ਤਨੁਜਾ ਕੰਵਰ ਨੇ ਸਭ ਤੋਂ ਵੱਧ 28 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੇ ਕੈਥਰੀਨ ਬ੍ਰਾਈਸ (ਅਜੇਤੂ 25) ਨਾਲ 8ਵੀਂ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਇਨ੍ਹਾਂ ਤੋਂ ਇਲਾਵਾ ਕਪਤਾਨ ਬੇਥ ਮੂਨੀ ਨੇ 24 ਤੇ ਐਸ਼ਲੇ ਗਾਰਡਨਰ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ਤੋਂ ਬਾਅਦ ਗੁਜਰਾਤ ਦਾ ਸਕੋਰ 11 ਓਵਰਾਂ ਤੋਂ ਬਾਅਦ 5 ਵਿਕਟਾਂ ’ਤੇ 58 ਦੌੜਾਂ ਸੀ।

ਅਮੀਲੀਆ ਕੇਰ ਨੂੰ ਉਸ ਦੇ ਆਲਰਾਊਂਡ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੈਚ ਦੇ ਨਾਲ ਸਨਮਾਨਿਤ ਕੀਤਾ ਗਿਆ। ਕੇਰ ਨੇ ਗੇਂਦਬਾਜ਼ੀ 'ਚ 17 ਦੌੜਾਂ ਦੇ ਕੇ 4 ਵਿਕਟਾਂ ਲੈਣ ਤੋਂ ਇਲਾਵਾ ਬੱਲੇਬਾਜ਼ੀ 'ਚ ਵੀ 25 ਗੇਂਦਾਂ 'ਚ 31 ਦੌੜਾਂ ਦਾ ਯੋਗਦਾਨ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੁਰਕੀ ਮਹਿਲਾ ਕੱਪ : ਭਾਰਤ ਨੇ ਹਾਂਗਕਾਂਗ ਨੂੰ 2-0 ਨਾਲ ਹਰਾਇਆ
NEXT STORY