ਆਬੂ ਧਾਬੀ– 'ਹਿਟਮੈਨ' ਰੋਹਿਤ ਸ਼ਰਮਾ ਦੀ ਆਪਣੀਆਂ ਪੰਸਦੀਦਾ ਪੁਲ ਸ਼ਾਟਾਂ ਨਾਲ ਸਜੀ ਸ਼ਾਨਦਾਰ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ 49 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਵਿਚ ਆਪਣਾ ਖਾਤਾ ਖੋਲ੍ਹਿਆ। ਰੋਹਿਤ ਨੇ 54 ਗੇਂਦਾਂ 'ਤੇ 80 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 3 ਚੌਕੇ ਤੇ 6 ਸ਼ਾਨਦਾਰ ਛੱਕੇ ਸ਼ਾਮਲ ਹਨ। ਉਸ ਨੇ ਸੂਰਯਕੁਮਾਰ ਯਾਦਵ (6 ਚੌਕੇ ਤੇ 1 ਛੱਕੇ ਦੀ ਬਦੌਲਤ 28 ਗੇਂਦਾਂ 'ਤੇ 47 ਦੌੜਾਂ) ਨਾਲ ਦੂਜੀ ਵਿਕਟ ਲਈ 90 ਦੌੜਾਂ ਜੋੜੀਆਂ। ਮੁੰਬਈ ਨੇ ਇਨ੍ਹਾਂ ਦੋਵਾਂ ਦੇ ਮਹੱਤਵਪੂਰਨ ਯੋਗਦਾਨ ਨਾਲ 5 ਵਿਕਟਾਂ 'ਤੇ 195 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ ਕੇ. ਕੇ. ਆਰ. ਦੀ ਟੀਮ 9 ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ। ਉਸ ਵਲੋਂ ਗੇਂਦਬਾਜ਼ੀ ਵਿਚ ਅਸਫਲ ਰਹੇ ਤੇ 8ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਪੈਟ ਕਮਿੰਸ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ, ਜਿਸ ਵਿਚ ਜਸਪ੍ਰੀਤ ਬੁਮਰਾਹ (32 ਦੌੜਾਂ 'ਤੇ 2 ਵਿਕਟਾਂ) ਦੇ ਇਕ ਓਵਰ ਵਿਚ ਲਾਏ ਚਾਰ ਛੱਕੇ ਸ਼ਾਮਲ ਸਨ। ਟ੍ਰੇਂਟ ਬੋਲਟ, ਜੇਮਸ ਪੈਟਿੰਸਨ ਤੇ ਰਾਹੁਲ ਚਾਹਰ ਨੇ ਵੀ ਮੁੰਬਈ ਵਲੋਂ 2-2 ਵਿਕਟਾਂ ਹਾਸਲੀਆਂ।
ਕੇ. ਕੇ. ਆਰ. ਨੇ 2013 ਤੋਂ ਬਾਅਦ ਪਹਿਲੀ ਵਾਰ ਆਈ. ਪੀ. ਐੱਲ. ਵਿਚ ਆਪਣਾ ਪਹਿਲਾ ਮੈਚ ਗੁਆਇਆ ਜਦਕਿ ਮੁੰਬਈ ਨੇ ਯੂ. ਏ. ਈ. ਵਿਚ 6 ਹਾਰਾਂ ਤੋਂ ਬਾਅਦ ਪਹਿਲੀ ਜਿੱਤ ਦਾ ਸਵਾਦ ਚਖਿਆ। ਇਸ ਤੋਂ ਪਹਿਲਾਂ ਉਸ ਨੇ ਇੱਥੇ 2014 ਵਿਚ ਪੰਜੇ ਮੈਚ ਗੁਆਏ ਸਨ ਜਦਕਿ ਇਸ ਵਾਰ ਉਦਘਾਟਨੀ ਮੈਚ ਵਿਚ ਉਹ ਚੇਨਈ ਸੁਪਰ ਕਿੰਗਜ਼ ਹੱਥੋਂ 5 ਵਿਕਟਾਂ ਨਾਲ ਹਾਰ ਗਈ ਸੀ। ਮੁੰਬਈ ਦੀ ਇਹ ਕੇ. ਕੇ.ਆਰ. ਵਿਰੁੱਧ ਇਹ ਕੁਲ 20ਵੀਂ ਜਿੱਤ ਹੈ।
ਇਸ ਤੋਂ ਪਹਿਲਾਂ ਕੇ. ਕੇ. ਆਰ. ਦੇ ਗੇਂਦਬਾਜ਼ਾਂ ਦਾ ਗੇਂਦਾਂ 'ਤੇ ਕੰਟੋਰਲ ਨਹੀਂ ਰਿਹਾ। ਕਮਿੰਸ ਨੇ 3 ਓਵਰਾਂ ਵਿਚ 49 ਦੌੜਾਂ ਦਿੱਤੀਆਂ। ਨੌਜਵਾਨ ਸ਼ਿਵਮ ਮਾਵੀ ਨੇ ਪ੍ਰਭਾਵਿਤ ਕੀਤਾ ਤੇ 32 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਇਕ ਮੇਡਨ ਓਵਰ ਕੀਤਾ। ਸੁਨੀਲ ਨਾਰਾਇਣ ਨੇ 22 ਦੌੜਾਂ ਦੇ ਕੇ ਇਕ ਵਿਕਟ ਲਈ।
ਕੇ. ਕੇ. ਆਰ. ਨੇ ਟਾਸ ਜਿੱਤ ਕੇ ਕਮਿੰਸ ਦੀ ਬਜਾਏ ਸੰਦੀਪ ਵਾਰੀਅਰ ਤੇ ਮਾਵੀ ਤੋਂ ਗੇਂਦਬਾਜ਼ੀ ਦਾ ਆਗਾਜ਼ ਕਰਵਾਇਆ। ਵਾਰੀਅਰ ਦੇ ਪਹਿਲੇ ਓਵਰ ਵਿਚ ਰੋਹਿਤ ਨੇ ਛੱਕਾ ਲਾਇਆ ਤਾਂ ਉਸਦੇ ਦੂਜੇ ਓਵਰ ਵਿਚ ਸੂਰਯਕੁਮਾਰ ਨੇ 4 ਚੌਕੇ ਲਾਏ ਪਰ ਮਾਵੀ ਨੇ ਇਸ ਵਿਚਾਲੇ ਨਾ ਸਿਰਫ ਮੇਡਨ ਓਵਰ ਕੀਤਾ ਸਗੋਂ ਕਵਿੰਟਨ ਡੀ ਕੌਕ (1) ਨੂੰ ਹਵਾ ਵਿਚ ਲਹਿਰਾਉਂਦਾ ਹੋਇਆ ਕੈਚ ਦੇਣ ਲਈ ਮਜਬੂਰ ਵੀ ਕੀਤਾ। ਕਮਿੰਸ 5ਵੇਂ ਓਵਰ ਵਿਚ ਗੇਂਦਬਾਜ਼ੀ ਲਈ ਆਇਆ। ਉਸਦੀਆਂ ਸ਼ਾਟ ਪਿੱਚ ਗੇਂਦਾਂ 'ਤੇ ਰੋਹਿਤ ਨੇ ਪੁਲ ਸ਼ਾਟਾਂ ਦੀ ਆਪਣੀ ਮਹਾਰਤ ਦਿਖਾਈ ਤੇ ਦੋ ਛੱਕੇ ਲਾਏ। ਆਂਦ੍ਰੇ ਰਸੇਲ ਨੂੰ ਵੀ ਉਸ ਨੇ ਇਹ ਹੀ ਸਬਕ ਸਿਖਾਇਆ। ਨਾਰਾਇਣ ਵੀ ਪਹਿਲੇ ਓਵਰ ਵਿਚ ਪ੍ਰਭਾਵ ਨਹੀਂ ਛੱਡ ਸਕਿਆ ਤੇ ਅਜਿਹੇ ਵਿਚ ਕੁਲਦੀਪ ਯਾਦਵ 8ਵੇਂ ਓਵਰ ਵਿਚ ਛੇਵੇਂ ਗੇਂਦਬਾਜ਼ ਦੇ ਰੂਪ ਵਿਚ ਹਮਲੇ 'ਤੇ ਆਇਆ। ਸੂਰਯਕੁਮਾਰ ਨੇ ਉਸ 'ਤੇ ਆਪਣਾ ਪਹਿਲਾ ਛੱਕਾ ਲਾਇਆ। ਕੁਲਦੀਪ ਤੇ ਨਾਰਾਇਣ ਨੇ ਇੱਥੋਂ ਰੋਕ ਲਾਈ। ਅਗਲੇ ਚਾਰ ਓਵਰਾਂ ਵਿਚ ਗੇਂਦ ਬਾਊਂਡਰੀ ਲਾਈਨ ਤਕ ਨਹੀਂ ਗਈ ਤੇ ਇਸ ਵਿਚਾਲੇ ਸੂਰਯਕੁਮਾਰ ਦੂਜੀ ਦੌੜ ਲੈਣ ਦੇ ਚੱਕਰ ਵਿਚ ਰਨ ਆਊਟ ਹੋ ਗਿਆ। ਕਮਿੰਸ ਦੇ ਦੂਜੇ ਸਪੈੱਲ ਵਿਚ ਛੱਕਾ ਲਾਉਣ ਵਾਲੇ ਸੌਰਭ ਤਿਵਾੜੀ (21) ਨੇ ਨਾਰਾਇਣ ਦੀ ਗੇਂਦ 'ਤੇ ਲਾਂਗ ਆਫ 'ਤੇ ਆਸਾਨ ਕੈਚ ਦੇ ਦਿੱਤਾ। ਨਾਰਾਇਣ ਨੇ ਆਪਣੇ ਆਖਰੀ ਓਵਰ ਵਿਚ ਸਿਰਫ 11 ਦੌੜਾਂ ਦਿੱਤੀਆਂ ਪਰ ਕਮਿੰਸ ਦਾ ਆਪਣੀਆਂ ਗੇਂਦਾਂ 'ਤੇ ਕੰਟੋਰਲ ਨਹੀਂ ਸੀ। ਹਾਰਦਿਕ ਨੇ ਉਸ 'ਤੇ ਦੋ ਚੌਕੇ ਤੇ 3 ਛੱਕੇ ਲਾਏ। ਦਿਨੇਸ਼ ਕਾਰਤਿਕ ਨੂੰ ਉਸਦੀ ਜਗ੍ਹਾ ਰਸੇਲ ਨੂੰ ਗੇਂਦ ਸੌਂਪਣੀ ਪਈ ਪਰ ਇਸ ਵਿਚਾਲੇ ਰੋਹਿਤ ਨੇ ਮਾਵੀ ਦੀ ਗੇਂਦ 'ਤੇ ਹਵਾ ਵਿਚ ਲਹਿਰਾਉਂਦਾ ਹੋਇਆ ਕੈਚ ਦੇ ਦਿੱਤਾ। ਹਾਰਦਿਕ ਹਿਟ ਵਿਕਟ ਆਊਟ ਹੋਇਆ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ (ਕਪਤਾਨ), ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ,ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਚੇਨੱਈ ਸੁਪਰ ਕਿੰਗਜ਼ ਦੀ ਹਾਰ 'ਤੇ ਬੋਲੇ ਗੌਤਮ ਗੰਭੀਰ, ਕਿਹਾ-ਮੈਨੂੰ ਹਜ਼ਮ ਨਹੀਂ ਹੋਇਆ ਧੋਨੀ ਦਾ ਇਹ ਫ਼ੈਸਲਾ
NEXT STORY