ਨਵੀਂ ਦਿੱਲੀ— ਸਿੰਗਲਜ਼ ਤੇ ਡਬਲਜ਼ ਮੁਕਾਬਲੇ ਖੇਡਣ ਵਿਚ ਸਮਰੱਥ ਸਾਕੇਤ ਮਿਨੇਨੀ ਦੀ ਪਾਕਿਸਤਾਨ ਵਿਰੁੱਧ ਗਰੁੱਪ-1 ਮੁਕਾਬਲੇ ਲਈ ਸੋਮਵਾਰ ਨੂੰ ਭਾਰਤ ਦੀ ਡੇਵਿਸ ਕੱਪ ਟੀਮ ਵਿਚ ਵਾਪਸੀ ਹੋਈ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਟੀਮ 'ਚ ਕੋਈ ਹੈਰਾਨੀ ਵਾਲੀ ਚੋਣ ਨਹੀਂ ਕੀਤੀ ਹੈ। ਚੋਟੀ ਦੇ ਸਿੰਗਲਜ਼ ਅਤੇ ਡਬਲਜ਼ ਖਿਡਾਰੀਆਂ ਦੀ ਚੋਣ ਲੱਗਭਗ ਤੈਅ ਸੀ।
ਪ੍ਰਜਨੇਸ਼ ਗੁਣੇਸ਼ਵਰਨ ਤੇ ਰਾਮਕੁਮਾਰ ਰਾਮਨਾਥਨ ਸਿੰਗਲਜ਼ ਵਿਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੇ, ਜਦਕਿ ਇਸਲਾਮਾਬਾਦ 'ਚ 14-15 ਸਤੰਬਰ ਨੂੰ ਗ੍ਰਾਸ ਕੋਰਟ 'ਤੇ ਹੋਣ ਵਾਲੇ ਮੁਕਾਬਲੇ 'ਚ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਡਬਲਜ਼ ਜੋੜੀ ਬਣਾਉਣਗੇ।
ਸੱਟ ਕਾਰਣ ਸੁਮਿਤ ਨਾਗਲ ਦੇ ਖੁਦ ਨੂੰ ਅਣਉਪੱਲਬਧ ਰੱਖਣ ਕਾਰਣ ਰੋਹਿਤ ਰਾਜਪਾਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਨੇ ਮਿਨੇਨੀ ਨੂੰ ਚੁਣਿਆ, ਜਿਹੜਾ ਰੈਂਕਿੰਗ ਵਿਚ ਅਗਲੇ ਸਰਵਸ੍ਰੇਸ਼ਠ ਭਾਰਤੀ ਖਿਡਾਰੀ ਹੈ। ਨੌਜਵਾਨ ਤੇ ਪ੍ਰਤਿਭਾਵਾਨ ਸ਼ਸ਼ੀ ਕੁਮਾਰ ਮੁਕੁੰਦ ਨੂੰ ਰਿਜ਼ਰਵ ਮੈਂਬਰ ਦੇ ਰੂਪ ਵਿਚ ਚੁਣਿਆ ਗਿਆ ਹੈ। ਰਾਜਪਾਲ ਤੇ ਬਲਰਾਮ ਸਿੰਘ ਨੇ ਮੀਟਿੰਗ ਵਿਚ ਹਿੱਸਾ ਲਿਆ, ਜਦਕਿ ਜੀਸ਼ਨ ਅਲੀ ਅਤੇ ਨੰਦਨ ਬਲ ਟੈਲੀਕਾਨਫਰੰਸ ਰਾਹੀਂ ਜੁੜੇ। ਮਿਨੇਨੀ ਭਾਰਤ ਦੇ ਪਿਛਲੇ ਮੁਕਾਬਲੇ ਵਿਚ ਨਹੀਂ ਖੇਡਿਆ ਸੀ, ਜਦੋਂ ਭਾਰਤ ਨੇ ਪਿਛਲੇ ਸਾਲ ਕੋਲਕਾਤਾ ਸਾਊਥ ਕਲੱਬ ਦੇ ਗ੍ਰਾਸ ਕੋਰਟ 'ਤੇ ਇਟਲੀ ਦੀ ਮੇਜ਼ਬਾਨੀ ਕੀਤੀ ਸੀ ਤੇ ਟੀਮ ਨੂੰ 1-3 ਨਾਲ ਹਾਰ ਝੱਲਣੀ ਪਈ। ਭਾਰਤ ਨੂੰ ਹੁਣ ਤਕ ਪਾਕਿਸਤਾਨ ਵਿਰੁੱਧ 6 ਡੇਵਿਸ ਕੱਪ ਮੁਕਾਬਲਿਆਂ ਵਿਚ ਇਕ ਵਾਰ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਰਿਕਾਰਡ ਬਰਕਰਾਰ ਰਹੇਗਾ ਕਿਉਂਕਿ ਪਾਕਿਸਤਾਨ ਦੇ ਇਕ ਵੀ ਖਿਡਾਰੀ ਨੂੰ ਏ. ਟੀ. ਪੀ. ਰੈਂਕਿੰਗ ਵਿਚ ਜਗ੍ਹਾ ਨਹੀਂ ਮਿਲੀ ਹੈ।
ਭਾਰਤ ਦਾ ਪ੍ਰਜਨੇਸ਼ ਸਿੰਗਲਜ਼ ਰੈਂਕਿੰਗ ਵਿਚ ਦੁਨੀਆ ਦਾ 90ਵੇਂ, ਜਦਕਿ ਰਾਮਕੁਮਾਰ 184ਵੇਂ ਨੰਬਰ ਦਾ ਖਿਡਾਰੀ ਹੈ। ਮਿਨੇਨੀ ਦੀ ਰੈਂਕਿੰਗ 271 ਹੈ। ਪਾਕਿਸਤਾਨ ਦੇ ਅਹਿਸਾਮ ਉਲ ਹੱਕ ਕੁਰੈਸ਼ੀ ਡਬਲਜ਼ ਵਿਚ ਦੁਨੀਆ ਦਾ 55ਵੇਂ ਨੰਬਰ ਦਾ ਖਿਡਾਰੀ ਹੈ। ਬੋਪੰਨਾ ਤੇ ਅਹਿਸਾਮ ਨੇ ਇਕ ਸਮੇਂ ਮਜ਼ਬੂਤ ਜੋੜੀ ਬਣਾਈ ਸੀ, ਜਿਸ ਨੂੰ ਮੀਡੀਆ ਨੇ 'ਇੰਡੋ-ਪਾਕਿ ਐਕਸਪ੍ਰੈੱਸ' ਦਾ ਨਾਂ ਦਿੱਤਾ ਸੀ। ਇਸ ਜੋੜੀ ਨੇ 2010 ਵਿਚ ਅਮਰੀਕੀ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾਈ ਪਰ ਬ੍ਰਾਇਨ ਭਰਾਵਾਂ ਮਾਈਕ ਤੇ ਬਾਬ ਵਿਰੁੱਧ ਹਾਰ ਗਏ। ਇਸ ਮੁਕਾਬਲੇ ਦਾ ਜੇਤੂ ਅਗਲੇ ਸਾਲ ਵਿਸ਼ਵ ਗਰੁੱਪ ਕੁਆਲੀਫਾਇਰ ਵਿਚ ਜਗ੍ਹਾ ਬਣਾਏਗਾ।
ਭਾਰਤੀ ਟੀਮ ਇਸ ਤਰ੍ਹਾਂ ਹੈ —
ਪ੍ਰਜਨੇਸ਼ ਗੁਣੇਸ਼ਵਰਨ, ਰਾਮਕੁਮਾਰ ਰਾਮਨਾਥਨ, ਸਾਕੇਤ ਮਿਨੇਨੀ, ਰੋਹਨ ਬੋਪੰਨਾ ਤੇ ਦਿਵਿਜ ਸ਼ਰਣ।
ਕਪਤਾਨ : ਮਹੇਸ਼ ਭੂਪਤੀ। ਕੋਚ : ਜੀਸ਼ਾਨ ਅਲੀ।
ਕ੍ਰਿਗੀਓਸ ਬਣਿਆ ਵਾਸ਼ਿੰਗਟਨ ਓਪਨ ਚੈਂਪੀਅਨ
NEXT STORY