ਸਾਓ ਪਾਓਲੋ— ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਆਪਣੇ 'ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਨੇਮਾਰ 'ਤੇ ਇਕ ਮਹਿਲਾ ਨੇ ਦੋਸ਼ ਲਾਇਆ ਹੈ ਕਿ ਫੁੱਟਬਾਲਰ ਨੇ ਪੈਰਿਸ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਪੁਲਸ ਰਿਪੋਰਟ ਮੁਤਾਬਕ ਮਹਿਲਾ ਨੇ ਸਾਓ ਪਾਓਲੋ ਵਿਚ ਰਿਪੋਰਟ ਦਰਜ ਕਰਵਾਈ ਹੈ। ਇਸ 'ਚ ਕਿਹਾ ਗਿਆ ਹੈ ਕਿ ਨੇਮਾਰ ਨੇ ਉਸ ਸਮੇਂ ਉਸ ਨਾਲ ਪੈਰਿਸ ਦੇ ਹੋਟਲ ਵਿਚ ਜਬਰ-ਜ਼ਨਾਹ ਕੀਤਾ ਸੀ, ਜਦੋਂ ਨੇਮਾਰ ਪੈਰਿਸ ਸੇਂਟ ਜਰਮਨ ਲਈ ਖੇਡਣ ਆਇਆ ਸੀ। ਹਾਲਾਂਕਿ ਨੇਮਾਰ ਦੀ ਮੈਨੇਜਮੈਂਟ ਨੇ ਬਿਆਨ ਜਾਰੀ ਕਰ ਕੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਨੇਮਾਰ ਇਸ ਸਮੇਂ ਬ੍ਰਾਜ਼ੀਲ 'ਚ ਹੈ। ਆਪਣੀ ਰਾਸ਼ਟਰੀ ਟੀਮ ਨਾਲ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਲਈ ਟ੍ਰੇਨਿੰਗ ਕਰ ਰਿਹਾ ਹੈ। ਪੁਲਸ ਮੁਤਾਬਕ ਪੀੜਤ ਔਰਤ ਨੇ ਦੱਸਿਆ ਕਿ ਨੇਮਾਰ ਨਾਲ ਉਸ ਦੀ ਦੋਸਤੀ ਇੰਸਟਾਗ੍ਰਾਮ ਜ਼ਰੀਏ ਹੋਈ ਸੀ। ਉਸ ਨੇ ਉਸ ਨੂੰ ਪੈਰਿਸ ਵਿਚ ਮਿਲਣ ਲਈ ਕਿਹਾ ਸੀ। ਉਸ ਨੇ ਹੀ ਬ੍ਰਾਜ਼ੀਲ ਤੋਂ ਪੈਰਿਸ ਦੀ ਹਵਾਈ ਜਹਾਜ਼ ਦੀ ਟਿਕਟ ਅਤੇ ਇਕ ਹੋਟਲ ਦਾ ਕਮਰਾ ਬੁੱਕ ਕਰਾਇਆ ਸੀ।
ਮਹਿਲਾ ਨੇ ਦੋਸ਼ ਲਾਇਆ ਕਿ 15 ਮਈ ਨੂੰ ਜਦੋਂ ਨੇਮਾਰ ਹੋਟਲ ਵਿਚ ਆਇਆ, ਉਦੋਂ ਉਹ ਨਸ਼ੇ 'ਚ ਸੀ। ਪੁਲਸ ਦੀ ਰਿਪੋਰਟ ਅਨੁਸਾਰ ਗੱਲਬਾਤ ਦੌਰਾਨ ਨੇਮਾਰ ਇਕ ਸਮੇਂ ਕਾਫੀ ਹਮਲਾਵਰ ਹੋ ਗਿਆ ਅਤੇ ਪੀੜਤਾ ਦੀ ਇੱਛਾ ਵਿਰੁੱਧ ਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਹਾਲਾਂਕਿ ਮਹਿਲਾ 3 ਦਿਨ ਬਾਅਦ ਫਰਾਂਸ ਦੀ ਪੁਲਸ ਨੂੰ ਇਸ ਬਾਰੇ ਦੱਸੇ ਬਿਨਾਂ ਬ੍ਰਾਜ਼ੀਲ ਪਰਤ ਆਈ ਕਿਉਂਕਿ ਉਹ ਮਾਨਸਿਕ ਤੌਰ 'ਤੇ ਕਾਫੀ ਪ੍ਰਸ਼ਾਨ ਸੀ। ਦੂਜੇ ਦੇਸ਼ ਵਿਚ ਉਹ ਰਿਪੋਰਟ ਦਰਜ ਕਰਾਉਣ ਵਿਚ ਝਿਜਕ ਮਹਿਸੂਸ ਕਰ ਰਹੀ ਸੀ।
ਨੇਮਾਰ ਦੀ ਮੈਨੇਜਮੈਂਟ ਨੇ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਬੇਬੁਨਿਆਦ ਦੋਸ਼ਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੇ ਹਾਂ। ਇਸ ਦੌਰਾਨ ਨੇਮਾਰ ਦੇ ਪਿਤਾ ਨੇਮਾਰ ਦੋਸ ਸੰਤੋਸ ਨੇ ਕਿਹਾ ਕਿ ਇਹ ਸਾਫ ਹੈ ਕਿ ਇਹ ਇਕ ਜਾਲ ਸੀ। ਜੇਕਰ ਜਨਤਾ ਦੇ ਮਨ ਵਿਚ ਕਿਸੇ ਤਰ੍ਹਾਂ ਦੇ ਸਵਾਲ ਹੋਣਗੇ ਅਤੇ ਅਸੀਂ ਸੱਚ ਨੂੰ ਸਾਹਮਣੇ ਨਹੀਂ ਲਿਆਵਾਂਗੇ ਤਾਂ ਮਾਮਲਾ ਹੋਰ ਉਲਝੇਗਾ। ਜੇਕਰ ਅਸੀਂ ਨੇਮਾਰ ਅਤੇ ਉਸ ਮਹਿਲਾ ਵਿਚਾਲੇ ਵ੍ਹਟਸਐਪ ਚੈਟ ਨੂੰ ਜਨਤਕ ਕਰਨਾ ਪਵੇਗਾ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ।
ਭਾਰਤ-ਏ ਜਿੱਤ ਦੇ ਕੰਢੇ 'ਤੇ
NEXT STORY