ਰਾਜਕੋਟ— ਓਪਨਰ ਕੌਲਿਨ ਮੁਨਰੋ ਦੀਆਂ ਸਿਰਫ 58 ਗੇਂਦਾਂ 'ਤੇ ਬਣਾਈਆਂ ਗਈਆਂ ਅਜੇਤੂ 109 ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਸ਼ਨੀਵਾਰ 40 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ ਵਾਪਸੀ ਕੀਤੀ
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 2 ਵਿਕਟਾਂ 'ਤੇ 196 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਭਾਰਤੀ ਟੀਮ 20 ਓਵਰਾਂ ਵਿਚ 7 ਵਿਕਟਾਂ 'ਤੇ 156 ਦੌੜਾਂ ਹੀ ਬਣਾ ਸਕੀ।
ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ। ਤੀਜਾ ਤੇ ਆਖਰੀ ਮੈਚ ਸੱਤ ਨਵੰਬਰ ਨੂੰ ਤਿਰੂਆਨੰਤਪੁਰਮ ਵਿਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਦੀ ਜਿੱਤ ਦਾ ਸੂਤਰਧਾਰ ਮੁਨਰੋ ਰਿਹਾ ਜਦਕਿ ਬਾਅਦ ਵਿਚ ਟ੍ਰੇਂਟ ਬੋਲਟ ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਵੀ ਉਸਦਾ ਪੂਰਾ ਸਾਥ ਦਿੱਤਾ।
ਭਾਰਤ ਵਲੋਂ ਸਿਰਫ ਕਪਤਾਨ ਵਿਰਾਟ ਕੋਹਲੀ (65) ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (49) ਹੀ ਸਬਰ ਨਾਲ ਖੇਡ ਸਕੇ ਜਦਕਿ ਬਾਕੀ ਦੇ ਸਾਰੇ ਬੱਲੇਬਾਜ਼ਾਂ ਨੇ ਪ੍ਰਸ਼ੰਸਕਾ ਨੂੰ ਨਿਰਾਸ਼ ਕੀਤਾ।
ਇਸ ਤੋਂ ਪਹਿਲਾਂ ਮੁਨਰੋ ਨੇ ਟੀ-20 ਵਿਚ ਆਪਣਾ ਦੂਜਾ ਸੈਂਕੜਾ ਬਣਾਇਆ ਤੇ ਨਾਲ ਹੀ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾ ਲਿਆ। ਮੁਨਰੋ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਰੁੱਧ 101 ਦੌੜਾਂ ਬਣਾਈਆਂ ਸਨ। ਇੱਥੇ ਉਸ ਨੇ 58 ਗੇਂਦਾਂ 'ਤੇ ਅਜੇਤੂ 109 ਦੌੜਾਂ ਵਿਚ 7 ਚੌਕੇ ਤੇ 7 ਹੀ ਛੱਕੇ ਲਾਏ। ਮੁਨਰੋ ਨੇ ਇਸ ਤਰ੍ਹਾਂ ਇਸ ਸਾਲ ਆਪਣਾ ਦੂਜਾ ਟੀ-20 ਸੈਂਕੜਾ ਬਣਾਇਆ ਤੇ ਟੀ-20 ਵਿਚ ਉਹ ਦੋ ਜਾਂ ਉਸ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣ ਗਿਆ।
ਕੀਵੀ ਓਪਨਰ ਨੇ ਮਾਰਟਿਨ ਗੁਪਟਿਲ(45) ਨਾਲ ਪਹਿਲੀ ਵਿਕਟ ਲਈ 11.1 ਓਵਰਾਂ ਵਿਚ 105 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਉਸ ਨੇ ਕਪਤਾਨ ਕੇਨ ਵਿਲੀਅਮਸਨ (12) ਨਾਲ ਦੂਜੀ ਵਿਕਟ ਲਈ 35 ਦੌੜਾਂ ਜੋੜੀਆਂ। ਮੁਨਰੋ ਨੇ ਫਿਰ ਟਾਮ ਬਰੂਸ ਨਾਲ ਤੀਜੀ ਵਿਕਟ ਲਈ ਸਿਰਫ 5.4 ਓਵਰਾਂ ਵਿਚ 56 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਵਿਚ ਬਰੂਸ ਦਾ ਸਿਰਫ ਯੋਗਦਾਨ 18 ਦੌੜਾਂ ਸੀ।
ਨਿਊਜ਼ੀਲੈਂਡ ਨੇ ਆਖਰੀ ਪੰਜ ਓਵਰਾਂ ਵਿਚ 49 ਦੌੜਾਂ ਬਣਾਈਆਂ। ਇਸ ਮੈਚ ਵਿਚ ਭਾਰਤੀ ਫੀਲਡਿੰਗ ਕਾਫੀ ਖਰਾਬ ਰਹੀ ਤੇ ਖਿਡਾਰੀਆਂ ਨੇ ਕੁਝ ਕੈਚ ਵੀ ਛੱਡੇ। ਮੁਨਰੋ ਨੇ ਛੇ ਓਵਰਾਂ ਦੇ ਪਾਵਰਪਲੇਅ ਵਿਚ ਸ਼ਾਂਤ ਰਹਿਣ ਤੋਂ ਬਾਅਦ ਆਪਣੇ ਹੱਥ ਖੋਲੇ ਤੇ ਅੱਠਵੇਂ ਓਵਰ ਵਿਚ ਡੈਬਿਊ ਮੈਚ ਖੇਡ ਰਹੇ ਮੁਹੰਮਦ ਸਿਰਾਜ 'ਤੇ 2 ਛੱਕੇ ਲਾਏ। ਮੁਨਰੋ ਨੇ ਫਿਰ ਅਕਸ਼ਰ ਪਟੇਲ 'ਤੇ 11ਵੇਂ ਓਵਰ ਵਿਚ ਦੋ ਛੱਕੇ ਲਾਏ ਤੇ ਇਸ ਦੇ ਨਾਲ ਹੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ।
ਉਸ ਨੇ ਪਟੇਲ ਤੇ ਹਾਰਦਿਕ ਪੰਡਯਾ 'ਤੇ ਫਿਰ ਇਕ-ਇਕ ਛੱਕਾ ਲਾਇਆ। ਮੁਨਰੋ ਨੂੰ 16ਵੇਂ ਓਵਰ ਵਿਚ ਭੁਵਨੇਸ਼ਵਰ ਕੁਮਾਰ ਦੀ ਪਹਿਲੀ ਗੇਂਦ 'ਤੇ ਯੁਜਵੇਂਦਰ ਚਾਹਲ ਨੇ ਜੀਵਨਦਾਨ ਦਿੱਤਾ। ਉਸ ਸਮੇਂ ਮੁਨਰੋ 79 ਦੌੜਾਂ 'ਤੇ ਸੀ। ਇਸ ਜੀਵਨਦਾਨ ਦਾ ਫਾਇਦਾ ਚੁੱਕ ਕੇ ਉਸ ਨੇ 19ਵੇਂ ਓਵਰ ਵਿਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ।
ਓਪਨਰ ਮਾਰਟਿਨ ਗੁਪਟਿਲ ਨੂੰ ਚਾਹਲ ਨੇ ਪੰਡਯਾ ਹੱਥੋਂ ਕੈਚ ਕਰਾਇਆ। ਗੁਪਟਿਲ ਨੇ 41 ਗੇਂਦਾਂ 'ਤੇ 45 ਦੌੜਾਂ ਵਿਚ ਤਿੰਨ ਚੌਕੇ ਤੇ ਤਿੰਨ ਛੱਕੇ ਲਾਏ। ਸਿਰਾਜ ਨੇ ਵਿਲੀਅਮਸਨ ਨੂੰ ਆਊਟ ਕਰ ਕੇ ਆਪਣੀ ਪਹਿਲੀ ਕੌਮਾਂਤਰੀ ਵਿਕਟ ਲਈ ਪਰ ਨਾਲ ਹੀ ਉਹ ਕਾਫੀ ਮਹਿੰਗਾ ਵੀ ਸਾਬਤ ਹੋਇਆ। ਉਸ ਨੇ 4 ਓਵਰਾਂ ਵਿਚ 53 ਦੌੜਾਂ ਦਿੱਤੀਆਂ। ਸਿਰਾਜ ਟੀ-20 ਡੈਬਿਊ ਵਿਚ ਤੀਜਾ ਸਭ ਤੋਂ ਮਹਿੰਗਾ ਗੇਂਦਬਾਜ਼ ਬਣ ਗਿਆ ਹੈ। ਚਾਹਲ ਨੂੰ 36 ਦੌੜਾਂ 'ਤੇ ਇਕ ਵਿਕਟ ਮਿਲੀ।
ਵੈਸਟਇੰਡੀਜ਼ ਦੇ ਇਸ ਸਾਬਕਾ ਕ੍ਰਿਕਟਰ ਨੇ ਕੀਤਾ ਇੰਗਲੈਂਡ ਦੇ ਕਾਊਂਟੀ ਕਲੱਬ ਨਾਲ ਕਰਾਰ
NEXT STORY