ਜੈਪੁਰ— ਆਪਣੇ ਪਿਛਲੇ ਮੁਕਾਬਲਿਆਂ ਵਿਚ 200 ਦਾ ਸਕੋਰ ਖੜ੍ਹਾ ਕਰ ਕੇ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਰਾਜਸਥਾਨ ਰਾਇਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਵਿਚਾਲੇ ਬੁੱਧਵਾਰ ਨੂੰ ਇੱਥੇ ਆਈ. ਪੀ. ਐੱਲ.-11 ਦੇ 15ਵੇਂ ਮੈਚ ਵਿਚ ਧਮਾਕੇਦਾਰ ਟੱਕਰ ਹੋਵੇਗੀ।
ਰਾਜਸਥਾਨ ਨੇ ਰਾਇਲ ਚੈਲੰਜਰ ਬੈਂਗਲੁਰੂ ਵਿਰੁੱਧ ਬੈਂਗਲੁਰੂ ਵਿਚ 4 ਵਿਕਟਾਂ 'ਤੇ 217 ਦੌੜਾਂ ਦਾ ਸਕੋਰ ਬਣਾਉਣ ਤੋਂ ਬਾਅਦ 19 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਕੋਲਕਾਤਾ ਨੇ ਆਪਣੇ ਘਰੇਲੂ ਈਡਨ ਗਾਰਡਨ ਮੈਦਾਨ ਵਿਚ 9 ਵਿਕਟਾਂ 'ਤੇ 200 ਦੌੜਾਂ ਬਣਾਉਣ ਤੋਂ ਬਾਅਦ ਦਿੱਲੀ ਡੇਅਰਡੇਵਿਲਜ਼ ਨੂੰ 71 ਦੌੜਾਂ ਨਾਲ ਹਰਾਇਆ ਸੀ।
ਕੋਲਕਾਤਾ ਨੇ ਹੁਣ ਤਕ 4 ਮੈਚਾਂ ਵਿਚੋਂ 2 ਮੈਚ ਜਿੱਤੇ ਹਨ ਤੇ ਦੋ ਮੈਚ ਹਾਰੇ ਹਨ ਜਦਕਿ ਰਾਜਸਥਾਨ ਨੇ 3 ਮੈਚਾਂ ਵਿਚੋਂ 2 ਮੈਚ ਜਿੱਤੇ ਹਨ ਤੇ ਇਕ ਮੈਚ ਹਾਰਿਆ ਹੈ। ਦੋਵਾਂ ਵਿਚਾਲੇ ਇਸ ਮੁਕਾਬਲੇ ਵਿਚ ਜ਼ਬਰਦਸਤ ਟੱਕਰ ਹੋਣ ਦੀ ਪੂਰੀ ਉਮੀਦ ਹੈ ਕਿਉਂਕਿ ਦੋਵੇਂ ਹੀ ਟੀਮਾਂ ਸ਼ਾਨਦਾਰ ਫਾਰਮ ਵਿਚ ਦਿਖਾਈ ਦੇ ਰਹੀਆਂ ਹਨ। ਰਾਜਸਥਾਨ ਦਾ ਕਪਤਾਨ ਅਜਿੰਕਯ ਰਹਾਨੇ ਤੇ ਕੋਲਕਾਤਾ ਦਾ ਕਪਤਾਨ ਦਿਨੇਸ਼ ਕਾਰਤਿਕ ਇਕ ਹੋਰ ਜਿੱਤ ਹਾਸਲ ਕਰਨ ਤੇ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਲਈ ਬੇਤਾਬ ਹੋਣਗੇ।
ਰਾਜਸਥਾਨ ਨੇ ਆਪਣੇ ਪਿਛਲੇ ਮੈਚ ਵਿਚ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਦੀ 10 ਛੱਕਿਆਂ ਨਾਲ ਸਜੀ ਅਜੇਤੂ 92 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਸਿਤਾਰਿਆਂ ਨਾਲ ਸਜੀ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 19 ਦੌੜਾਂ ਨਾਲ ਹਰਾਇਆ ਸੀ। ਸੰਜੂ ਨੇ ਸਿਰਫ 45 ਗੇਂਦਾਂ 'ਤੇ 2 ਚੌਕਿਆਂ ਤੇ 10 ਛੱਕਿਆਂ ਨਾਲ ਤੂਫਾਨੀ ਅਜੇਤੂ 92 ਦੌੜਾਂ ਬਣਾਈਆਂ ਸਨ। ਕੋਲਕਾਤਾ ਨੇ ਵੀ ਆਪਣੇ ਪਿਛਲੇ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕੋਲਕਾਤਾ ਟੀਮ ਵਿਚ ਸ਼ਾਮਲ ਦਿੱਲੀ ਦੇ ਨਿਤੀਸ਼ ਰਾਣਾ ਨੇ ਸਿਰਫ 35 ਗੇਂਦਾਂ 'ਤੇ 5 ਚੌਕਿਆਂ ਤੇ 4 ਛੱਕਿਆਂ ਨਾਲ ਸਭ ਤੋਂ ਵੱਧ 59 ਦੌੜਾਂ, ਕੈਰੇਬੀਆਈ ਧਮਾਕੇਦਾਰ ਆਂਦ੍ਰੇ ਰਸੇਲ ਨੇ 12 ਗੇਂਦਾਂ 'ਤੇ 6 ਛੱਕੇ ਲਾਉਂਦਿਆਂ 41 ਦੌੜਾਂ, ਓਪਨਰ ਕ੍ਰਿਸ ਲਿਨ ਨੇ 29 ਗੇਂਦਾਂ ਵਿਚ 4 ਚੌਕਿਆਂ ਤੇ ਇਕ ਛੱਕੇ ਦੇ ਸਹਾਰੇ 31 ਦੌੜਾਂ ਤੇ ਰੌਬਿਨ ਉਥੱਪਾ ਨੇ 19 ਗੇਂਦਾਂ ਵਿਚ 2 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ।
ਇਸ ਮੈਚ ਵਿਚ ਦੋਵੇਂ ਟੀਮਾਂ ਦੇ ਬੱਲੇਬਾਜ਼ਾਂ ਵਿਚਾਲੇ ਧਮਾਕੇਦਾਰ ਮੁਕਾਬਲਾ ਹੋਵੇਗਾ ਤੇ ਜਿਹੜੀ ਟੀਮ ਇਕ ਦੂਜੇ ਦੇ ਬੱਲੇਬਾਜ਼ਾਂ 'ਤੇ ਲਗਾਮ ਲਾਉਣ ਵਿਚ ਕਾਮਯਾਬ ਹੋਵੇਗੀ, ਜਿੱਤ ਦਾ ਹਾਰ ਉਸ ਦੇ ਗਲੇ ਵਿਚ ਪਵੇਗਾ।
ਕੋਹਲੀ ਨੂੰ ਵੱਡੀ ਹਾਰ ਦੇਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਦਿੱਤਾ ਬਿਆਨ
NEXT STORY