ਜੋਹਾਨਿਸਬਰਗ- ਕ੍ਰਿਕਟ ਦੱਖਣੀ ਅਫਰੀਕਾ ਨੇ ਰਾਸ਼ਟਰੀ ਕੋਚ ਮਾਰਕ ਬਾਊਚਰ ਖ਼ਿਲਾਫ਼ ਨਸਲਵਾਦ ਸਮੇਤ ਦੁਰਵਿਵਹਾਰ ਦੇ ਸਾਰੇ ਦੋਸ਼ ਵਾਪਸ ਲੈ ਲਏ ਹਨ। ਇਕ ਹਫ਼ਤੇ ਬਾਅਦ ਹੀ ਬਾਊਚਰ ਨੂੰ ਅਨੁਸ਼ਾਸਨੀ ਕਾਰਵਾਈ 'ਚ ਆਪਣਾ ਪੱਖ ਰਖਣਾ ਸੀ। ਸਾਬਕਾ ਵਿਕਟਕੀਪਰ ਬੱਲੇਬਾਜ਼ ਬਾਊਚਰ 'ਤੇ ਨਸਲਵਾਦੀ ਵਿਵਹਾਰ ਦਾ ਇਲਜ਼ਾਮ ਲਾਇਆ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੋਚ ਦੇ ਅਹੁਦੇ ਤੋਂ ਵੀ ਹਟਾਇਆ ਜਾ ਸਕਦਾ ਸੀ।
ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਪਾਲ ਐਡਮਸ ਨੇ ਉਨ੍ਹਾਂ 'ਤੇ ਟੀਮ ਬੈਠਕਾਂ ਦੇ ਦੌਰਾਨ ਤੇ ਮੈਚ ਦੇ ਬਾਅਦ ਨਸਲਵਾਦੀ ਸ਼ਬਦਾਂ ਵਾਲੇ ਗੀਤ ਗਾਉਣ ਦਾ ਦੋਸ਼ ਲਾਇਆ ਸੀ। ਸੀ. ਐੱਸ. ਏ. ਨੇ ਕਿਹਾ ਕਿ ਐਡਮਸ ਤੇ ਦੱਖਣੀ ਅਫਰੀਕਾ ਦੇ ਸਾਬਕਾ ਸਹਾਇਕ ਕੋਚ ਐਨੋਚ ਐਂਕਵੇ ਨੇ ਅਗਲੇ ਹਫ਼ਤੇ ਦੀ ਸੁਣਵਾਈ 'ਚ ਪੇਸ਼ ਨਹੀਂ ਹੋਣ ਦਾ ਫ਼ੈਸਲਾ ਕੀਤਾ ਜਿਸ ਤੋਂ ਬਾਅਦ ਸਾਰੇ ਦੋਸ਼ ਬੇਬੁਨਿਆਦ ਲਗ ਰਹੇ ਹਨ।
ਬਾਊਚਰ ਨੇ ਇਕ ਬਿਆਨ 'ਚ ਕਿਹਾ ਕਿ ਮੇਰੇ ਖ਼ਿਲਾਫ਼ ਲਾਏ ਗਏ ਨਸਲਵਾਦ ਦੇ ਦੋਸ਼ ਗ਼ਲਤ ਹਨ ਤੇ ਇਸ ਨਾਲ ਕਾਫ਼ੀ ਦੁਖੀ ਹੋਇਆ ਹਾਂ। ਪਿਛਲੇ ਕੁਝ ਮਹੀਨੇ ਮੇਰੇ ਤੇ ਮੇਰੇ ਪਰਿਵਾਰ ਲਈ ਕਾਫ਼ੀ ਮੁਸ਼ਕਲ ਰਹੇ। ਮੈਨੂੰ ਖ਼ੁਸ਼ੀ ਹੈ ਕਿ ਇਹ ਸਭ ਖ਼ਤਮ ਹੋ ਰਿਹਾ ਹੈ ਤੇ ਸੀ. ਐੱਸ.ਏ. ਨੇ ਸਵੀਕਾਰ ਕਰ ਲਿਆ ਹੈ ਕਿ ਮੇਰੇ ਖ਼ਿਲਾਫ਼ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਮਲਾ ਹੁਣ ਖ਼ਤਮ ਹੋ ਗਿਆ ਹੈ। ਮੈਂ ਆਪਣੇ ਕੰਮ 'ਤੇ ਫ਼ੋਕਸ ਕਰ ਰਿਹਾ ਹਾਂ ਜੋ ਕਿ ਦੱਖਣੀ ਅਫ਼ਰੀਕਾ ਨੂੰ ਨਵੀਆਂ ਉੱਚਾਈਆਂ ਤਕ ਲੈ ਜਾਣ ਨਾਲ ਸਬੰਧਤ ਹੈ।
MI vs KKR : ਆਖ਼ਰ ਹੈਟ੍ਰਿਕ ਤੋਂ ਕਿਵੇਂ ਖੁੰਝ ਗਏ ਜਸਪ੍ਰੀਤ ਬੁਮਰਾਹ, ਖ਼ੁਦ ਦੱਸੀ ਵਜ੍ਹਾ
NEXT STORY