ਸਿਡਨੀ- ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਖੇਡੇ ਗਏ ਅਭਿਆਸ ਮੈਚ 'ਚ ਹਮਲਾਵਰ ਸੈਂਕੜਾ ਲਾ ਕੇ ਆਸਟਰੇਲੀਆ ਖਿਲਾਫ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਲਈ ਉਸ ਦਾ ਆਤਮਵਿਸ਼ਵਾਸ ਵਧਿਆ ਹੈ। ਇਸ ਸਾਲ ਯੂ. ਏ. ਈ. 'ਚ ਆਈ. ਪੀ. ਐੱਲ. 'ਚ ਫਾਰਮ ਅਤੇ ਫਿੱਟਨੈੱਸ ਲਈ ਜੂੰਝਦੇ ਰਹੇ ਪੰਤ ਨੇ ਆਸਟਰੇਲੀਆ-ਏ ਖਿਲਾਫ ਅਭਿਆਸ ਮੈਚ 'ਚ 73 ਗੇਂਦਾਂ 'ਚ 103 ਦੌੜਾਂ ਬਣਾਈਆਂ ਸਨ। ਭਾਰਤ ਨੂੰ ਹੁਣ ਏਡੀਲੇਡ 'ਚ ਦਿਨ-ਰਾਤ ਦੇ ਟੈਸਟ ਲਈ ਵਿਕਟਕੀਪਰ ਦੇ ਤੌਰ 'ਤੇ ਪੰਤ ਅਤੇ ਰਿਧੀਮਾਨ ਸਾਹਾ 'ਚੋਂ ਇਕ ਨੂੰ ਚੁਣਨਾ ਹੋਵੇਗਾ।
ਪੰਤ ਨੇ ਕਿਹਾ ਕਿ ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਕਾਫੀ ਓਵਰ ਸਨ। ਹਨੁਮਾ ਵਿਹਾਰੀ ਅਤੇ ਮੈਂ ਵਧੀਆ ਸਾਂਝੇਦਾਰੀ ਬਣਾਉਣਾ ਚਾਹੁੰਦੇ ਸੀ ਅਤੇ ਦੇਰ ਰਾਤ ਤਕ ਟਿੱਕ ਕੇ ਖੇਡਣਾ ਚਾਹੁੰਦੇ ਸੀ। ਮੈਂ ਹੌਲੀ-ਹੌਲੀ ਆਤਮਵਿਸ਼ਵਾਸ ਹਾਸਲ ਕਰ ਲਿਆ।
ਉਸ ਨੇ ਕਿਹਾ ਕਿ ਇਸ ਸੈਂਕੜੇ ਨਾਲ ਆਤਮਵਿਸ਼ਵਾਸ ਕਾਫੀ ਵਧਿਆ ਹੈ। ਮੈਂ ਇਕ ਮਹੀਨੇ ਤੋਂ ਆਸਟਰੇਲੀਆ 'ਚ ਹਾਂ ਪਰ ਗਲੇ 'ਚ ਆਕੜ ਕਾਰਣ ਪਹਿਲਾ ਅਭਿਆਸ ਮੈਚ ਨਹੀਂ ਖੇਡ ਸਕਿਆ ਸੀ। ਪਹਿਲੀ ਪਾਰੀ 'ਚ ਬਦਕਿਸਮਤ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਐੈੱਲ. ਬੀ. ਡਬਲਯੂ. ਆਊਟ ਨਹੀਂ ਸੀ। ਦੂਜੀ ਪਾਰੀ 'ਚ ਲੰਮਾ ਖੇਡਣ ਦੇ ਇਰਾਦੇ ਨਾਲ ਹੀ ਉਤਰਿਆ ਸੀ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਪੰਤ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਅਭਿਆਸ ਮੈਚ ਖੇਡਣਾ ਜ਼ਰੂਰੀ ਸੀ। ਉਸ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਬੱਲੇਬਾਜ਼ਾਂ ਨੂੰ ਵਧੀਆ ਅਭਿਆਸ ਮਿਲ ਗਿਆ। ਸਾਰਿਆਂ ਦਾ ਪ੍ਰਦਰਸ਼ਨ ਵਧੀਆ ਰਿਹਾ ਅਤੇ ਇਹ ਅਭਿਆਸ ਵਾਕਿਆ ਹੀ ਜ਼ਰੂਰੀ ਸੀ। ਦੁਧੀਆ ਰੌਸ਼ਨੀ 'ਚ ਖੇਡਣਾ ਥੋੜਾ ਮੁਸ਼ਕਿਲ ਹੁੰਦਾ ਹੈ।
ਨੋਟ- ਗੁਲਾਬੀ ਗੇਂਦ ਨਾਲ ਅਭਿਆਸ ਮੈਚ 'ਚ ਸੈਂਕੜਾ ਲਾ ਕੇ ਆਤਮਵਿਸ਼ਵਾਸ ਵਧਿਆ : ਪੰਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਲਿਵਰਪੂਲ ਦੇ ਸਾਬਕਾ ਕੋਚ ਹੋਲੀਅਰ ਦਾ ਦਿਹਾਂਤ
NEXT STORY