ਨਵੀਂ ਦਿੱਲੀ, (ਬਿਊਰੋ)— ਦੱਖਣੀ ਅਫਰੀਕਾ ਦੇ ਸਾਬਕਾ ਹਰਫਨਮੌਲਾ ਲਾਂਸ ਕਲੂਜ਼ਨਰ ਨੇ ਕਿਹਾ ਕਿ ਹਾਰਦਿਕ ਪੰਡਯਾ ਭਾਰਤ ਲਈ ਚੰਗੇ ਹਰਫਨਮੌਲਾ ਖਿਡਾਰੀ ਸਾਬਤ ਹੋ ਸਕਦੇ ਹਨ। ਹਾਰਦਿਕ ਪੰਡਯਾ ਨੇ ਪਹਿਲੇ ਟੈਸਟ ਵਿੱਚ 95 ਗੇਂਦਾਂ ਵਿੱਚ 93 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਵਿੱਚ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਕਲੂਜ਼ਨਰ ਨੇ ਪੱਤਰਕਾਰਾਂ ਨੂੰ ਕਿਹਾ, ਭਾਰਤ ਦੀ ਪਹਿਲੀ ਪਾਰੀ ਵਿੱਚ ਉਸ ਦੀ ਬੱਲੇਬਾਜ਼ੀ ਚੰਗੀ ਸੀ। ਉਸ ਨੇ ਟੀਮ ਨੂੰ ਦਬਾਅ ਤੋਂ ਬਾਹਰ ਕੱਢਕੇ ਦੱਖਣੀ ਅਫਰੀਕਾ ਉੱਤੇ ਦਬਾਅ ਬਣਾਇਆ। ਉਹ ਹੁਣੇ ਸਿੱਖ ਰਿਹਾ ਹੈ ਅਤੇ ਜੇਕਰ ਉਹ ਆਪਣੀ ਗੇਂਦਬਾਜ਼ੀ ਵਿੱਚ ਰਫਤਾਰ ਸ਼ਾਮਿਲ ਕਰ ਲਵੇ, ਤਾਂ ਪਹਿਲੇ ਦਰਜੇ ਦਾ ਹਰਫਨਮੌਲਾ ਬਣ ਸਕਦਾ ਹੈ। ਪੰਡਯਾ ਆਪਣੇ ਇਸ ਛੋਟੇ ਕਰੀਅਰ ਵਿੱਚ ਹੀ ਟੀਮ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਸੀਮਿਤ ਓਵਰਾਂ ਦੇ ਕਰਿਕਟ 'ਚ ਉਸ ਦਾ ਰਿਕਾਰਡ ਬੱਲੇ ਅਤੇ ਗੇਂਦ ਦੋਨਾਂ ਤੋਂ ਸ਼ਾਨਦਾਰ ਹੈ।
ਕਲੂਜ਼ਨਰ ਨੇ ਕਿਹਾ, 'ਉਹ ਭਵਿੱਖ ਵਿੱਚ ਸ਼ਾਨਦਾਰ ਹਰਫਨਮੌਲਾ ਸਾਬਤ ਹੋਵੇਗਾ। ਕਈ ਮੌਕਿਆਂ 'ਤੇ ਅਸਫਲਤਾ ਵੀ ਮਿਲੇਗੀ, ਪਰ ਉਸ ਨੂੰ ਸਕਾਰਾਤਮਕ ਸੋਚ ਦੇ ਨਾਲ ਹੌਸਲਾ ਆਫਜ਼ਾਈ ਦੀ ਜ਼ਰੂਰਤ ਹੈ।' ਉਨ੍ਹਾਂ ਨੇ ਕਿਹਾ, 'ਉਹ ਆਈ.ਪੀ.ਐੱਲ ਵਿੱਚ ਮੁੰਬਈ ਇੰਡੀਅਨਸ ਲਈ ਖੇਡੇ ਜਾਂ ਭਾਰਤੀ ਟੀਮ ਦੇ ਲਈ, ਉਸ ਕੋਲ ਚੰਗੇ ਲੋਕ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਉਸਦੀ ਪ੍ਰਤਿਭਾ ਨੂੰ ਤਰਾਸ਼ਣ।' ਭਾਰਤ ਨੇ ਟੈਸਟ ਸੀਰੀਜ਼ ਤੋਂ ਪਹਿਲਾਂ ਇਕਮਾਤਰ ਅਭਿਆਸ ਮੈਚ ਵੀ ਨਹੀਂ ਖੇਡਿਆ ਅਤੇ ਕਲੂਜ਼ਨਰ ਇਸ ਦੇ ਹਿਮਾਇਤੀ ਨਹੀਂ ਹਨ।
ਉਨ੍ਹਾਂ ਨੇ ਕਿਹਾ, ਅਭਿਆਸ ਮੈਚ ਖੇਡਣਾ ਹਮੇਸ਼ਾ ਚੰਗਾ ਹੁੰਦਾ ਹੈ। ਜੇਕਰ ਭਾਰਤੀ ਟੀਮ ਉਪ ਮਹਾਦੀਪ ਦੇ ਦੌਰੇ ਉੱਤੇ ਹੁੰਦੀ, ਤਾਂ ਅਭਿਆਸ ਮੈਚ ਨਹੀਂ ਖੇਡਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਦੱਖਣੀ ਅਫਰੀਕਾ ਵਿੱਚ ਖੇਡਣ ਤੋਂ ਪਹਿਲਾਂ ਅਭਿਆਸ ਮੈਚ ਨਾਲ ਖੁਦ ਨੂੰ ਹਾਲਾਤਾਂ ਦੇ ਮੁਤਾਬਕ ਢਾਲਣ ਵਿੱਚ ਮਦਦ ਮਿਲਦੀ ਹੈ।
PM ਮੋਦੀ ਨੇ ਆਂਚਲ ਠਾਕੁਰ ਨੂੰ ਇਤਿਹਾਸਕ ਉਪਲਬਧੀ 'ਤੇ ਦਿੱਤੀ ਵਧਾਈ
NEXT STORY