ਰਿਆਦ (ਭਾਸ਼ਾ)- ਮੁੰਬਈ ਸਿਟੀ ਐੱਫ.ਸੀ. ਨੇ ਸੋਮਵਾਰ ਨੂੰ ਉਸ ਵੇਲੇ ਇਤਿਹਾਸ ਰਚਿਆ, ਜਦੋਂ ਉਸ ਨੇ ਇਕ ਗੋਲ ਨਾਲ ਪਛੜਨ ਦੇ ਬਾਅਦ ਮਜ਼ਬੂਤ ਵਾਪਸੀ ਕਰਦਿਆਂ ਇਰਾਕ ਦੇ ਦਿੱਗਜ ਏਅਰ ਫੋਰਸ ਕਲੱਬ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ ਅਤੇ ਸਿਖਰਲੇ ਪੱਧਰ ਦੇ ਏ.ਐੱਫ.ਸੀ. ਏਸ਼ੀਅਨ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਜਿੱਤ ਦਰਜ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਬਣਿਆ। ਗਰੁੱਪ ਬੀ ਦੇ ਮੁਕਾਬਲੇ ਵਿਚ 59ਵੇਂ ਮਿੰਟ ਵਿੱਚ ਪਛੜਨ ਤੋਂ ਬਾਅਦ ਮੁੰਬਈ ਸਿਟੀ ਦੀ ਟੀਮ ਨੇ 70ਵੇਂ ਮਿੰਟ ਵਿੱਚ ਪੈਨਲਟੀ 'ਤੇ ਡਿਏਗੋ ਮੌਰੀਸੀਓ ਦੇ ਗੋਲ ਦੀ ਬਦੌਲਤ ਬਰਾਬਰੀ ਹਾਸਲ ਕੀਤੀ।
ਪੈਨਲਟੀ ਬਾਕਸ ਵਿੱਚ ਮੌਰੀਸੀਓ ਨੂੰ ਸੁੱਟੇ ਜਾਣ ਤੋਂ ਬਾਅਦ ਪੈਨਲਟੀ ਮਿਲੀ ਸੀ। ਡਿਫੈਂਡਰ ਰਾਹੁਲ ਭੇਕੇ ਨੇ 75ਵੇਂ ਮਿੰਟ 'ਚ ਹੈਡਰ 'ਤੇ ਕਾਰਨਰ ਕਿੱਕ 'ਤੇ ਗੋਲ ਕਰਕੇ ਮੁੰਬਈ ਸਿਟੀ ਐੱਫ.ਸੀ. ਨੂੰ 2-1 ਦੀ ਬੜ੍ਹਤ ਦਿਵਾਈ, ਜੋ ਫੈਸਲਾਕੁੰਨ ਸਾਬਤ ਹੋਈ। ਮੁੰਬਈ ਸਿਟੀ ਨੇ 2020-21 ਵਿੱਚ ਇੰਡੀਅਨ ਸੁਪਰ ਲੀਗ ਸ਼ੀਲਡ ਅਤੇ ਟਰਾਫੀ ਜਿੱਤੀ ਸੀ। ਇਸ ਤੋਂ ਪਹਿਲਾਂ, ਪਹਿਲਾ ਹਾਫ ਗੋਲ ਰਹਿਤ ਬਰਾਬਰ ਰਹਿਣ ਦੇ ਬਾਅਦ ਰਿਆਦ ਦੇ ਕਿੰਗ ਫਾਹਦ ਇੰਟਰਨੈਸ਼ਨਲ ਸਟੇਡੀਅਮ ਵਿੱਚ ਬਦਲਵੇਂ ਖਿਡਾਰੀ ਹਮਾਦੀ ਅਹਿਮਦ ਨੇ 3 ਵਾਰ ਦੇ ਏ.ਐੱਫ.ਸੀ. ਕੱਪ ਚੈਂਪੀਅਨ ਏਅਰ ਫੋਰਸ ਕਲੱਬ ਨੂੰ 1-0 ਦੀ ਬੜ੍ਹਤ ਦਿਵਾਈ ਸੀ।
ਮੁੰਬਈ ਦੀ ਟੀਮ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਅਲ ਸ਼ਬਾਬ ਦੇ ਖ਼ਿਲਾਫ਼ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਤਮਵਿਸ਼ਵਾਸ ਨਾਲ ਭਰੀ ਮੁੰਬਈ ਸਿਟੀ ਦੀ ਟੀਮ ਵੀਰਵਾਰ ਨੂੰ ਯੂ.ਏ.ਈ. ਦੇ ਅਲ ਜਜ਼ੀਰਾ ਨਾਲ ਭਿੜੇਗੀ, ਜਦਕਿ ਏਅਰ ਫੋਰਸ ਕਲੱਬ ਉਸੇ ਦਿਨ ਸਾਊਦੀ ਅਰਬ ਦੇ ਅਲ ਸ਼ਬਾਬ ਐੱਫ.ਸੀ. ਦੇ ਖ਼ਿਲਾਫ਼ ਉਤਰੇਗਾ।
CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ
NEXT STORY